*ਆਮ ਆਦਮੀ ਪਾਰਟੀ ਵੱਲੋਂ ਧੂਰੀ ‘ਚ ਚੋਣ ਪ੍ਰਚਾਰ ਜ਼ੋਰਾਂ ‘ਤੇ*

0
12

*ਆਮ ਆਦਮੀ ਪਾਰਟੀ ਵੱਲੋਂ ਧੂਰੀ ‘ਚ ਚੋਣ ਪ੍ਰਚਾਰ ਜ਼ੋਰਾਂ ‘ਤੇ*

ਓਐਸਡੀ ਸੁਖਵੀਰ ਸਿੰਘ ਵੱਲੋਂ ਸੰਦੀਪ ਬਾਂਸਲ ਦੇ ਹੱਕ ‘ਚ ਵੱਡੀ ਜਨ ਸਭਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਰਵਾਏ ਵਿਕਾਸ ਕਾਰਜਾਂ ਨੂੰ ਮਿਲ ਰਿਹਾ ਜਨ ਸਮਰਥਨ

ਧੂਰੀ, 20 ਮਈ: ਨਗਰ ਕੌਂਸਲ ਧੂਰੀ ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਮੁਹਿੰਮ ਨੂੰ ਪੂਰੇ ਜੋਸ਼ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਪਾਰਟੀ ਆਗੂ ਵੱਖ-ਵੱਖ ਵਾਰਡਾਂ ਵਿੱਚ ਜਨ ਸਭਾਵਾਂ ਅਤੇ ਘਰ-ਘਰ ਸੰਪਰਕ ਰਾਹੀਂ ਲੋਕਾਂ ਤੱਕ ਪਹੁੰਚ ਬਣਾਉਣ ਵਿੱਚ ਜੁਟੇ ਹੋਏ ਹਨ।

ਇਸੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਸੁਖਵੀਰ ਸਿੰਘ ਵੱਲੋਂ ਵਾਰਡ ਨੰਬਰ 14 ਤੋਂ ਉਮੀਦਵਾਰ ਸੰਦੀਪ ਬਾਂਸਲ ਦੇ ਹੱਕ ਵਿੱਚ ਇੱਕ ਵੱਡੀ ਜਨ ਸਭਾ ਨੂੰ ਸੰਬੋਧਨ ਕੀਤਾ ਗਿਆ। ਲੋਕਾਂ ਦੀ ਭਾਰੀ ਹਾਜ਼ਰੀ ਕਾਰਨ ਇਹ ਮੀਟਿੰਗ ਇੱਕ ਵੱਡੀ ਰੈਲੀ ਦਾ ਰੂਪ ਧਾਰ ਗਈ, ਜਿਸ ਨਾਲ ਪਾਰਟੀ ਦੇ ਹੱਕ ਵਿੱਚ ਬਣ ਰਹੇ ਮਾਹੌਲ ਦਾ ਅੰਦਾਜ਼ਾ ਲੱਗਿਆ।

ਸੁਖਵੀਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਧੂਰੀ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਨਵਾਂ ਹਸਪਤਾਲ ਅਤੇ ਲਾਇਬ੍ਰੇਰੀ ਬਣ ਚੁੱਕੀ ਹੈ ਅਤੇ ਸੁੰਦਰੀਕਰਨ ਦੇ ਕੰਮ ਤੇਜ਼ੀ ਨਾਲ ਜਾਰੀ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਵਿਕਾਸ ਕਾਰਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਹਨ।

ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਮਿਲ ਰਿਹਾ ਪਿਆਰ ਅਤੇ ਸਮਰਥਨ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰੀ ਹੈ। ਤਿੱਖੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਨੂੰ ਉਨ੍ਹਾਂ ਨੇ ਸਰਕਾਰ ਦੇ ਕੰਮਾਂ ‘ਤੇ ਲੋਕਾਂ ਦੇ ਭਰੋਸੇ ਦੀ ਨਿਸ਼ਾਨੀ ਦੱਸਿਆ।

ਇਸ ਮੌਕੇ ਹੈਪੀ ਗਰਗ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਸੁਖਵੀਰ ਸਿੰਘ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਲੋਕ ਵਿਕਾਸ ਦੀ ਰਾਜਨੀਤੀ ਨਾਲ ਜੁੜਨਾ ਚਾਹੁੰਦੇ ਹਨ।

ਅੰਤ ਵਿੱਚ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਮਤਾਂ ਨਾਲ ਜਿਤਾ ਕੇ ਵਿਕਾਸ ਦੀ ਲੜੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਪਾਰਟੀ ਦੇ ਕਈ ਆਗੂ, ਵਰਕਰ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ।

LEAVE A REPLY

Please enter your comment!
Please enter your name here