ਇਤਿਹਾਸਕ ਫਿਲਮ “ਸਰਾਭਾ” ਨੂੰ ਸਭ ਦੇਸ਼ਾਂ ਵਿੱਚ ਮਿਲ ਰਿਹਾ ਭਰਵਾਂ ਹੁੰਗਾਰਾ
“ਫਰਿਜ਼ਨੋ ਦੇ ਸਿਨੇਮਾ ਵਿੱਚ ਅਦਾਕਾਰ ਮਲਕੀਅਤ ਮੀਤ ਨਾਲ ਰਲ ਕੇ ਦੇਖੀਂ ਫਿਲਮ”
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਭਾਰਤ ਦੀ ਫਿਲਮ ਇੰਡਸਟਰੀ ਵਿੱਚ ਬਹੁਤ ਸਾਰੀਆਂ ਇਤਿਹਾਸਕ ਫਿਲਮਾਂ ਦਾ ਨਿਰਮਾਣ ਹੋ ਰਿਹਾ ਹੈ। ਪਰ ਪੂਰੀ ਇਮਾਨਦਾਰੀ ਦੇ ਨਾਲ ਇਤਿਹਾਸ ਨੂੰ ਦਿਖਾਉਣ ਤੋਂ ਨਿਰਮਾਤਾ ਭਾਰਤੀ ਫਿਲਮ ਸ਼ੈਸ਼ਰ ਬੋਰਡ ਦੀਆਂ ਇੱਕ ਪਾਸੜ ਨੀਤੀਆਂ ਕਰਕੇ ਹਮੇਸ਼ਾ ਝਿਜਕਦੇ ਰਹਿੰਦੇ ਹਨ। ਇਸੇ ਕਰਕੇ ਨਿਰੋਲ ਸੱਚੇ ਇਤਿਹਾਸ ਨੂੰ ਬਣਾਉਣ ਵਾਲੇ ਨਿਰਮਾਤਾ ਬਹੁਤ ਥੋੜੇ ਹਨ।
ਪਰ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤੀ ਸ਼ਹੀਦ ਸ. ਕਰਤਾਰ ਸਿੰਘ ਦੀ ਜ਼ਿੰਦਗੀ ਦੇ ਅਧਾਰਿਤ ਫ਼ਿਲਮ “ਸਰਾਭਾ” ਬੀਤੇ ਦਿਨੀ ਦੁਨੀਆਂ ਭਰ ਦੇ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਈ। ਪਰ ਅਫਸ਼ੋਸ਼ ਭਾਰਤੀ ਸ਼ੈਸ਼ਰ ਬੋਰਡ ਵੱਲੋਂ ਇਸ ਫ਼ਿਲਮ ਵਿੱਚ ਕੁਝ ਦ੍ਰਿਸ਼ਾ ‘ਤੇ ਇਤਰਾਜ਼ ਕਰਦੇ ਹੋਏ ਰੋਕ ਲਾ ਦਿੱਤੀ ਗਈ। ਜਦ ਕਿ ਸਾਡੇ ਮੀਡੀਏ ਦੀ ਟੀਮ ਵੱਲੋਂ ਇਹ ਫਿਲਮ ਫਰਿਜ਼ਨੋ ਦੇ “ਸੀਆਰਾ ਵੈਸਟਾ ਸਿਨਮਾ” ਵਿੱਚ ਅਦਾਕਾਰ ਅਤੇ ਇਸ ਫਿਲਮ ਦੇ ਅਸਿਸਟੈਂਟ ਡਾਇਰੈਕਟਰ ਮਲਕੀਅਤ ਮੀਤ ਨਾਲ ਸਰੋਤਿਆਂ ਦੇ ਭਰੇ ਹਾਲ ਵਿੱਚ ਦੇਖੀ ਗਈ। ਇਸ ਫਿਲਮ ਵਿੱਚ ਹਰ ਪਾਤਰ ਨੇ ਬਹੁਤ ਵਧੀਆਂ ਭੂਮਿਕਾਂ ਨਿਭਾਈ ਹੈ। ਇਸ ਫਿਲਮ ਦਾ ਫਿਲਮਾਂਕਣ ਵੀ ਉਸੇ ਪੁਰਾਤਨ ਸਮੇਂ ਅਤੇ ਗਦਰ ਲਹਿਰ ਦੇ ਸਾਰੇ ਸਰੋਤਾਂ ਨੂੰ ਲੈ ਕੇ ਇਸ ਤਰ੍ਹਾਂ ਕੀਤਾ ਗਿਆ ਹੈ, ਜਿਵੇਂ ਤੁਸੀਂ ਖੁਦ ਵੀ ਇਸੇ ਲਹਿਰ ਵਿੱਚ ਸ਼ਾਮਲ ਹੋ। ਦੇਸ਼ ਪ੍ਰੇਮ ਅਤੇ ਕੁਰਬਾਨੀ ਦਾ ਜ਼ਜ਼ਬਾ ਪੈਦਾ ਕਰਨ ਵਾਲੀ ਇਸ ਫਿਲਮ ਦੇ ਮੁੱਖ ਡਾਇਰੈਕਟਰ ਕਵੀ ਰਾਜ ਹਨ। ਜੋ ਇਸ ਤੋਂ ਪਹਿਲਾਂ ਵੀ ਇਤਿਹਾਸਕ ਫ਼ਿਲਮਾਂ ਦਾ ਨਿਰਮਾਣ ਸਫਲਤਾ ਨਾਲ ਕਰ ਚੁੱਕੇ ਹਨ। ਇਸ ਫਿਲਮ ਦਾ ਨਿਰਮਾਣ ਕਨੇਡਾ, ਅਮਰੀਕਾ ਅਤੇ ਭਾਰਤ ਵਿੱਚ ਕੀਤਾ ਗਿਆ ਹੈ।
ਅੱਜ ਸਮੇਂ ਦੀ ਲੋੜ ਹੈ ਕਿ ਇਹੋ ਜਿਹੀਆਂ ਇਤਿਹਾਸਕ ਫ਼ਿਲਮਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਜਿਸ ਨਾਲ ਅਸੀੰ ਆਪਣੀ ਨਵੀ ਪੀੜੀ ਨੂੰ ਇਤਿਹਾਸ ਨਾਲ ਜੋੜਦੇ ਹੋਏ ਸਾਡੀਆਂ ਕੁਰਬਾਨੀਆਂ, ਪਿਛੋਕੜ ਅਤੇ ਸੱਭਿਆਚਾਰ ਬਾਰੇ ਦੱਸ ਸਕੀਏ।
ਦੁਨੀਆਂ ਭਰ ਵਿੱਚ ਗਦਰੀ ਬਾਬਿਆਂ ਨੂੰ ਯਾਦ ਕਰਦੇ ਹੋਏ ਸਲਾਨਾ ਮੇਲੇ ਲਾਉਣਾ ਅਤੇ ਸਰਧਾਜ਼ਲੀਆਂ ਭੇਟ ਕਰਨਾ ਚੰਗਾ ਕੰਮ ਹੈ। ਪਰ ਅੱਜ ਦੀ ਨਵੀਂ ਪੀੜੀ ਦੇ ਮੀਡੀਏ ਅਤੇ ਮਾਨਸਿਕ ਰੁਝਾਨ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਆਪਣੇ ਪਿਛੋਕੜ ਨਾਲ ਜੋੜਨ ਅਤੇ ਇਤਿਹਾਸ ਪ੍ਰਤੀ ਜਾਗਰੂਕ ਕਰਨ ਵਿੱਚ ਇਹੋ ਜਿਹੀਆਂ ਫਿਲਮਾਂ ਬਹੁਤ ਵੱਡਾ ਯੋਗਦਾਨ ਪਾ ਸਕਦੀਆਂ ਹਨ। ਸੋ ਸਮੁੱਚੇ ਭਾਈਚਾਰੇ ਅਤੇ ਗਦਰ ਲਹਿਰ ਨਾਲ ਸੰਬੰਧਤ ਸੰਸਥਾਵਾਂ ਨੂੰ ਇਸ ਫਿਲਮ ਦਾ ਡਟ ਕੇ ਸਮਰਥਨ ਕਰਦੇ ਹੋਏ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਇਹੋ ਜਿਹੀਆਂ ਹੋਰ ਫਿਲਮਾਂ ਦਾ ਨਿਰਮਾਣ ਵੀ ਹੋ ਸਕੇ। ਸਾਡੇ ਵੱਲੋਂ ਸੁਭ ਇੱਛਾਵਾਂ ਅਤੇ “ਸਰਾਭਾ” ਫਿਲਮ ਦੀ ਸਫਲ ਪੇਸ਼ਕਾਰੀ ਲਈ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।
ਫੋਟੋ: “ਸਰਾਭਾ” ਫਿਲਮ ਦੇ ਅਦਾਕਾਰ ਮਲਕੀਅਤ ਮੀਤ ਨਾਲ ਗੱਲਬਾਤ ਦੌਰਾਨ।