“ਨਾਂਮਵਰ ਗਾਇਕ ਲਾਉਣਗੇ ਖੁੱਲਾ ਅਖਾੜਾ”
ਫਰਿਜਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਗਾਇਕੀ ਦੇ ਬਾਬਾ ਬੋਹੜ ਤੂੰਬੀ ਦੇ ਬਾਦਸ਼ਾਹ ਮਰਹੂਮ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦ ਨੂੰ ਸਮਰਪਿਤ 24 ਵੇ ਸਲਾਨਾਂ ਮੇਲੇ ਦੀਆਂ ਤਿਆਰੀਆਂ ਸੰਬੰਧੀ ‘ਉਸਤਾਦ ਲਾਲ ਚੰਦ ਯਮਲਾ ਜੱਟ ਮੈਮੋਰੀਅਲ ਫਾਉਡੇਸ਼ਨ’ ਦੇ ਸਮੂੰਹ ਮੈਂਬਰਾਂ ਵੱਲੋਂ ਫਰਿਜ਼ਨੋ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਇਹ ਦੱਸਿਆ ਗਿਆ ਕਿ ਇਹ ਸਾਲ ਮੇਲਾ 12 ਅਕਤੂਬਰ 2024, ਦਿਨ ਸ਼ਨੀਵਾਰ ਨੂੰ ਹੋਣ ਵਾਲੇ ਮੇਲੇ ਦੀਆਂ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਮੇਲੇ ਵਿੱਚ ਹਰ ਸਾਲ ਦੀ ਤਰਾਂ ਸਥਾਨਿਕ ਕਲਾਕਾਰਾਂ ਤੋਂ ਇਲਾਵਾ ਕਨੇਡਾ ਅਤੇ ਭਾਰਤ ਤੋਂ ਹੋਰ ਬਹੁਤ ਸਾਰੇ ਸਾਰੇ ਕਲਾਕਾਰ ਵੀ ਹਾਜ਼ਰੀ ਭਰਨਗੇ। ਇਸ ਸਮੇਂ ਮੇਲੇ ਦੇ ਮੁੱਖ ਪ੍ਰਬੰਧਕ ਰਾਜਿੰਦਰ ਸਿੰਘ ਬਰਾੜ (ਰਾਜ ਬਰਾੜ ਯਮਲਾ) ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਸਾਲ ਖਾਸ ਤੌਰ ‘ਤੇ ਯਮਲਾ ਜੀ ਨੂੰ ਆਪਣਾ ਅਦਰਸ਼ ਮੰਨਣ ਵਾਲੇ ਛੋਟੀ ਉਮਰ ਤੋਂ ਯਮਲੇ ਦੀ ਗਾਇਕੀ ਨਾਲ ਜੁੜੇ ਬੁਲੰਦ ਆਵਾਜ਼ ਅਤੇ ਤੂੰਬੀ ਦੀਆਂ ਸੁਰਾਂ ਨਾਲ ਯਮਲੇ ਦੇ ਗੀਤ ਗਾਉਣ ਵਾਲੇ ਗਾਇਕ ਪਵਨਜੋਤ ਯਮਲਾ ਵੀ ਇਸ ਸਾਲ ਵਿਸ਼ੇਸ਼ ਤੌਰ ‘ਤੇ ਕਨੇਡਾ ਤੋਂ ਪਹੁੰਚ ਰਹੇ ਹਨ।
ਇਸੇ ਤਰ੍ਹਾਂ ਸਥਾਨਿਕ ਕਲਾਕਾਰ ਵਿੱਚ ਰਾਜ ਬਰਾੜ ਯਮਲਾ, ਅਵਤਾਰ ਸਿੰਘ ਗਰੇਵਾਲ, ਰਾਣੀ ਗਿੱਲ, ਕਾਂਤਾ ਸਹੋਤਾ, ਉਂਕਾਰ ਗਿੱਲ, ਬਾਈ ਸੁਰਜੀਤ ਮਾਛੀਵਾੜਾ, ਧਰਮਵੀਰ ਥਾਂਦੀ, ਗੌਗੀ ਸੰਧੂ, ਅਕਾਸ਼ਦੀਪ ਅਕਾਸ, ਕਮਲਜੀਤ ਬੈਨੀਪਾਲ, ਗੁਰਦੀਪ ਧਾਲੀਵਾਲ, ਬਾਈ ਕੁੰਦਨ ਸਿੰਘ ਧਾਮੀ, ਬੀਬਾ ਮੀਮੀ ਗਿਰਨ ਤੋਂ ਇਲਾਵਾ ਇਲਾਕੇ ਦੀ ਮਸ਼ਹੂਰ ਦੋਗਾਣਾ ਜੋੜੀ ਵਿੱਚ ਪੱਪੀ ਭਦੌੜ ਅਤੇ ਦਿਲਪ੍ਰੀਤ ਕੌਰ ਦਿਲ, ਬੇ-ਏਰੀਏ ਤੋਂ ਦੋਗਾਣਾ ਜੋੜੀ ਗਾਇਕ ਸੁਲਤਾਨ ਅਖਤਰ ਅਤੇ ਬੀਬੀ ਜੀਤੀ ਗਾਇਕੀ ਦੇ ਰੰਗ ਬਿਖੇਰਨਗੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਲਾਕਾਰ ਹਰ ਸਾਲ ਦੀ ਤਰਾਂ ਯਮਲਾ ਜੀ ਨੂੰ ਗਾਇਕੀ ਦੇ ਰੂਪ ਵਿੱਚ ਸਰਧਾਜ਼ਲੀਆਂ ਦੇਣਗੇ।
ਇਸ ਸਲਾਨਾ ਯਾਦਗਾਰੀ ਮੇਲਾ ਫਰਿਜ਼ਨੋ ਨਜ਼ਦੀਕੀ, ਫਾਊਲਰ ਸ਼ਹਿਰ ਦੇ ਪੈਨਜੈੱਕ ਪਾਰਕ ਵਿੱਚ ਬਣੀ ਸਟੇਜ਼ ਤੋਂ ਖੱਲੇ ਦਰੱਖਤਾਂ ਦੀ ਛਾਂਵੇ ਅਖਾੜੇ ਦੇ ਰੂਪ ਵਿੱਚ ਲੱਗੇਗਾ। ਇਸ ਮੇਲੇ ਨੂੰ ਦੇਖਣ ਆਏ ਮੇਲੀਆਂ ਲਈ ਕੋਈ ਦਾਖਲਾ ਟਿਕਟ ਨਹੀਂ ਰੱਖੀ ਗਈ। ਇਸ ਤੋਂ ਇਲਾਵਾ ਚਾਹ-ਪਾਣੀ, ਲੰਗਰਾਂ ਅਤੇ ਕਾਰ ਪਾਰਕਿੰਗ ਵੀ ਮੁਫਤ ਹੋਵੇਗੀ। ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਪ੍ਰਬੰਧਕਾਂ ਵੱਲੋਂ ਸਮੁੱਚੇ ਭਾਈਚਾਰੇ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ।