ਐੱਸ. ਐੱਸ. ਪੀ. ਦੀ ਅਗਵਾਈ ’ਚ ਪੁਲਸ ਵੱਲੋਂ ਬਾਬਾ ਬਕਾਲਾ ਸਾਹਿਬ ’ਚ ਨਸ਼ਾ ਸੰਭਾਵੀ ਘਰਾਂ ਦੀ ਚੈਕਿੰਗ
ਬਿਆਸ (ਬਲਰਾਜ ਸਿੰਘ ਰਾਜਾ)
, ਸੂਬੇ ’ਚ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਅਤੇ ਡੀ. ਜੀ. ਪੀ. ਪੁਲਸ ਵੱਲੋਂ ਜਾਰੀ ਕੀਤੇ ਸਖਤ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਪੁਲਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਵੱਲੋਂ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲੇ ਵਿਚਲੇ ਕਈ ਪਿੰਡਾਂ ’ਚ ਸਰਚ ਅਭਿਆਨ ਚਲਾਇਆ ਗਿਆ। ਐੱਸ. ਐੱਸ. ਪੀ. ਦਿਹਾਤੀ ਸਤਿੰਦਰ ਸਿੰਘ ਵੱਲੋਂ ਖੁਦ ਇਸ ਆਪ੍ਰੇਸ਼ਨ ਦੀ ਅਗਵਾਈ ਕੀਤੀ ਗਈ। ਅੱਜ ਕਸਬਾ ਬਾਬਾ ਬਕਾਲਾ ਸਾਹਿਬ ’ਚ ਵੀ ਕਈ ਘਰਾਂ ਦੀ ਤਲਾਸ਼ੀ ਕੀਤੀ ਗਈ, ਭਾਵੇਂਕਿ ਸਰਚ ਅਭਿਆਨ ਦੌਰਾਨ ਕੋਈ ਵੀ ਅਜਿਹੀ ਨਸ਼ੀਲੀ ਵਸਤੂ ਬਰਾਮਦ ਨਹੀ ਹੋਈ ਪਰ ਸੰਭਾਵੀ ਤੌਰ ’ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਜਾਂ ਭਾਰੀ ਤਦਾਦ ’ਚ ਇਸਤੇਮਾਲ ਕਰਨ ਵਾਲਿਆਂ ਦੀ ਤਲਾਸ਼ੀ ਲਈ ਗਈ।
ਇਸ ਮੌਕੇ ਐੱਸ. ਐੱਸ. ਪੀ. ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਅਜਿਹੇ ਧੰਦਾ ਕਰਨ ਵਾਲੇ ਵਿਅਕਤੀ ਨੂੰ ਕਿਸੇ ਵੀ ਮੁੱਲ ’ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਇਹ ਸਰਚ ਅਭਿਆਨ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲੇ ’ਚ ਵੱਖ-ਵੱਖ ਤੌਰ ’ਤੇ ਟੀਮਾਂ ਗਠਿਤ ਕਰ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।