ਕਲੱਬ ਨੇ “ਰੁੱਖ ਲਗਾਓ, ਭਵਿੱਖ ਬਚਾਓ” ਦਾ ਦਿੱਤਾ ਸੰਦੇਸ਼
ਪਟਿਆਲਾ () ਵਾਤਾਵਰਣ ਦੀ ਸੰਭਾਲ, ਹਰਿਆਵਲੀ ਦੇ ਵਿਸਥਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਣ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸੇਵਿਅਰ ਕਲੱਬ (ਰਜਿ.) ਪਟਿਆਲਾ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਭਾਖੜਾ ਨਹਿਰ (ਨਾਭਾ ਰੋਡ) ਦੇ ਕਿਨਾਰਿਆਂ ਉੱਤੇ 25 ਪਿੱਪਲ ਦੇ ਪੌਦੇ ਲਗਾ ਕੇ ਵਿਸ਼ੇਸ਼ ਰੁੱਖਾਰੋਪਣ ਅਭਿਆਨ ਚਲਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਪਲਾਨਿੰਗ ਕਮੇਟੀ ਪਟਿਆਲਾ ਦੇ ਚੇਅਰਮੈਨ ਤਜਿੰਦਰ ਮਹਿਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਸੁੱਚੇ ਅਤੇ ਸੰਤੁਲਿਤ ਵਾਤਾਵਰਣ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਅਧੂਰੀ ਹੈ। ਉਨ੍ਹਾਂ ਸਮਾਜ ਦੇ ਹਰ ਵਰਗ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਵਾਤਾਵਰਣ ਸੁਰੱਖਿਆ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਅੱਗੇ ਆ ਕੇ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸਮਾਗਮ ਦੌਰਾਨ ਕਲੱਬ ਵੱਲੋਂ ਰੱਖੀ ਗਈ ਮੰਗ ਨੂੰ ਸਵੀਕਾਰਦੇ ਹੋਏ ਮੁੱਖ ਮਹਿਮਾਨ ਨੇ ਪੌਦਿਆਂ ਦੀ ਸੁਰੱਖਿਆ ਲਈ ਟਰੀ ਗਾਰਡਾਂ ਅਤੇ ਸੈਰ-ਸਪਾਟਾ ਕਰਨ ਵਾਲੇ ਲੋਕਾਂ ਦੀ ਸਹੂਲਤ ਲਈ ਬੈਂਚਾਂ ਦੇ ਪ੍ਰਬੰਧ ਦੀ ਸਹਿਮਤੀ ਵੀ ਦਿੱਤੀ। ਇਹਨਾਂ ਲਗਾਏ ਗਏ ਪੌਦਿਆਂ ਦੀ ਦੇਖਭਾਲ ਅਤੇ ਪਾਲਣਾ ਦੀ ਜ਼ਿੰਮੇਵਾਰੀ ਸੇਵਿਅਰ ਕਲੱਬ ਅਤੇ ਸਥਾਨਕ ਨਿਵਾਸੀਆਂ ਨੇ ਸਾਂਝੇ ਤੌਰ ’ਤੇ ਸੰਭਾਲਣ ਦਾ ਅਹਿਦ ਕੀਤਾ। ਇਸ ਮੁਹਿੰਮ ਵਿੱਚ ਸੁੱਭਕਰਮਨ ਫਾਊਂਡੇਸ਼ਨ ਦੀ ਟੀਮ ਨੇ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਸਰਗਰਮ ਭੂਮਿਕਾ ਨਿਭਾਈ।
ਇਸ ਰੁੱਖਾਰੋਪਣ ਅਭਿਆਨ ਨੂੰ ਸਫਲ ਬਣਾਉਣ ਵਿੱਚ ਪਵਨ ਗਰਗ, ਚਮਨ ਸ਼ਰਮਾ, ਰਾਜ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ, ਪਰਮਵੀਰ ਸਿੰਘ, ਨਿਲੇਸ਼ ਦੱਤ, ਵਣ ਵਿਭਾਗ ਤੋਂ ਅਮਨ, ਚੰਦਰ ਜਿੰਦੀਆ, ਮੇਵਾ ਸਿੰਘ, ਜਸਵੰਤ ਸਿੰਘ ਅਤੇ ਰਾਜਕੁਮਾਰ ਮੋਦੀ ਸਮੇਤ ਹੋਰ ਸੇਵਾਦਾਰਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ। ਅੰਤ ਵਿੱਚ ਕਲੱਬ ਦੇ ਪ੍ਰਮੁੱਖ ਅਹੁਦੇਦਾਰ ਪਵਨ ਗਰਗ ਅਤੇ ਚਮਨ ਸ਼ਰਮਾ ਨੇ ਸਥਾਨਕ ਨਿਵਾਸੀਆਂ ਦਾ ਇਸ ਹਰਿਆਵਲੀ ਮੁਹਿੰਮ ਵਿੱਚ ਵੱਧ-ਚੜ੍ਹ ਕੇ ਭਾਗੀਦਾਰੀ ਕਰਨ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਵਾਤਾਵਰਣ ਸੁਰੱਖਿਆ ਲਈ ਇਸੇ ਤਰ੍ਹਾਂ ਸਹਿਯੋਗ ਦੀ ਅਪੀਲ ਕੀਤੀ।







