ਕਸਬਾ ਟਾਂਗਰਾ ਵਿਚ ਚੋਰਾਂ ਦੀ ਦਹਿਸ਼ਤ ਪੁਲੀਸ ਚੌਂਕੀ ਤੋਂ 20 ਮੀਟਰ ਦੀ ਦੂਰੀ ਤੇ ਬੀਤੀ ਰਾਤ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਇੱਕ ਲੱਖ ਰੁਪੈ ਤੋਂ ਉਪਰ ਚੋਰੀ ਕੀਤੇ।
ਅੰਮ੍ਰਿਤਸਰ (ਟਾਂਗਰਾ) – ਬਲਰਾਜ ਸਿੰਘ ਰਾਜਾ
ਕਸਬਾ ਟਾਂਗਰਾ ਵਿਚ ਬੀਤੀ ਰਾਤ ਪੁਲੀਸ ਚੌਂਕੀ ਦੇ ਬਿਲਕੁਲ ਨਜਦੀਕ ਚੋਰਾਂ ਵੱਲੋਂ ਬਹੁਤ ਦਲੇਰੀ ਨਾਲ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਇਕ ਲੱਖ ਰੁਪੈ ਤੋਂ ਉਪਰ ਚੋਰੀ ਕਰ ਲਏ।ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਿਕ ਬੀਤੀ ਰਾਤ ਦੋ ਵਜੇ ਦੇ ਲਗਭਗ ਚੋਰਾਂ ਵੱਲੋਂ ਟਾਂਗਰਾ ਰੇਲਵੇ ਰੋਡ ਤੇ ਜਿੰਮੀਦਾਰਾ ਖੇਤੀ ਸੇਵਾ ਸੈਂਟਰ ਅਤੇ ਸਰਪੰਚ ਕਰਿਆਨਾ ਸਟੋਰ ਦੇ ਸ਼ਟਰਾਂ ਨੂੰ ਜਿੰਦਰੇ ਲਗੇ ਹੋਣ ਦੇ ਬਾਵਯੂਦ ਕਿਸੇ ਜੈਕ ਵਰਗੇ ਜੰਤਰ ਨਾਲ ਥੱਲਿਉਂ ਚੁਕ ਕੇ ਤੋੜ ਦਿਤਾ ਗਿਆ।ਖੇਤੀ ਸਟੋਰ ਵਿਚੋਂ 50 ਹਜ਼ਾਰ ਅਤੇ ਕਰਿਆਨਾ ਸਟੋਰ ਵਿਚੋਂ 60 ਹਜ਼ਾਰ ਰੁਪੈ ਦੇ ਲਗਭਗ ਚੋਰੀ ਕਰ ਲਏ ਗਏ ਅਤੇ ਸੀ ਸੀ ਟੀ ਵੀ ਕੈਮਰਿਆਂ ਨੂੰ ਤੋੜ ਕੇ ਡੀ ਡੀ ਆਰ ਵੀ ਲੈ ਗਏ ਹਨ।ਯਾਦ ਰਹੇ ਕਿ ਕੁਝ ਸਮਾਂ ਪਹਿਲਾਂ ਹਰਮਨ ਇਲੈਕਟਰੋਨਿਕਸ ਦੀ ਦੁਕਾਨ ਵਿਚੋਂ ਚੋਰ ਇਕ ਕੈਂਟਰ ਵਿਚ ਸਾਰਾ ਸਮਾਨ ਲੱਦ ਕੇ ਲੈ ਗਏ ਸਨ ਜਿਸ ਦਾ ਅੱਜ ਤੱਕ ਕੋਈ ਪਤਾ ਨਹੀਂ ਲਗ ਸਕਿਆ।ਚੋਰਾਂ ਦੀਆਂ ਵਾਰਦਾਤਾਂ ਤੋਂ ਦੁਕਾਨਦਾਰ ਦਹਿਸ਼ਤ ਦੇ ਮਹੌਲ ਵਿਚ ਹਨ।ਪੁਲੀਸ ਚੌਂਕੀ ਟਾਂਗਰਾ ਵਿਚ ਲਿਖਤੀ ਤੌਰ ਤੇ ਸ਼ਿਕਾਇਤ ਦਰਜ ਕਰਵਾ ਦਿਤੀ ਗਈ ਹੈ।ਕਸਬਾ ਟਾਂਗਰਾ ਵਿਚ ਚਾਰ ਬੈਂਕਾਂ,ਬਿਜਲੀ ਬੋਰਡ ਦਾ ਦਫਤਰ,ਦਾਣਾਂ ਮੰਡੀ ਹੈ ਪਰ ਪੁਲੀਸ ਚੌਕੀ ਟਾਂਗਰਾ ਵਿਚ ਮੁਲਾਜ਼ਮਾਂ ਦੀ ਗਿਣਤੀ ਬਹੁਤ ਘਟ ਹੈ।
ਫੋਟੋ ਕੈਪਸ਼ਨ-ਟਾਂਗਰਾ ਵਿਖੇ ਚੋਰਾਂ ਵੱਲੋਂ ਦੁਕਾਨਾਂ ਦੇ ਤੋੜੇ ਹੋਏ ਸ਼ਟਰ ਵਿਖਾਈ ਦੇ ਰਹੇ ਹਨ।