ਕਾਂਸਟੀਚੂਐਂਟ ਤੇ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਦੀ ਨਿਖੇਧੀ

0
34
ਕਾਂਸਟੀਚੂਐਂਟ ਤੇ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਦੀ ਨਿਖੇਧੀ
ਦਲਜੀਤ ਕੌਰ
ਸੰਗਰੂਰ, 8 ਜੁਲਾਈ, 2024: ਅੱਜ ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ) ਸਰਕਾਰੀ ਰਣਵੀਰ ਕਾਲਜ ਸੰਗਰੂਰ ਕਮੇਟੀ ਦੀ ਮੀਟਿੰਗ ਹੋਈ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੀ ਐਸ ਯੂ (ਸ਼ਹੀਦ ਰੰਧਾਵਾ) ਦੇ ਸੂਬਾਈ ਆਗੂ ਹੁਸ਼ਿਆਰ ਸਿੰਘ ਸਲੇਮਗੜ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਚ ਕਾਂਸਟੀਚੂਐਂਟ ਕਾਲਜਾਂ ਚ ਪੜ੍ਹਦੇ ਐਸ ਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਦੇ ਫੈਸਲੇ ਦੀ ਸਖਤ ਨਿਖੇਧੀ ਕੀਤੀ ਗਈ ਤੇ ਪੀਟੀਏ ਫੰਡ ਵਸੂਲਣ ਦੇ ਕੀਤੇ ਆਦੇਸ਼ ਵਾਪਸ ਲੈਣ ਦੀ ਮੰਗ ਕੀਤੀ ਗਈ। ਸਰਕਾਰੀ ਕਾਲਜਾਂ ਚ ਪੜ੍ਹਦੇ ਐਸ ਸੀ ਵਿਦਿਆਰਥੀਆਂ ਤੋਂ ਵਸੂਲੇ ਜਾ ਰਹੇ ਪੀਟੀਏ ਫੰਡ ਨੂੰ ਵੀ ਪੋਸਟ ਮੈਟਰ ਸਕਾਲਰਸ਼ਿਪ ਸਕੀਮ ਦੀ ਉਲੰਘਣਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਗਰੀਬ ਤੇ ਪਛੜੇ ਤਬਕਿਆਂ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਸਕੀਮ ਰਾਹੀਂ ਮੁਫਤ ਅਤੇ ਸਸਤੀ ਵਿੱਦਿਆ ਦੇਣ ਦੀਆਂ ਗੱਲਾਂ ਕਰਦੀ ਹੈ। ਦੂਜੇ ਪਾਸੇ ਸਰਕਾਰ ਦੇ ਨੱਕ ਥੱਲੇ ਸ਼ਰੇਆਮ ਸਰਕਾਰੀ ਤੇ ਕੰਸਟੀਚੂਐਂਟ ਕਾਲਜਾਂ ਦੇ ਵਿਦਿਆਰਥੀਆਂ ਤੋਂ ਪੀਟੀਏ ਤੇ ਸਿਕਿਉਰਟੀ ਫੀਸਾਂ ਦੇ ਨਾਂ ਤੇ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਾਲਜਾਂ ਵੱਲੋਂ ਗਰੀਬ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਲੁੱਟ ਬੰਦ ਕੀਤੀ ਜਾਵੇ।
ਉਹਨਾਂ ਕਿਹਾ ਕਿ 18 ਜੁਲਾਈ 1979 ਨੂੰ ਬਾਦਲ ਸਰਕਾਰ ਦੀ ਗੁੰਡਾ ਢਾਣੀ ਵੱਲੋਂ ਵਿਦਿਆਰਥੀ ਲਹਿਰ ਦੇ ਸਿਰਮੌਰ ਆਗੂ ਪ੍ਰਿਥੀਪਾਲ ਰੰਧਾਵਾ ਦਾ ਕਤਲ ਕਰਵਾਇਆ ਗਿਆ ਸੀ ਪ੍ਰੰਤੂ ਵਿਦਿਆਰਥੀ ਮਨਾ ਚ ਪ੍ਰਿਥੀ ਵੱਲੋਂ ਜਗਾਈ ਲੋਅ ਅੱਜ ਵੀ ਸੰਘਰਸ਼ਸ਼ੀਲ ਵਿਦਿਆਰਥੀਆਂ ਨੂੰ ਰੌਸ਼ਨੀ ਦਿਖਾਉਂਦੀ ਹੈ ਕਿ ਲੜਨ ਦੀ ਜਾਂਚ ਦੱਸਦੀ ਹੈ। ਉਨਾਂ ਕਿਹਾ ਕਿ 18 ਜੁਲਾਈ ਨੂੰ ਜਥੇਬੰਦੀ ਵੱਲੋਂ ਪਿਰਥੀਪਾਲ ਰੰਧਾਵਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।
ਕਾਲਜ ਕਮੇਟੀ ਆਗੂ ਸੁਖਚੈਨ ਪੂੰਨਾਵਾਲ ਤੇ ਮਨਪ੍ਰੀਤ ਕੌਰ ਚੀਮਾ ਨੇ ਕਿਹਾ ਕਿ ਇਸ ਸੈਸ਼ਨ ਤੋਂ ਵਿਦਿਆਰਥੀਆਂ ਨੂੰ ਜਥੇਬੰਦੀ ਨਾਲ ਜੋੜਨ ਲਈ 12 ਜੁਲਾਈ ਤੋਂ ਕਾਲਜ ਚ ਲਗਾਤਾਰ ਹੈਲਪ ਡੈਸਕ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਪੀਟੀਏ ਫੰਡ ਵਸੂਲਣ ਦਾ ਫੈਸਲਾ ਵਾਪਸ ਕਰਾਉਣ, ਪਰੋਸਪੈਕਟ ਦੀਆਂ ਵਧਾਈਆਂ ਕੀਮਤਾਂ ਘਟਾਉਣ, ਦਾਖਲਿਆਂ ਤੇ ਸਕਾਲਰਸ਼ਿਪ ਅਪਲਾਈ ਕਰਨ ‘ਚ ਵਿਦਿਆਰਥੀਆਂ ਦੀ ਖੱਜਲ ਖੁਆਰੀ ਘਟਾਉਣ ਲਈ ਸੰਘਰਸ਼ ਕੀਤਾ ਜਾਵੇਗਾ।
ਅੱਜ ਦੀ ਮੀਟਿੰਗ ‘ਚ ਰਮਨ ਕਾਲਾਝਾੜ, ਲਵੀ ਮਹਿਲਾਂ, ਜਸਲੀਨ ਕੌਰ ਚੀਮਾ, ਗੁਰਸੇਵਕ ਦਿੜ੍ਹਬਾ, ਹਰਪ੍ਰੀਤ ਕਾਲਾਝਾੜ, ਖੁਸ਼ੀ ਰਾਮਗੜ੍ਹ, ਗੁਰਸੇਵਕ ਸੁਨਾਮ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here