ਕਿਸਾਨ ਆਗੂ ਬਲਕਾਰ ਸਿੰਘ ਡਕੌਂਦਾ ਦੀ 13 ਜੁਲਾਈ ਨੂੰ ਸੂਬੇ ਭਰ ਵਿੱਚ ਮਨਾਈ ਜਾਵੇਗੀ ਬਰਸੀ:  ਮਨਜੀਤ ਧਨੇਰ

0
116
ਕਿਸਾਨ ਆਗੂ ਬਲਕਾਰ ਸਿੰਘ ਡਕੌਂਦਾ ਦੀ 13 ਜੁਲਾਈ ਨੂੰ ਸੂਬੇ ਭਰ ਵਿੱਚ ਮਨਾਈ ਜਾਵੇਗੀ ਬਰਸੀ: ਮਨਜੀਤ ਧਨੇਰ ਬਲਕਾਰ ਸਿੰਘ ਡਕੌਂਦਾ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦਾ ਲਿਆ ਜਾਵੇਗਾ ਅਹਿਦ: ਹਰਨੇਕ ਮਹਿਮਾ

ਕਿਸਾਨ ਆਗੂ ਬਲਕਾਰ ਸਿੰਘ ਡਕੌਂਦਾ ਦੀ 13 ਜੁਲਾਈ ਨੂੰ ਸੂਬੇ ਭਰ ਵਿੱਚ ਮਨਾਈ ਜਾਵੇਗੀ ਬਰਸੀ:  ਮਨਜੀਤ ਧਨੇਰ
ਬਲਕਾਰ ਸਿੰਘ ਡਕੌਂਦਾ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦਾ ਲਿਆ ਜਾਵੇਗਾ ਅਹਿਦ: ਹਰਨੇਕ ਮਹਿਮਾ
ਦਲਜੀਤ ਕੌਰ
ਚੰਡੀਗੜ੍ਹ, 12 ਜੁਲਾਈ, 2024: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਜਥੇਬੰਦੀ ਦੇ ਬਾਨੀ ਮਰਹੂਮ ਬਲਕਾਰ ਸਿੰਘ ਡਕੌਂਦਾ ਦੀ 14ਵੀਂ ਬਰਸੀ ਮੌਕੇ 14 ਜ਼ਿਲਿਆਂ ਸ਼ਰਧਾਂਜਲੀ ਸਮਾਗਮ ਕੀਤੇ ਜਾਣਗੇ। ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਬਲਕਾਰ ਸਿੰਘ ਡਕੌਂਦਾ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਬਾਰੇ ਜਵਾਨੀ ਪਹਿਰੇ ਤੋਂ ਹੀ ਵਿਗਿਆਨਕ ਨਜ਼ਰੀਆ ਹਾਸਲ ਕਰ ਲਿਆ ਸੀ। ਬਲਕਾਰ ਸਿੰਘ ਡਕੌਂਦਾ 30-35 ਸਾਲ ਲੋਕ ਪੱਖੀ ਜਥੇਬੰਦੀਆਂ ਵਿੱਚ ਆਗੂ ਹੈਸੀਅਤ ਵਿੱਚ ਵਿਚਰਦੇ ਰਹੇ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ‘ਚ ਏਕਤਾ ਸਥਾਪਤ ਕਰਨ ਲਈ ਪਹਿਲਕਦਮੀ ਕਰਨ ਵਾਲੇ ਬਲਕਾਰ ਸਿੰਘ ਡਕੌਂਦਾ ਨੇ 2007 ‘ਚ ਜਥੇਬੰਦੀ ਦੀ ਸਥਾਪਨਾ ਵੇਲੇ ਵਡੇਰੀ ਜ਼ਿੰਮੇਵਾਰੀ ਸੰਭਾਲੀ ਸੀ। ਉਹਨਾਂ ਦੱਸਿਆ ਕਿ ਬਲਕਾਰ ਸਿੰਘ ਡਕੌਂਦਾ 1991 ‘ਚ ਦੇਸ਼ ਵਿੱਚ ਲਾਗੂ ਕੀਤੀਆਂ ਵਿਸ਼ਵੀਕਰਨ, ਨਿੱਜੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਤੋਂ ਚਿੰਤਤ ਸਨ। ਉਹਨਾਂ ਵੱਲੋਂ ਦਿੱਤੀ ਸੇਧ ‘ਤੇ ਚੱਲਦਿਆਂ ਹੀ ਬੀਕੇਯੂ ਏਕਤਾ (ਡਕੌਂਦਾ) ਸਾਂਝੇ ਸੰਘਰਸ਼ਾਂ ਦੀ ਮੂਹਰੈਲ ਜਥੇਬੰਦੀ ਵਜੋਂ ਉੱਭਰੀ ਹੈ। ਭਾਵੇਂ ਉਹ ਆਪਣੀ ਧਰਮ ਪਤਨੀ ਸਮੇਤ ਇਕ ਦਰਦਨਾਕ ਸੜਕ ਹਾਦਸੇ ਵਿੱਚ 13 ਜੁਲਾਈ 2010 ਨੂੰ ਸਾਨੂੰ ਸਰੀਰਕ ਤੌਰ’ ਤੇ ਸਦੀਵੀ ਵਿਛੋੜਾ ਦੇ ਗਏ ਸਨ, ਪਰ ਉਹ ਵਿਚਾਰਾਂ ਦੇ ਰੂਪ’ ਚ ਸਾਡੇ ਦਿਲਾਂ ਵਿੱਚ ਹਮੇਸ਼ਾ ਵੱਸਦੇ ਹਨ ਤੇ ਸਾਡੇ ਲਈ ਪ੍ਰੇਰਨਾ ਦਾ ਸਰੋਤ ਹਨ। ਉਹਨਾਂ ਦੱਸਿਆ ਕਿ 13 ਜੁਲਾਈ ਨੂੰ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਗਾ ਫਾਜ਼ਿਲਕਾ, ਫਿਰੋਜ਼ਪੁਰ, ਲੁਧਿਆਣਾ, ਮੁਹਾਲੀ, ਕਪੂਰਥਲਾ, ਮਲੇਰਕੋਟਲਾ ਅਤੇ ਜਲੰਧਰ ਵਿਖੇ ਵੱਡੇ ਇਕੱਠ ਕਰਦਿਆਂ ਮਰਹੂਮ ਕਿਸਾਨ-ਆਗੂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਅਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਆ ਰਹੇ ਪ੍ਰੋਗਰਾਮਾਂ ਨੂੰ ਵੱਧ ਚੜ ਕੇ ਲਾਗੂ ਕੀਤਾ ਜਾਵੇਗਾ।
ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਕਿਸਾਨਾਂ ਨੂੰ ਇਨਸਾਫ ਦੇਣ ਲਈ ਪੰਜਾਬ ਸਰਕਾਰ ਅਤੇ ਮਾਨਸਾ ਦੇ ਪ੍ਰਸ਼ਾਸਨ ਵੱਲੋਂ 15 ਦਿਨ ਦਾ ਸਮਾਂ ਲਿਆ ਗਿਆ ਸੀ ਜੋ ਕਿ 18 ਜੁਲਾਈ ਨੂੰ ਪੂਰਾ ਹੋ ਰਿਹਾ ਹੈ। ਜੇਕਰ ਮਾਨਸਾ ਦੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ ਕੁੱਲਰੀਆਂ ਦੇ ਕਿਸਾਨਾਂ ਨੂੰ ਇਨਸਾਫ ਦੇਣ ਲਈ ਆਪਣਾ ਵਾਅਦਾ ਪੂਰਾ ਨਾ ਕੀਤਾ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।

LEAVE A REPLY

Please enter your comment!
Please enter your name here