ਕੇਂਦਰ ਸਰਕਾਰ ਦੀ ਪੰਜਾਬ ਨਾਲ ਧੱਕੇਸ਼ਾਹੀ ਦਾ ਮਿਲ ਕੇ ਟਾਕਰਾ ਕਰਨ ਸਮੂਹ ਪੰਜਾਬ ਵਾਸੀ: ਪਾਸਲਾ

0
46
ਕੇਂਦਰ ਸਰਕਾਰ ਦੀ ਪੰਜਾਬ ਨਾਲ ਧੱਕੇਸ਼ਾਹੀ ਦਾ ਮਿਲ ਕੇ ਟਾਕਰਾ ਕਰਨ ਸਮੂਹ ਪੰਜਾਬ ਵਾਸੀ: ਪਾਸਲਾ
ਕੇਂਦਰੀ ਹੁਕਮਰਾਨ ਅੱਗ ਨਾਲ ਖੇਡਣਾ ਬੰਦ ਕਰਨ:  ਜਾਮਾਰਾਏ
ਚੰਡੀਗੜ੍ਹ/ਜਲੰਧਰ, 14 ਨਵੰਬਰ, 2024:
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਕਾਮਰੇਡ ਪਰਗਟ ਸਿੰਘ ਜਾਮਾਰਾਏ ਨੇ ਹਰਿਆਣਾ ਦੀ ਰਾਜਧਾਨੀ ਉਸਾਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜਮੀਨ ਅਤੇ ਕੇਂਦਰ ਸਰਕਾਰ ਵਲੋਂ ਫੰਡ ਮੁਹੱਈਆ ਕਰਵਾਏ ਜਾਣ ਦੇ ਸਾਜ਼ਿਸ਼ੀ ਫੈਸਲੇ ਦੀ ਕਰੜੀ ਨਿਖੇਧੀ ਕੀਤੀ ਹੈ।
ਅੱਜ ਇੱਥੋਂ ਜਾਰੀ ਇਕ ਬਿਆਨ ਰਾਹੀਂ ਸਾਥੀ ਪਾਸਲਾ ਅਤੇ ਜਾਮਾਰਾਏ ਨੇ ਕਿਹਾ ਹੈ ਕਿ ਉਕਤ ਫੈਸਲਾ ਨਾ ਕੇਵਲ ਚੰਡੀਗੜ੍ਹ ’ਤੇ ਪੰਜਾਬ ਦਾ ਅਧਿਕਾਰ ਹੋਣ ਦੀ ਸਰਵ ਪ੍ਰਵਾਨਿਤ ਰਾਇ ਦੀ ਸਰਾਸਰ ਉਲੰਘਣਾ ਹੈ, ਬਲਕਿ ਇਸ ਸਬੰਧੀ ਹੋਏ ਰਾਜੀਵ-ਲੌਂਗੋਵਾਲ ਸਮਝੌਤੇ ਸਮੇਤ ਹੁਣ ਤਾਈਂ ਬਣੀਆਂ ਸਾਰੀਆਂ ਸਹਿਮਤੀਆਂ ਨੂੰ ਵੀ ਉਲਟਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਸ ਇਕਪਾਸੜ ਕਦਮ ਨਾਲ ਕੇਂਦਰ ਸਰਕਾਰ ਦੀ ਪੰਜਾਬ ਨਾਲ ਬਦਲਾਖੋਰੀ ਦੀ ਬਦਨੀਤ ਦੀ ਨਵੇਂ ਸਿਰਿਓਂ ਪੁਸ਼ਟੀ ਹੋ ਗਈ ਹੈ। ਇਸ ਫੈਸਲੇ ਰਾਹੀਂ ਕੇਂਦਰ ਦੀ ਫਿਰਕੂ-ਫਾਸ਼ੀ ਸਰਕਾਰ ਪੰਜਾਬ-ਹਰਿਆਣਾ ਦੇ ਲੋਕਾਂ ਦਰਮਿਆਨ ਸਾਂਝੇ ਕਿਸਾਨ ਘੋਲ ਸਦਕਾ ਕਾਇਮ ਹੋਈ ਸਦਭਾਵਨਾ ਅਤੇ ਵਿਸ਼ਵਾਸ ਨੂੰ ਚਕਨਾਚੂਰ ਕਰਨਾ ਚਾਹੁੰਦੀ ਹੈ।
ਕਮਿਊਨਿਸਟ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਪੰਜਾਬ ਵਾਸੀ ਕੇਂਦਰੀ ਸਰਕਾਰ ਦੇ ਫੈਡਰਲਿਜ਼ਮ ਨੂੰ ਢਾਹ ਲਾਉਣ ਵਾਲੇ ਇਸ ਫੈਸਲੇ ਨੂੰ ਉੱਕਾ ਹੀ ਪ੍ਰਵਾਨ ਨਹੀਂ ਕਰਨਗੇ ਅਤੇ ਇਸ ਧੱਕੇਸ਼ਾਹੀ ਦੇ ਨਤੀਜੇ ਵਜੋਂ ਉਪਜੀ ਲੋਕ ਬੇਚੈਨੀ ਭਵਿੱਖ ਅੰਦਰ ਅਨੇਕਾਂ ਗੰਭੀਰ ਸਮੱਸਿਆਵਾਂ ਪੈਦਾ ਕਰੇਗੀ। ਪਾਸਲਾ ਅਤੇ ਜਾਮਾਰਾਏ ਨੇ ਕਿਹਾ ਕਿ ਕੇਂਦਰੀ ਸਰਕਾਰ ਅਤੀਤ ਦੇ ਸਾਰੇ ਸਬਕਾਂ ਨੂੰ ਦਰਕਿਨਾਰ ਕਰਦੀ ਹੋਈ ਅੱਗ ਨਾਲ ਖੇਡ ਰਹੀ ਹੈ। ਉਨ੍ਹਾਂ ਇਸ ਫੈਸਲੇ ਖਿਲਾਫ਼ ਪਾਰਟੀ ਵਲੋਂ ਹਰ ਪੱਧਰ ’ਤੇ ਆਜ਼ਾਦਾਨਾ ਅਤੇ ਖੱਬੀਆਂ, ਜਮਹੂਰੀ, ਪ੍ਰਗਤੀਸ਼ੀਲ ਧਿਰਾਂ ਨਾਲ ਮਿਲ ਕੇ ਸਾਂਝਾ, ਜ਼ੋਰਦਾਰ ਪ੍ਰਤੀਰੋਧ ਉਸਾਰਨ ਦਾ ਐਲਾਨ ਕੀਤਾ ਹੈ।

LEAVE A REPLY

Please enter your comment!
Please enter your name here