ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅਨਾਜ ਮੰਡੀ ਸੁਨਾਮ ਵਿਖੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

0
175

ਸਮੁੱਚੇ ਸੀਜ਼ਨ ਦੌਰਾਨ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਟਰਾਂਸਪੋਰਟਰਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਹੀਂ ਆਵੇਗੀ: ਅਮਨ ਅਰੋੜਾ

ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, 9 ਅਪ੍ਰੈਲ, 2023: ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਵੱਲੋਂ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਮਾਰਕੀਟ ਕਮੇਟੀ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਹਦਾਇਤਾਂ ਦਿੱਤੀਆਂ ਕਿ ਸਮੁੱਚੇ ਖਰੀਦ ਸੀਜ਼ਨ ਦੌਰਾਨ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਟਰਾਂਸਪੋਰਟਰਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। ਸ੍ਰੀ ਅਰੋੜਾ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਕਣਕ ਦੇ ਖਰੀਦ ਕਾਰਜਾਂ ਨਾਲ ਸਬੰਧਤ ਵੱਖ ਵੱਖ ਵਰਗਾਂ ਦੇ ਲੋਕਾਂ ਦੀ ਸੁਵਿਧਾ ਲਈ ਸਰਵੋਤਮ ਪ੍ਰਬੰਧਾਂ ਦੀਆਂ ਕੀਤੀਆਂ ਹਦਾਇਤਾਂ ਨੂੰ ਇੰਨ ਬਿੰਨ ਲਾਗੂ ਕਰਨ ਵਿੱਚ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਅਨਾਜ ਮੰਡੀ ਵਿੱਚ ਕਿਸਾਨਾਂ ਨੂੰ, ਜਿੰਮੀਦਾਰਾਂ ਨੂੰ, ਆੜਤੀਆਂ ਨੂੰ, ਮਜ਼ਦੂਰਾਂ ਨੂੰ ਜਾਂ ਕਿਸੇ ਵੀ ਹੋਰ ਵਰਗ ਨੂੰ ਆਪਣੀ ਜਿਣਸ ਦੀ ਵਿਕਰੀ, ਚੁਕਾਈ, ਢੋਆ ਢੁਆਈ, ਅਦਾਇਗੀ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਉਹ ਜਿਥੇ ਖੁਦ ਅਨਾਜ ਮੰਡੀਆਂ ਦਾ ਦੌਰਾ ਕਰ ਰਹੇ ਹਨ ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਆਪਣੀ ਨਿਗਰਾਨੀ ਹੇਠ ਸਮੁੱਚੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਰਹਿਣ ਦੀ ਹਦਾਇਤ ਕੀਤੀ ਗਈ ਹੈ। ਆਪਣੇ ਦੌਰੇ ਦੌਰਾਨ ਸ੍ਰੀ ਅਮਨ ਅਰੋੜਾ ਨੇ ਕਿਸਾਨਾਂ, ਆੜ੍ਹਤੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਵੱਲੋਂ ਸਮੁੱਚੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਇਆ ਜਾਵੇਗਾ।

ਕੈਬਨਿਟ ਮੰਤਰੀ ਨੇ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੁੱਚੀ ਪ੍ਰਕਿਰਿਆ ਅਮਲ ਵਿੱਚ ਲਿਆਉਣ ਲਈ ਆਦੇਸ਼ ਦਿੱਤੇ । ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਿਛਲੇ ਦਿਨੀਂ ਹੋਈ ਗੜੇਮਾਰੀ ਅਤੇ ਭਾਰੀ ਬਰਸਾਤ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੇ ਮੱਦੇਨਜ਼ਰ ਪ੍ਰਭਾਵਿਤ ਕਿਸਾਨਾਂ ਨੂੰ ਤਰਜੀਹੀ ਆਧਾਰ ਉੱਤੇ ਯੋਗ ਮੁਆਵਜ਼ਾ ਦੇਣ ਲਈ ਪ੍ਰਸ਼ਾਸ਼ਨਿਕ ਕਾਰਵਾਈ ਤੇਜ਼ੀ ਨਾਲ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਅਨਾਜ ਮੰਡੀ ਵਿੱਚ ਕਿਸਾਨਾਂ ਵੱਲੋਂ ਲਿਆਂਦੀ ਜਿਣਸ ਦਾ ਜਾਇਜ਼ਾ ਲਿਆ ਅਤੇ ਖਰੀਦ ਸਬੰਧੀ ਬੋਲੀ ਵੀ ਸ਼ੁਰੂ ਕਰਵਾਈ।

ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਜਸਪ੍ਰੀਤ ਸਿੰਘ, ਡੀਐੱਫਐੱਸਸੀ ਸਤਬੀਰ ਸਿੰਘ ਮਾਵੀ, ਆੜ੍ਹਤੀ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਅਮਰੀਕ ਸਿੰਘ ਧਾਲੀਵਾਲ, ਵਾਈਸ ਪ੍ਰਧਾਨ ਵਿੱਕੀ ਗਰਗ, ਮੁਕੇਸ਼ ਜੁਨੇਜਾ, ਜਤਿੰਦਰ ਜੈਨ, ਮਦਨ ਗੋਪਾਲ ਪੋਪਲੀ, ਰਵੀ ਕਮਲ ਗੋਇਲ, ਅਮਰਿੰਦਰ ਨਕਟੇ, ਹਰਮੇਸ਼ ਨਾਗਰਾ, ਸ਼ਿਵਜੀ ਰਾਮ, ਬਬਲੀ, ਹਰਜੀਤ ਸੋਨੀ, ਆਸ਼ੂ ਗੋਇਲ , ਖੁਸ਼ਦੀਪ ਬਾਂਸਲ, ਧਰਮਪਾਲ ਜਖੇਪਲ, ਗੋਲਟ ਛਾਜਲੀ, ਮਨਪ੍ਰੀਤ ਬਾਂਸਲ, ਸੰਦੀਪ ਜਿੰਦਲ ਅਤੇ ਹੋਰ ਆੜ੍ਹਤੀ , ਕਿਸਾਨ, ਮਜਦੂਰ, ਸਾਰੀਆਂ ਖ਼ਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀ ਸੁਨਾਮ ਦੇ ਨੁਮਾਇੰਦੇ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here