78 ਕਰੋੜ ਰੁਪਏ ਦੀ ਲਾਗਤ ਨਾਲ ਧੁੱਸੀ ਬੰਨ ਨੂੰ 18 ਫੁੱਟ ਕੀਤਾ ਜਾਵੇਗਾ ਚੌੜਾ
ਅਜਨਾਲਾ ਤੋਂ ਫਤਿਹਗੜ੍ਹ ਚੂੜੀਆਂ-ਰਮਦਾਸ ਸੜਕ ਨੂੰ 52 ਕਰੋੜ ਰੁਪਏ ਕੀਤਾ ਜਾਵੇਗਾ ਮੁਕੰਮਲ
ਅੰਮ੍ਰਿਤਸਰ,ਰਾਜਿੰਦਰ ਰਿਖੀ
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਪਾਰਟੀਬਾਜੀ ਤੋਂ ਉਪਰ ਉਠ ਕੇ ਪਿੰਡਾਂ ਦਾ ਵਿਕਾਸ ਕਰ ਰਹੀ ਹੈ ਤਾਂ ਜੋ ਪਿੰਡਾਂ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ ਅਤੇ ਪਿੰਡਾਂ ਦਾ ਕੋਈ ਵੀ ਰਸਤਾ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਹਲਕਾ ਅਜਨਾਲਾ ਦੀ ਗਰਾਮ ਪੰਚਾਇਤ ਗੁਰਾਲਾ ਵਿਖੇ ਕੂੜਾ ਪ੍ਰਬੰਧਣ ਪ੍ਰਾਜੈਕਟ (Solid Waste Management Project) ਜੋ ਕਿ ਪੰਜਾਬ ਦਾ ਇਕ ਨਿਵੇਕਲਾ ਪ੍ਰਾਜੈਕਟ ਹੈ ਜਿਸ ਵਿੱਚ ਆਜੀਵਿਕਾ ਮਿਸ਼ਨ ਪ੍ਰਾਜੈਕਟ ਦੀਆਂ ਸੈਲਫ ਹੈਲਪ ਗਰੁੱਪਾਂ ਦੀ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਦਾ ਉਦਘਾਟਨ ਕਰਨ ਪਿਛੋ ਕੀਤਾ। ਸ੍ਰ ਧਾਲੀਵਾਲ ਨੇ ਦੱਸਿਆ ਕਿ ਇਸ ਪ੍ਰਾਜੈਕਟ ’ਤੇ 11.50 ਲੱਖ ਰੁਪਏ ਖਰਚ ਆਏ ਹਨ ਅਤੇ ਵੱਖ ਵੱਖ ਸਕੀਮਾਂ ਜਿਵੇਂ 15ਵਾਂ ਵਿੱਤ ਕਮਿਸ਼ਨ, ਮਗਨਰੇਗਾ ਅਤੇ ਪੀ:ਐਸ:ਆਰ:ਐਲ:ਐਮ ਦੇ ਸੈਲਫ ਹੈਲਪ ਗਰੁੱਪ ਦੀ ਕਨਵਰਜੈਂਸ ਕਰਕੇ ਇਹ ਪ੍ਰਾਜੈਕਟ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪਿੰਡ ਦੀਆਂ ਸੈਲਫ ਗਰੁੱਪਾਂ ਦੀਆਂ ਔਰਤ ਮੈਂਬਰਾਂ ਨੂੰ ਪਿੰਡ ਵਿੱਚ ਰੁਜਗਾਰ ਮਿਲੇਗਾ। ਉਨ੍ਹਾਂ ਦੱਸਿਆ ਕਿ ਅਜਿਹੇ ਪ੍ਰਾਜੈਕਟ ਨਾਲ ਔਰਤਾਂ ਰੁਜਗਾਰ ਪੱਖੋਂ ਆਤਮ ਨਿਰਭਰ ਹੋਣਗੀਆਂ ਅਤੇ ਪਿੰਡ ਦੀ ਸਾਫ ਸਫਾਈ ਦੇ ਨਾਲ ਨਾਲ ਵਾਤਾਵਰਣ ਵੀ ਸਾਫ ਹੋਵੇਗਾ। ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹ ਸਕਦਾ ਹੈ। ਧਾਲੀਵਾਲ ਵੱਲੋਂ ਪਿੰਡ ਵਾਸੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਇਕੱਠਾ ਕਰਨ ਲਈ ਡਸਟਬਿਨਾਂ ਦੀ ਵੰਡ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਘਰ ਘਰ ਜਾ ਕੇ ਗਿੱਲਾ ਅਤੇ ਸੁੱਕਾ ਕੂੜਾ ਰੇਹੜੀ ਰਿਕਸ਼ਾ ਰਾਹੀਂ ਇਕੱਠਾ ਕਰਨਗੀਆਂ ਅਤੇ ਕੂੜਾ ਪ੍ਰਬੰਧਣ ਵਾਲੀ ਥਾਂ ਤੇ ਪੁੱਜਦਾ ਕਰਨਗੀਆਂ। ਸ੍ਰ ਧਾਲੀਵਾਲ ਨੇ ਦੱਸਿਆ ਕਿ ਗਿੱਲੇ ਕੂੜੇ ਤੋਂ ਖਾਦ ਬਣਾ ਕੇ ਉਸ ਦੀ ਵਿਕਰੀ ਕੀਤੀ ਜਾਵੇਗੀ ਜਿਸ ਨਾਲ ਗਰਾਮ ਪੰਚਾਇਤ ਦੀ ਆਮਦਨ ਵਿੱਚ ਵਾਧਾ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਪੂਰੇ ਪੰਜਾਬ ਦੇ ਪਿੰਡਾਂ ਵਿੱਚ ਲਾਗੂ ਕੀਤਾ ਜਾਵੇਗਾ ਤਾਂ ਜੋ ਕੂੜੇ ਤੋਂ ਨਿਜਾਤ ਪਾਈ ਜਾ ਸਕੇ। ਧਾਲੀਵਾਲ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 78 ਕਰੋੜ ਰੁਪਏ ਦੀ ਲਾਗਤ ਨਾਲ ਘੋਨੇਵਾਲ ਤੋਂ ਗੁਲਾਰਗੜ੍ਹ ਤੱਕ 42 ਕਿਲੋਮੀਟਰ ਧੁੱਸੀ ਬੰਨ ਨੂੰ 18 ਫੁੱਟ ਚੌੜਾ ਕੀਤਾ ਜਾਵੇਗਾ ਅਤੇ ਇਸ ਕੰਮ ਲਈ ਟੈਂਡਰ ਵੀ ਲੱਗ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 52 ਕਰੋੜ ਰੁਪਏ ਦੀ ਲਾਗਤ ਨਾਲ ਅਜਨਾਲਾ ਤੋਂ ਫਤਿਹਗੜ੍ਹ ਚੂੜੀਆਂ-ਰਮਦਾਸ ਸੜਕ ਮੁਕੰਮਲ ਕੀਤੀ ਜਾਵੇਗੀ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਸਿਖਿਆ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਲੜਵਾਲ ਦੇ ਸਕੂਲ ਦੀ ਇਮਾਰਤ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ 1 ਕਰੋੜ ਰੁਪਏ ਖਰਚੇ ਜਾਣਗੇ ਅਤੇ ਇਸੇ ਤਰ੍ਹਾਂ ਹੀ ਤੇੜਾਂ ਰਾਜਪੂਤਾਂ ਅਤੇ ਡੱਲਾ ਰਾਜਪੂਤਾਂ ਦੇ ਸਰਕਾਰੀ ਸਕੂਲਾਂ ਦੀ ਇਮਾਰਤ ਦੀ ਮੁਰੰਮਤ ਲਈ 40-40 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਮੌਕੇ ਧਾਲੀਵਾਲ ਵੱਲੋਂ ਪਿੰਡ ਗੁਰਾਲਾ ਵਿਖੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਇਕ ਪੌਦਾ ਵੀ ਲਗਾਇਆ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡਾਂ ਵਿੱਚ ਪੌਦੇ ਜਰੂਰ ਲਗਾਉਣ ਤਾਂ ਜੋ ਵਾਤਾਵਰਣ ਹਰਿਆਵਲ ਭਰਪੂਰ ਹੋ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਬਲਾਕ ਅਜਨਾਲਾ ਦੇ 70 ਪਿੰਡਾਂ ਵਿੱਚ ਲਿਕਡ ਵੇਸਟ ਮੈਨੇਜਮੈਂਟ ਦੇ ਪ੍ਰਾਜੈਕਟ ਚੱਲ ਰਹੇ ਹਨ ਜਿਸ ਨਾਲ ਥਾਪਰ ਮਾਡਲ ਪ੍ਰਾਜੈਕਟ ਬਣਾਏ ਜਾਣਗੇ ਤਾਂ ਜੋ ਪਿੰਡਾਂ ਦੇ ਪਾਣੀ ਨੂੰ ਸਾਫ ਕਰਕੇ ਵਰਤਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਵਿੱਚ ਅਜਨਾਲਾ ਬਲਾਕ ਨੂੰ ਪਹਿਲਾਂ ਐਸਾ ਬਲਾਕ ਬਣਾਇਆ ਜਾਵੇਗਾ ਜਿਥੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਅਤੇ ਲਿਕਡ ਵੇਸਟ ਮੈਨੇਜਮੈਂਟ ਦੇ ਪ੍ਰਾਜੈਕਟ ਕੰਮ ਕਰਨਗੇ ਤਾਂ ਜੋ ਪਿੰਡਾਂ ਨੂੰ ਸਾਫ ਸੁਥਰਾ ਬਣਾਇਆ ਜਾ ਸਕੇ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਪ੍ਰਾਜੈਕਟ ਦੀ ਸਫਲਤਾ ਲਈ ਆਪਣਾ ਸਹਿਯੋਗ ਦੇਣ ਤਾਂ ਜੋ ਇਹ ਪ੍ਰਾਜੈਕਟ ਸਫਲਤਾ ਪੂਰਵਕ ਨੇਪਰੇ ਚੜ੍ਹ ਸਕੇ। ਇਸ ਮੌਕੇ ਅਵਾਜ ਰੰਗ ਮੰਚ ਦੀ ਟੋਲੀ ਵੱਲੋਂ ਪਿੰਡ ਦੇ ਲੋਕਾਂ ਨੂੰ ਕੂੜੇ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਗਰੂਕ ਕਰਨ ਲਈ ਇਕ ਨੁੱਕੜ ਨਾਟਕ ਵੀ ਖੇਡਿਆ ਗਿਆ ਅਤੇ ਪਿੰਡ ਦੀ ਗਰਾਮ ਪੰਚਾਇਤ ਵੱਲੋਂ ਸ੍ਰ ਧਾਲੀਵਾਲ, ਡਿਪਟੀ ਕਮਿਸ਼ਨਰ ਤਲਵਾੜ ਅਤੇ ਹੋਰ ਪੰਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਦੌਰਾਨ ਐਸਡੀਐਮ ਅਜਨਾਲਾ ਅਰਵਿੰਦਰਪਾਲ ਸਿੰਘ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਮੈਡਮ ਨਵਦੀਪ ਕੌਰ, ਤਹਿਸੀਲਦਾਰ ਰੋਬਿਨਜੀਤ ਕੌਰ, ਬੀਡੀਪੀਓ ਸੁਰਜੀਤ ਸਿੰਘ ਬਾਜਵਾ, ਮੀਸ਼ਾ ਵਰਮਾ ਜਿਲ੍ਹਾ ਇੰਚਾਰਜ ਆਜੀਵਿਕਾ ਮਿਸ਼ਨ, ਅਭਿਸ਼ੇਕ ਸ਼ਰਮਾ, ਪ੍ਰਭਬੀਰ ਸਿੰਘ, ਖੁਸ਼ਪਾਲ ਸਿੰਘ ਧਾਲੀਵਾਲ, ਗੁਰਜੰਟ ਸਿੰਘ ਸੋਹੀ, ਪਿੰਡ ਗੁਰਾਲਾ ਦੇ ਸਰਪੰਚ ਜਸਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।