ਕੈਬਨਿਟ ਸਬ ਕਮੇਟੀ ਨੇ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਮੁੜ ਲਾਇਆ ਲਾਰਾ ਲੋਹੜੀ ਇਸ ਵਾਰ, ਮੰਤਰੀਆਂ ਦੇ ਦੁਆਰਾ: ਬੇਰੁਜ਼ਗਾਰ ਆਗੂ

0
18
ਕੈਬਨਿਟ ਸਬ ਕਮੇਟੀ ਨੇ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਮੁੜ ਲਾਇਆ ਲਾਰਾ ਲੋਹੜੀ ਇਸ ਵਾਰ, ਮੰਤਰੀਆਂ ਦੇ ਦੁਆਰਾ: ਬੇਰੁਜ਼ਗਾਰ ਆਗੂ

ਕੈਬਨਿਟ ਸਬ ਕਮੇਟੀ ਨੇ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਮੁੜ ਲਾਇਆ ਲਾਰਾ
ਲੋਹੜੀ ਇਸ ਵਾਰ, ਮੰਤਰੀਆਂ ਦੇ ਦੁਆਰਾ: ਬੇਰੁਜ਼ਗਾਰ ਆਗੂ
ਦਲਜੀਤ ਕੌਰ
ਚੰਡੀਗੜ੍ਹ, 7 ਜਨਵਰੀ, 2025: ਬੇਰੁਜ਼ਗਾਰ ਸਾਂਝਾ ਮੋਰਚੇ ਦੀ ਅੱਜ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਹੋਈ ਜਿਸ ਵਿੱਚ ਬੇਰੁਜ਼ਗਾਰਾ ਨੂੰ ਮੁੜ ਲਾਰਾ ਹੀ ਮਿਲਿਆ। ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਮਾਸਟਰ ਕੇਡਰ ਦੀਆਂ ਸਾਰੀਆਂ ਖਾਲੀ ਪੋਸਟਾਂ ਭਰਨ, ਉਮਰ ਹੱਦ ਛੋਟ ਦੇਣ, 55 ਪ੍ਰਤੀਸ਼ਤ ਸ਼ਰਤ ਰੱਦ ਕਰਨ, ਆਰਟ ਐਂਡ ਕਰਾਫਟ ਦਾ ਲਿਖਤੀ ਪੇਪਰ ਲੈਣ, ਲੈਕਚਰਾਰ ਦੀਆਂ ਰੱਦ ਕੀਤੀਆਂ ਅਸਾਮੀਆਂ ਦਾ ਇਸ਼ਤਿਹਾਰ ਕੰਬੀਨੇਸ਼ਨ ਦਰੁਸਤ ਕਰਕੇ ਅਤੇ ਬਾਕੀ ਵਿਸ਼ਿਆਂ ਦੀਆਂ ਅਸਾਮੀਆਂ ਐਡ ਕਰਕੇ ਮੁੜ ਜਾਰੀ ਕਰਨ ਅਤੇ ਉਮਰ ਹੱਦ ਛੋਟ ਦੇਣ ਤੋਂ ਇਲਾਵਾ ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਪ੍ਰਵਾਨ ਹੋ ਚੁੱਕੀਆਂ 270 ਪੋਸਟਾਂ  ਦਾ ਉਮਰ ਹੱਦ ਛੋਟ ਦੇ ਕੇ ਇਸ਼ਤਿਹਾਰ ਦੇਣ ਦੀ ਮੰਗ ਨੂੰ ਲੈਕੇ ਪੰਜਾਬ ਕੈਬਨਿਟ-ਸਬ-ਕਮੇਟੀ ਨਾਲ ਹੋਈ ਪੈਨਲ ਮੀਟਿੰਗ ਵਿੱਚ ਬੇਰੁਜ਼ਗਾਰਾਂ ਨੂੰ ਮੁੜ ਲਾਰਾ ਮਿਲਿਆ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਪਿਛਲੀਆਂ ਮੀਟਿੰਗਾਂ ਵਾਂਗ ਇਸ ਵਾਰ ਵੀ ਲਾਰਾ ਦਿੱਤਾ ਗਿਆ। ਆਗੂਆਂ ਨੇ ਦੱਸਿਆ ਕਿ ਕਈ ਵਾਰ ਮੀਟਿੰਗਾਂ ਰੱਦ ਕਰਨ ਮਗਰੋਂ ਵੀ ਅੱਜ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਮੁੜ ਪੁਰਾਣੇ ਰਾਗ ਹੀ ਅਲਾਪੇ ਹਨ।ਉਹਨਾਂ ਬੇਰੁਜ਼ਗਾਰਾਂ ਦੀਆਂ ਮੰਗਾਂ ਲਈ ਮੁੜ ਟਾਲ-ਮਟੋਲ ਕੀਤੀ  ਹੈ। ਕਿਸੇ ਵੀ ਮੰਗ ਸੰਬਧੀ ਕੋਈ ਠੋਸ ਐਲਾਨ ਨਹੀਂ ਕੀਤਾ। ਬੇਰੁਜ਼ਗਾਰ ਆਗੂਆਂ ਨੇ ਦੱਸਿਆ ਕਿ ਪਿਛਲੇ 33 ਮਹੀਨੇ ਵਿੱਚ ਸਰਕਾਰ ਨੇ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਇੱਕ ਵੀ ਅਸਾਮੀ ਜਾਰੀ ਨਹੀਂ ਕੀਤੀ। ਉਹਨਾਂ ਕਿਹਾ ਕਿ 7 ਜੁਲਾਈ 2024 ਨੂੰ ਜਲੰਧਰ ਜ਼ਿਮਨੀ ਚੋਣ ਮੌਕੇ ਅਤੇ ਹੋਰ ਦਰਜਨਾਂ ਵਾਰੀ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਨੇ ਓਵਰ ਏਜ਼ ਹੋ ਚੁੱਕੇ ਬੇਰੁਜ਼ਗਾਰਾਂ ਨੂੰ ਉਮਰ ਹੱਦ ਛੋਟ ਦੇਣ ਦਾ ਵਾਅਦਾ ਕੀਤਾ ਹੈ। ਪ੍ਰੰਤੂ ਸਿਤਮ ਇਹ ਕਿ ਮੌਜ਼ੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਮੌਕੇ  ਸਾਲ 2022, 2023 ਅਤੇ 2024 ਦੇ 31 ਦਸੰਬਰ ਨੂੰ ਹਜ਼ਾਰਾਂ ਹੋਰ ਬੇਰੁਜ਼ਗਾਰ ਓਵਰਏਜ਼ ਹੋ ਚੁੱਕੇ ਹਨ। ਜਿਸਦੀ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ।
ਉਹਨਾਂ ਅੱਗੇ ਦੱਸਿਆ ਕਿ ਬੇਰੁਜ਼ਗਾਰਾਂ ਦੀ ਲੋਹੜੀ ਪਿਛਲੇ ਸਾਲਾਂ ਤੋਂ ਹੀ ਖਾਲੀ ਰਹੀ ਹੈ। ਜਿਹੜੀ ਕਿ ਖਾਲੀ ਹੱਥ ਸਰਕਾਰ ਦੇ ਦਰਵਾਜੇ ਉੱਤੇ ਮਨਾਉਣੀ ਪਈ ਹੈ। ਇਸ ਵਾਰ ਵੀ 12 ਜਨਵਰੀ ਨੂੰ ਬੇਰੁਜ਼ਗਾਰ ਸਾਂਝਾ ਮੋਰਚਾ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ, ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਕੋਠੀ ਅੱਗੇ ਪਟਿਆਲਾ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਕੋਠੀ ਅੱਗੇ ਲੰਬੀ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਕੋਠੀ ਅੱਗੇ ਪੱਟੀ ਵਿਖੇ ਲੋਹੜੀ ਮਨਾਏਗਾ। ਇਸ ਮੌਕੇ ਨਛੱਤਰ ਸਿੰਘ ਅਤੇ ਕੁਲਦੀਪ ਸਿੰਘ ਵਿਲਾਸਰਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here