ਕੈਲੀਫੋਰਨੀਆ ਦੇ ਰਿਹਾਇਸ਼ੀ ਇਲਾਕੇ ਵਿੱਚ ਜਹਾਜ਼ ਤਬਾਹ ਹੋਣ ਕਾਰਨ ਹੋਈਆਂ 2 ਮੌਤਾਂ

0
323

ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਕੈਲੀਫੋਰਨੀਆ ਵਿੱਚ ਸਾਨ ਡਿਏਗੋ ਦੇ ਨੇੜੇ ਸਿਟੀ ਆਫ ਸੈਂਟੀ ਵਿੱਚ ਇੱਕ ਸਕੂਲ ਨੇੜੇ ਛੋਟਾ ਜਹਾਜ਼ ਕਰੈਸ਼ ਹੋਣ ਕਾਰਨ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਹ ਜਹਾਜ਼ ਅਰੀਜ਼ੋਨਾ ਦੇ ਯੁਮਾ ਤੋਂ ਸਾਨ ਡਿਏਗੋ ਲਈ ਉਡਾਣ ਭਰ ਰਿਹਾ ਸੀ ਤੇ ਦੁਪਹਿਰ 12:15 ਵਜੇ ਦੇ ਕਰੀਬ ਕਰੈਸ਼ ਹੋ ਗਿਆ। ਮਾਰੇ ਗਏ ਲੋਕਾਂ ਵਿੱਚ ਇੱਕ ਯੂ ਪੀ ਐੱਸ ਦਾ ਕਰਮਚਾਰੀ ਅਤੇ ਇੱਕ ਭਾਰਤੀ ਮੂਲ ਦਾ ਡਾਕਟਰ ਦੱਸੇ ਜਾ ਰਹੇ ਹਨ। ਸ਼ਹਿਰ ਦੇ ਫਾਇਰ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਹਾਜ਼ ਦਾ ਕੁੱਝ ਹਿੱਸਾ ਇਸ ਇਲਾਕੇ ਦੇ ਘਰਾਂ ਨਾਲ ਟਕਰਾ ਗਿਆ। ਇਸ ਹਾਦਸੇ ਨੇ ਘੱਟੋ ਘੱਟ ਦੋ ਘਰਾਂ, ਇੱਕ ਯੂਪੀਐਸ ਡਿਲਿਵਰੀ ਟਰੱਕ ਅਤੇ ਇੱਕ ਫਾਇਰ ਹਾਈਡ੍ਰੈਂਟ ਨੂੰ ਨੁਕਸਾਨ ਪਹੁੰਚਾਇਆ। ਅਧਿਕਾਰੀਆਂ ਅਨੁਸਾਰ ਸੀ 340 ਟਵਿਨ-ਇੰਜਨ ਸੇਸਨਾ ਜਹਾਜ਼ ਨੂੰ ਹਾਦਸੇ ਉਪਰੰਤ ਅੱਗ ਦੀਆਂ ਲਪਟਾਂ ਨੇ ਘੇਰ ਲਿਆ। ਫਾਇਰ ਅਧਿਕਾਰੀਆਂ ਅਨੁਸਾਰ ਇਸ ਹਾਦਸੇ ਵਿੱਚ ਨੇੜਲੇ ਸੈਂਟਾਨਾ ਹਾਈ ਸਕੂਲ ਦਾ ਕੋਈ ਵੀ ਬੱਚਾ ਜ਼ਖਮੀ ਨਹੀਂ ਹੋਇਆ। ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ ਜਾਂ ਪ੍ਰਭਾਵਿਤ ਹੋਏ ਘਰਾਂ ਵਿੱਚ ਕਿੰਨੇ ਲੋਕ ਸਨ, ਇਸ ਬਾਰੇ ਫਿਲਹਾਲ ਕੋਈ ਵੇਰਵਾ ਮੁਹੱਈਆਂ ਨਹੀਂ ਹੋਇਆ ਹੈ। ਇਸ ਹਾਦਸੇ ਕਰਕੇ ਘਰਾਂ, ਕਾਰਾਂ ਆਦਿ ਨੂੰ ਅੱਗ ਲੱਗ ਗਈ ਜਿਸ ਨੂੰ ਫਾਇਰ ਅਧਿਕਾਰੀਆਂ ਦੁਆਰਾ ਬੁਝਾਇਆ ਗਿਆ। ਇਸ ਹਾਦਸੇ ਦੀ ਜਾਂਚ ਨੈਸ਼ਨਲ ਟ੍ਰਾਂਸਪੋਰਟ ਸੇਫਟੀ ਬੋਰਡ ਦੁਆਰਾ ਕੀਤੀ ਜਾਵੇਗੀ।

LEAVE A REPLY

Please enter your comment!
Please enter your name here