ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਗਏ ਬੇਜ਼ਮੀਨੇ ਐੱਸ ਸੀ ਪਰਿਵਾਰਾਂ ਉੱਤੇ ਭਾਰੀ ਲਾਠੀਚਾਰਜ

0
291

ਮੋਰਿੰਡਾ, (ਦਲਜੀਤ ਕੌਰ ਭਵਾਨੀਗੜ੍ਹ) -ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਹਜ਼ਾਰਾਂ ਬੇਜ਼ਮੀਨੇ ਐੱਸ ਸੀ ਪਰਿਵਾਰਾਂ ਵਲੋਂ ਚਿਰਾਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਉਹਨਾਂ ਦੀ ਮੋਰਿੰਡਾ ਸਥਿਤ ਰਿਹਾਇਸ਼ ਵੱਲ ਮੁਜ਼ਾਹਰਾ ਦੀ ਸ਼ਕਲ ਵਿੱਚ ਅੱਗੇ ਵੱਧ ਰਹੇ ਸਨ ਤਾਂ ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਉੱਤੇ ਅੰਨ੍ਹੇਵਾਹ ਲਾਠੀਚਾਰਜ ਕਰ ਦਿੱਤਾ ਗਿਆ। ਇਸ ਲਾਠੀਚਾਰਜ ਕਾਰਨ ਵੱਡੀ ਗਿਣਤੀ ਵਿੱਚ ਔਰਤਾਂ, ਮਰਦ ਅਤੇ ਨੌਜਵਾਨ ਜ਼ਖਮੀ ਹੋਏ ਹਨ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੱਦੇ ਤੇ ਮੁੱਖ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਗਰੀਬ ਬੇਜ਼ਮੀਨੇ ਐੱਸਸੀ ਪਰਿਵਾਰਾਂ ਵੱਲੋਂ ਅੱਜ ਪਹਿਲਾਂ ਸਥਾਨਕ ਰੇਲਵੇ ਸਟੇਸ਼ਨ ਕੋਲ ਇਕੱਠੇ ਹੋ ਕੇ ਸੂਬਾਈ ਰੈਲੀ ਕੀਤੀ ਗਈ ਅਤੇ ਉਸ ਬਾਅਦ ਤੋਂ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਕੋਠੀ ਵੱਲ ਮਾਰਚ ਸ਼ੁਰੂ ਕੀਤਾ ਗਿਆ। ਜਿੱਥੇ ਮੁੱਖ ਮੰਤਰੀ ਦੀ ਕੋਠੀ ਤੋਂ ਪਹਿਲਾਂ ਹੀ ਭਾਰੀ ਪੁਲੀਸ ਫੋਰਸ ਵੱਲੋਂ ਬੈਰੀਕੇਡ ਲਾ ਕੇ ਦਲਿਤਾਂ ਨੂੰ ਰਸਤੇ ਵਿੱਚ ਰੋਕ ਲਿਆ ਗਿਆ, ਜਿੱਥੇ ਕਮੇਟੀ ਵੱਲੋਂ ਉਸੇ ਥਾਂ ਉੱਪਰ ਸੜਕ ਨੂੰ ਜ਼ਾਮ ਕਰ ਦਿੱਤਾ ਗਿਆ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਦੱਸਿਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੇ ਹਿੱਸੇ ਦੀਆਂ ਜ਼ਮੀਨਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰੰਤੂ ਕਿਸੇ ਵੀ ਸੱਤਾਧਾਰੀ ਪਾਰਟੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਿੱਤ ਦਿਹਾੜੀ ਆਪਣੇ ਹੱਕ ਮੰਗਦੇ ਦਲਿਤਾਂ ਨੂੰ ਪੇਂਡੂ ਧਨਾਢ ਚੌਧਰੀਆਂ ਦੇ ਜ਼ਬਰ ਦਾ ਸ਼ਿਕਾਰ ਹੋ ਰਹੇ ਹਨ ਇੱਥੋਂ ਤੱਕ ਕਿ ਕਈ ਵਾਰ ਪਿੰਡਾਂ ਵਿੱਚ ਉਨ੍ਹਾਂ ਨੂੰ ਸਮਾਜਿਕ ਬਾਈਕਾਟ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪਹਿਲੀ ਵਾਰ ਐਸ ਸੀ ਚਿਹਰੇ ਦੇ ਤੌਰ ‘ਤੇ ਮੁੱਖਮੰਤਰੀ ਚਰਨਜੀਤ ਚੰਨੀ ਬਣਨ ਤੋਂ ਬਾਅਦ ਦਲਿਤਾਂ ਅੰਦਰ ਇੱਕ ਆਸ ਦੀ ਕਿਰਨ ਬੱਝੀ ਸੀ। ਸ੍ਰੀ ਮੁਕੇਸ਼ ਮਲੌਦ ਨੇ ਦੱਸਿਆ ਕਿ ਅੱਜ ਹਜ਼ਾਰਾਂ ਦਲਿਤ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੰਚਾਇਤੀ ਜ਼ਮੀਨ ਵਿੱਚੋਂ ਤੀਜਾ ਹਿੱਸਾ ਦਲਿਤਾਂ ਲਈ ਪੱਕੇ ਤੌਰ ਤੇ ਲੈਣ, ਨਜ਼ੂਲ ਸੁਸਾਇਟੀ ਦੀਆਂ ਜ਼ਮੀਨਾਂ ਦੇ ਬਿਨਾ ਸ਼ਰਤ ਮਾਲਕੀ ਹੱਕ ਲੈਣ, ਸੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਬੇਜ਼ਮੀਨੇ ਲੋਕਾਂ ਵਿੱਚ ਵੰਡਾਉਣ, ਲੋੜਵੰਦ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਪਲਾਟ ਦਿਵਾਉਣ, ਮਾਈਕ੍ਰੋਫਾਇਨਾਂਸ ਕੰਪਨੀਆਂ ਸਮੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ਼ ਕਰਕੇ ਸਹਿਕਾਰੀ ਸਭਾ ਵਿੱਚ ਮੈਂਬਰ ਬਣਾ ਕੇ ਸਰਕਾਰੀ ਕਰਜ਼ੇ ਦਾ ਪ੍ਰਬੰਧ ਕਰਾਉਣ, ਸੰਘਰਸ਼ ਦਰਮਿਆਨ ਦਰਜ ਹੋਏ ਸਾਰੇ ਝੂਠੇ ਪਰਚੇ ਰੱਦ ਕਰਵਾਉਣ ਅਤੇ ਪਿੰਡ ਦੁੱਲੜ ਸਮੇਤ ਦਲਿਤਾਂ ਉੱਪਰ ਹੋ ਰਹੇ ਜਬਰ ਨੂੰ ਨੱਥ ਪਾਉਣ ਅਤੇ ਲਟਕਦੇ ਜਮੀਨੀ ਮਸਲੇ ਹੱਲ ਕਰਵਾਉਣ ਆਦਿ ਜਾਇਜ਼ ਮੰਗਾਂ ਨੂੰ ਲੈਕੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਨ ਗਏ ਸੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਤਿੰਨ ਘੰਟੇ ਪ੍ਰਸ਼ਾਸਨ ਨਾਲ ਚੱਲੀ ਗੱਲਬਾਤ ਤੋਂ ਬਾਅਦ ਦਲਿਤਾਂ ਉੱਪਰ ਲਾਠੀਚਾਰਜ ਕਰਕੇ ਉਹਨਾਂ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕੇ ਭਾਵੇਂ ਦਲਿਤ ਚਿਹਰੇ ਦਾ ਮੁੱਖ ਮੰਤਰੀ ਲੈ ਆਂਦਾ ਹੈ ਪਰ ਕਾਂਗਰਸ ਦੀ ਨੀਤੀ ਪਹਿਲਾਂ ਵਾਲੀ ਹੀ ਹੈ। ਲਾਠੀਚਾਰਜ ਤੋਂ ਬਾਅਦ ਜ਼ੋਨਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਅਤੇ ਗੁਰਵਿੰਦਰ ਬੌੜਾਂ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਸਮੇਤ ਕਾਂਗਰਸੀ ਮੰਤਰੀਆਂ ਦਾ ਪਿੰਡਾਂ ਵਿੱਚ ਘਿਰਾਓ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵਿਸ਼ਾਲ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਬਿਨਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਧਰਮਪਾਲ ਨੂਰਖੇੜੀਆਂ ਜਸਵੰਤ ਸਿੰਘ ਖੇੜੀ ਸਤਨਾਮ ਰਾਜਲਾ ਆਦਿ ਨੇ ਸੰਬੋਧਨ ਕੀਤਾ। ਸਟੇਜ ਸੈਕਟਰੀ ਦੀ ਭੂਮਿਕਾ ਧਰਮਵੀਰ ਹਰੀਗੜ੍ਹ ਵਲੋਂ ਨਿਭਾਈ ਗਈ। ਇਸ ਦੌਰਾਨ ਹੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵਲੋਂ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਲਾਠੀਚਾਰਜ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੰਘਰਸ਼ ਦੀ ਡੱਟ ਕੇ ਹਮਾਇਤ ਕਰਦਿਆਂ ਜ਼ਬਰ ਦਾ ਰਾਹ ਛੱਡ ਕੇ ਬੇਜ਼ਮੀਨੇ ਕਿਰਤੀਆਂ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਸਲਾਹ ਦਿੱਤੀ ਹੈ।

LEAVE A REPLY

Please enter your comment!
Please enter your name here