ਕੈਲੀਫੋਰਨੀਆ ਵਿਚ ਤਪਸ਼ ਨੇ ਲੋਕਾਂ ਦਾ ਜੀਣਾ ਕੀਤਾ ਮੁਹਾਲ    

0
319

ਜੰਗਲ ਨੂੰ ਲੱਗੀ ਅੱਗ ਨੇ ਮੁਸੀਬਤਾਂ ਵਿਚ ਕੀਤਾ ਵਾਧਾ, ਪਾਰਾ ਪਹੁੰਚਿਆ ਸਿਖਰਤੇ

ਸੈਕਰਾਮੈਂਟੋ 4 ਸਤੰਬਰ (ਹੁਸਨ ਲੜੋਆ ਬੰਗਾ) – ਉੱਤਰੀ ਕੈਲੀਫੋਰਨੀਆ ਵਿਚ ਚਲ ਰਹੀਆਂ ਗਰਮ ਹਵਾਵਾਂ ਕਾਰਨ ਐਲਾਨੀ ਹੰਗਾਮੀ ਸਥਿੱਤੀ ਦਰਮਿਆਨ  ਜੰਗਲ ਨੂੰ ਲੱਗੀ  ਅੱਗ ਨੇ ਲੋਕਾਂ ਦੀਆਂ ਮੁਸੀਬਤਾਂ ਵਿਚ ਹੋਰ ਵਾਧਾ ਕੀਤਾ ਹੈ। ਅਗਲੇ ਹਫਤੇ ਦੇ ਸ਼ੁਰੂ ਵਿਚ ਰਾਜ ਦੇ ਬਹੁਤ ਸਾਰੇ ਖੇਤਰਾਂ ਵਿਚ ਤਾਪਮਾਨ 3 ਅੰਕੜਿਆਂ ਵਿੱਚ ਪਹੁੰਚ ਜਾਣ ਦੀ  ਸੰਭਾਵਨਾ ਹੈ। ਅੱਗ ਬੀਤੇ ਦਿਨ ਸਨਫਰਾਂਸਿਸਕੋ ਦੇ ਉੱਤਰ ਵਿਚ ਤਕਰੀਬਨ 250 ਮੀਲ ਦੂਰ ਸ਼ੁਰੂ ਹੋਈ ਸੀ। ਛੋਟੇ ਜਿਹੇ ਕਸਬੇ ਵੀਡ ਦੇ ਘਰ ਸੜ ਕੇ ਸਵਾਹ ਹੋ ਗਏ ਹਨ ਤੇ ਇਥੇ ਰਹਿੰਦੇ ਲੋਕ  ਕਿਤੇ ਹੋਰ ਚਲੇ ਜਾਣ ਲਈ ਮਜਬੂਰ ਹੋ ਗਏ ਹਨ। ਕੁਝ ਲੋਕਾਂ ਨੂੰ ਹਸਪਤਾਲ ਵੀ ਦਾਖਲ ਕਰਵਾਉਣਾ ਪਿਆ ਹੈ। ਕੈਲੀਫੋਰਨੀਆ ਦੇ ਅੱਗ ਬੁਝਾਊ ਵਿਭਾਗ ਅਨੁਸਾਰ 4000 ਏਕੜ  ਵਿਚ ਲੱਗੀ ਅੱਗ ਉਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਹੁਣ ਤੱਕ 20% ਖੇਤਰ ਵਿਚ ਅੱਗ ਨੂੰ ਅੱਗੇ ਵਧਣ ਤੋਂ ਰੋਕਣ ਵਿਚ ਸਫਲਤਾ ਮਿਲੀ ਹੈ। ਕੌਮੀ ਮੌਸਮ ਸੇਵਾ ਅਨੁਸਾਰ ਕੈਲੀਫੋਰਨੀਆ ਤੇ ਦੱਖਣੀ ਨੇਵਾਡਾ ਵਿਚ 4 ਕਰੋੜ ਲਕਾਂ ਨੂੰ ਤਪਸ਼ ਦੀ ਚਿਤਾਵਨੀ ਦਿੱਤੀ ਗਈ ਹੈ ਜਦ ਕਿ 90 ਲੱਖ ਲੋਕ ਪਹਿਲਾਂ ਹੀ ਤਪਸ਼ ਦੀ ਲਪੇਟ ਵਿਚ ਹਨ। ਡੈਥ ਵੈਲੀ ਵਿਚ ‘ਲੇਬਰ ਡੇਅ’ ਮੌਕੇ ਤਾਪਮਾਨ 122 ਡਿਗਰੀ ਤੱਕ ਪਹੁੰਚ ਜਾਣ ਦੀ ਭਵਿੱਖਬਾਣੀ ਕੀਤੀ ਗਈ ਹੈ ਜਦ ਕਿ ਧਰਤੀ ਉਪਰ ਇਸ ਤੋਂ ਪਹਿਲਾਂ 126 ਡਿਗਰੀ ਸਭ ਤੋਂ ਵਧ ਤਾਪਮਾਨ ਰਿਕਾਰਡ ਹੋਇਆ ਸੀ। ਕੌਮੀ ਮੌਸਮ ਸੇਵਾ ਅਨੁਸਾਰ ਸੋਮਵਾਰ ਨੂੰ ਸੈਕਰਾਮੈਂਟੋ ਵਿਚ ਤਾਪਮਾਨ 112 ਡਿਗਰੀ ਤੱਕ ਪਹੁੰਚ ਜਾਣ ਦਾ ਅਨੁਮਾਨ ਹੈ। ਕੌਮੀ ਮੌਸਮ ਸੇਵਾ ਨੇ ਕਿਹਾ ਹੈ ਕਿ ਰਾਤ ਨੂੰ ਕੁਝ ਰਾਹਤ ਮਹਿਸੂਸ ਹੋਵੇਗੀ ਪਰੰਤੂ ਤਪਸ਼ ਨਾਲ ਸਬੰਧਤ ਬਿਮਾਰੀਆਂ ਦਾ ਖਤਰਾ ਹੋ ਸਕਦਾ ਹੈ। ਸੈਕਰਾਮੈਂਟੋ ਸਮੇਤ ਕੁਝ ਹੋਰ ਖੇਤਰਾਂ ਵਿਚ ਕੂਲਿੰਗ ਸੈਂਟਰ ਖੋਹਲੇ ਗਏ ਹਨ ਜੋ ਲੋਕਾਂ ਨੂੰ ਤਪਸ਼ ਤੋਂ ਹੁੰਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਦੇਣ ਦੀ ਪੇਸ਼ਕਸ਼ ਕਰ ਰਹੇ ਹਨ । ਲੋਕਾਂ ਨੂੰ ਦਸ ਰਹੇ ਹਨ ਕਿ ਤਪਸ਼ ਤੋਂ ਕਿਸ ਤਰਾਂ ਬਚਿਆ ਜਾ ਸਕਦਾ ਹੈ। ਲੋਕਾਂ ਨੂੰ ਪਾਣੀ ਜਿਆਦਾ ਪੀਣ, ਧੁੱਪ ਤੋਂ ਬਚਾਅ ਕਰਨ ਤੇ ਸਿਖਰ ਦੁਪਹਿਰੇ ਬਾਹਰ ਨਾ ਘੁੰਮਣ ਦੀ ਸਲਾਹ ਦਿੱਤੀ ਗਈ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਆਪਣੇ ਗਵਾਂਢੀਆਂ ਦਾ ਖਿਆਲ ਰਖਣ ਤੇ ਪਸ਼ੂਆਂ ਨੂੰ ਛਾਂ ਹੇਠ ਰਖਣ ਤੇ ਉਨਾਂ ਨੂੰ ਪਾਣੀ ਨਿਰੰਤਰ ਪਿਆਇਆ ਜਾਵੇ। ਇਸ ਦੇ ਨਾਲ ਹੀ ਲੋਕਾਂ ਯਾਦ ਕਰਵਾਇਆ ਗਿਆ ਹੈ ਕਿ ਉਹ ਅਜਿਹੀ ਕੋਈ ਗਤੀਵਿਧੀ ਨਾ ਕਰਨ ਜਿਸ ਨਾਲ ਅੱਗ ਲੱਗਣ ਦਾ ਖਤਰਾ ਹੋਵੇ ਕਿਉਂਕਿ ਜੰਗਲੀ ਅੱਗ ਦੀਆਂ 95% ਘਟਨਾਵਾਂ ਮਨੁੱਖੀ ਗਲਤੀ ਕਾਰਨ ਹੀ ਵਾਪਰਦੀਆਂ ਹਨ।

 

LEAVE A REPLY

Please enter your comment!
Please enter your name here