ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦੇ ਮਾਹਿਰਾਂ ਦੀ ਟੀਮ ਵੱਲੋਂ ਨਰਮੇ ਵਿੱਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਦਾ ਕੀਤਾ ਜਾ ਰਿਹੈ ਸਰਵੇਖਣ

0
96

ਕਿਸਾਨਾਂ ਨੂੰ ਹਰ ਹਫ਼ਤੇ ਖੇਤਾਂ ਦਾ ਸਰਵੇਖਣ ਕਰਨ ਅਤੇ ਲੋੜ ਮੁਤਾਬਿਕ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਦੀ ਸਲਾਹ
ਮਾਨਸਾ, 16 ਜੁਲਾਈ:
ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦੀ ਟੀਮ ਵੱਲੋਂ ਨਰਮੇ ਵਿੱਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਦਾ ਸਰਵੇਖਣ ਕਰਨ ਸਬੰਧੀ ਪਿੰਡ ਖਿਆਲੀ ਚਹਿਲਾਂਵਾਲੀ, ਸਾਹਨੇਵਾਲੀ, ਝੇਰਿਆਂਵਾਲੀ, ਧਿੰਗੜ ਅਤੇ ਘੁੱਦੂਵਾਲਾ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ। ਸਰਵੇਖਣ ਦੌਰਾਨ ਗੁਲਾਬੀ ਸੁੰਡੀ ਦਾ ਹਮਲਾ ਕਿਸੇ ਵੀ ਖੇਤ ਵਿੱਚ ਵੇਖਣ ਨੂੰ ਨਹੀਂ ਮਿਲਿਆ।

ਚਿੱਟੀ ਮੱਖੀ ਦਾ ਹਮਲਾ ਕੁੱਝ ਖੇਤਾਂ ਵਿੱਚ ਆਰਥਿਕ ਕਗਾਰ (ਔਸਤਨ 06 ਚਿੱਟੀ ਮੱਖੀ ਪ੍ਰਤੀ ਪੱਤਾ) ਤੋਂ ਉੱਪਰ ਪਾਇਆ ਗਿਆ ਹੈ। ਟੀਮ ਵੱਲੋਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਆਪਣੇ ਖੇਤਾਂ ਦਾ ਹਰ ਹਫ਼ਤੇ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਲੋੜ ਮੁਤਾਬਿਕ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਰੋਕਥਾਮ ਕਰਨ। ਇਸ ਸਾਲ ਨਰਮੇ ਪੱਟੀ ਵਿੱਚ ਗਰਮੀ ਰੁਤ ਦੀ ਮੂੰਗੀ ਦੀ ਫ਼ਸਲ ਕਾਫੀ ਵੱਡੇ ਰਕਬੇ ਵਿੱਚ ਬੀਜੀ ਗਈ ਹੈ ਅਤੇ ਚਿੱਟੀ ਮੱਖੀ ਸ਼ੂਰੁਆਤ ਵਿੱਚ ਮੂੰਗੀ ਤੇ ਵੱਧਦੀ ਫੁਲਦੀ ਹੈ ਅਤੇ ਬਾਅਦ ਵਿੱਚ ਇਹ ਨਾਲ ਲੱਗਦੇ ਨਰਮੇ ਦੇ ਖੇਤਾਂ ਵਿੱਚ ਹਮਲਾ ਕਰਦੀ ਹੈ ਅਤੇ ਮੌਸਮ ਅਨੁਕੂਲ ਹੋਣ ਕਰਕੇ ਇਸ ਦਾ ਵਾਧਾ ਨਰਮੇ ਉੱਤੇ ਬਹੁਤ ਤੇਜ਼ੀ ਨਾਲ ਹੁੰਦਾ ਹੈ।

ਡਾ. ਗੁਰਦੀਪ ਸਿੰਘ, ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਨਰਮਾ ਬੀਜਣ ਵਾਲੇ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਮੂੰਗੀ ਦੇ ਨਾਲ ਲਗਦੇ ਨਰਮੇ ਦੇ ਖੇਤਾਂ ਦਾ ਸਰਵੇਖਣ ਅਤੇ ਲੋੜ ਮੁਤਾਬਿਕ ਰੋਕਥਾਮ ਕਰਨ। ਨਾਈਟ੍ਰੋਜਨ ਖਾਦ ਸਿਫਾਰਿਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਉਣ ਕਿਉਂਕਿ ਜ਼ਿਆਦਾ ਖਾਦ ਪਾਉਣ ਨਾਲ ਰਸ ਰੂਸਣ ਵਾਲੇ ਕੀੜਿਆਂ ਦੇ ਹਮਲੇ ਵਿੱਚ ਵਾਧਾ ਹੁੰਦਾ ਹੈ।

ਡਾ. ਰਣਵੀਰ ਸਿੰਘ ਸਹਾਇਕ ਪ੍ਰੋਫੈਸਰ ਕੀਟ ਵਿਗਿਆਨ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਨੇ ਕਿਸਾਨ ਵੀਰਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਨਰਮੇ ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਸ਼ੁਰੂ ਕਰੋ ਜਦੋਂ ਬੂਟੇ  ਦੇ ਉੱਪਰਲੇ ਹਿੱਸੇ ਵਿੱਚ ਸਵੇਰ ਨੂੰ 10 ਵਜੇ ਤੋਂ ਪਹਿਲਾਂ ਦੀ ਗਿਣਤੀ ਪ੍ਰਤੀ ਪੱਤਾ 06 ਹੋ ਜਾਵੇ। ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ 200 ਮਿਲੀਲੀਟਰ ਕਲਾਸਟੋ 20 ਡਬਲਯੂ ਜੀ (ਪਾਇਰੀਫਲੂਕੀਨਾਜ਼ੋਨ) ਜਾਂ 400 ਮਿਲੀਲਿਟਰ ਸਫੀਨਾ 50 ਡੀ ਸੀ (ਆਫਿਡੋਪਾਇਰੋਪਿਨ) ਜਾਂ 60 ਗ੍ਰਾਮ ਓਸ਼ੀਨ 20 ਐਸ ਜੀ (ਡਾਇਨੋਟੈਫ਼ੂਰਾਨ) ਜਾਂ 200 ਗ੍ਰਾਮ ਪੋਲੋ ਰੂਬੀ ਕਰੇਜ਼ ਲੂਡੋ ਸ਼ੋਕੂ 50 ਡਬਲਯੂ ਪੀ (ਡਾਇਆਫੈਨਥੀਯੂਰੋਨ) ਜਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 800 ਮਿਲੀਲਿਟਰ ਫੋਸਮਾਈਟ/ਈ—ਮਾਈਟ/ਵਾਲਥੀਆਨ/ਗਲੋਡਮਿਟ 50 ਈ ਸੀ (ਈਥੀਆਨ) ਦਾ ਛਿੜਕਾਅ ਕਰੋ। ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲੀਟਰ ਲੈਨੋ 10 ਈ ਸੀ (ਪਾਈਰੀਪਰੋਕਸੀਫਿਨ) ਜਾਂ 200 ਮਿਲੀਲਿਟਰ ਓਬਰੇਨ/ਵੋਲਟੇਜ਼ 22.9 ਐਸ ਸੀ (ਸਪੈਰੋਮੈਸੀਫਿਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here