ਕੰਨਾਂ ਦੀਆਂ ਬਿਮਾਰੀਆਂ ਅਤੇ ਸੁਣਨ ਸ਼ਕਤੀ ਬਾਰੇ ਜਾਗਰੂਕਤਾ ਕੈਂਪ ਆਯੋਜਿਤ
ਮਾਨਸਾ, 24 ਸਤੰਬਰ:
ਸਿਵਲ ਹਸਪਤਾਲ ਮਾਨਸਾ ਵਿਖੇ ਸਿਵਲ ਸਰਜਨ ਡਾ.ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਕਮਲਦੀਪ ਦੀ ਅਗਵਾਈ ਹੇਠ 23 ਸਤੰਬਰ ਤੋਂ 30 ਸਤੰਬਰ ਤੱਕ ਮਨਾਏ ਜਾ ਰਹੇ ਹਫਤੇ ਤਹਿਤ ਕੰਨਾਂ ਦੀਆਂ ਬਿਮਾਰੀਆਂ ਅਤੇ ਸੁਣਨ ਸ਼ਕਤੀ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ ਨੱਕ, ਕੰਨ ਅਤੇ ਗਲੇ ਦੇ ਮਾਹਿਰ ਡਾ. ਕਿਰਨਵਿੰਦਰ ਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਵਿਅਕਤੀ ਨੂੰ ਛੋਟੀ ਉਮਰ ਤੋਂ ਹੀ ਆਪਣੀ ਸੁਣਨ ਸ਼ਕਤੀ ਦੀ ਜਾਂਚ ਕਰਾਉਣੀ ਚਾਹੀਦੀ ਹੈ। ਸੜਕ ਕਿਨਾਰੇ ਬੈਠੇ ਵਿਅਕਤੀਆਂ ਤੋਂ ਕੰਨ ਸਾਫ਼ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਘੱਟ ਸੁਣਨ ਵਾਲੇ ਬੱਚਿਆਂ ਨੂੰ ਦੂਜੇ ਬੱਚਿਆਂ ਨਾਲ ਰਲਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਮੇਂ ਸਮੇਂ ’ਤੇ ਮਾਹਿਰ ਡਾਕਟਰਾਂ ਦੀ ਰਾਇ ਲੈਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ 60 ਸਾਲ ਦੀ ਉਮਰ ਤੋਂ ਵੱਧ ਹਰ ਵਿਅਕਤੀ ਨੂੰ ਆਪਣਾ ਸੁਣਨ ਸ਼ਕਤੀ ਦਾ ਟੈਸਟ ਕਰਾਉਣਾ ਲਾਜ਼ਮੀ ਹੈ। ਸਕੂਲ ਵਿੱਚ ਪੜ੍ਹਨ ਵਾਲਾ ਬੱਚਾ ਥੋੜ੍ਹੀ ਦੂਰੀ ਤੋਂ ਅਧਿਆਪਕ ਦੀ ਆਵਾਜ਼ ਵੱਲ ਧਿਆਨ ਨਹੀਂ ਦੇ ਰਿਹਾ ਤਾਂ ਡਾਕਟਰ ਨਾਲ ਰਾਬਤਾ ਕਰਨਾ ਚਾਹੀਦਾ ਹੈ। ਗਰਭ ਅਵਸਥਾ ਦੌਰਾਨ ਮਾਹਿਰ ਡਾਕਟਰ ਦੀ ਰਾਇ ਤੋਂ ਬਿਨ੍ਹਾਂ ਲਈ ਗਈ ਦਵਾਈ ਨਵਜੰਮੇ ਬੱਚੇ ਦੀ ਸੁਣਨ ਦੀਆਂ ਕਮੀਆਂ ਦਾ ਕਾਰਨ ਬਣ ਸਕਦੀ ਹੈ।
ਇਸ ਦੌਰਾਨ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ ਜੈਨ ਨੇ ਦੱਸਿਆ ਕਿ ਇਸ ਹਫ਼ਤੇ ਦਾ ਮੰਤਵ ਸਾਰੀ ਜ਼ਿੰਦਗੀ ਸੁਰੱਖਿਅਤ ਸੁਣਨ ਸ਼ਕਤੀ ਨੂੰ ਬਣਾਈ ਰੱਖਣਾ ਹੈ। ਇਸ ਮੌਕੇ ਦਰਸ਼ਨ ਸਿੰਘ ਉਪ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਕਰਮਚਾਰੀ ਅਤੇ ਆਮ ਲੋਕ ਹਾਜ਼ਰ ਸਨ।