ਖਤਰਨਾਕ ਕੀਟਨਾਸ਼ਕਾਂ ਅਤੇ ਦਵਾਈਆਂ ਦੀ ਵਰਤੋਂ ਨੂੰ ਘਟਾਉਣ ਦਾ ਸਮਾਂ ਆਇਆ: ਕੁਲਤਾਰ ਸਿੰਘ ਸੰਧਵਾਂ

0
25

ਚੰਡੀਗੜ੍ਹ, 26 ਜੂਨ: ਪੰਜਾਬ ‘ਚ ਖਤਰਨਾਕ ਕੀਟਨਾਸ਼ਕਾਂ ਅਤੇ ਦਵਾਈਆਂ ਦੀ ਵਰਤੋਂ ਨੂੰ ਘਟਾਉਣ ਦਾ ਸਮਾਂ ਆ ਗਿਆ ਹੈ, ਇਹ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮਨੁੱਖੀ ਜੀਵਨ ਨੂੰ ਬਚਾਉਣ ਅਤੇ ਚੰਗੀ ਸਿਹਤ ਦੇ ਹਵਾਲੇ ਵਿੱਚ ਇਹ ਅਤੀ ਜ਼ਰੂਰੀ ਮੁੱਦਾ ਬਣ ਗਿਆ ਹੈ, ਜਿਸ ਨੂੰ ਸੁਚੱਜਾ ਢੰਗ ਤਰੀਕਾ ਅਪਣਾ ਕੇ ਹੱਲ ਕੀਤਾ ਜਾਣਾ ਲਾਜ਼ਮੀ ਹੋ ਗਿਆ ਹੈ। ਅੱਜ ਇੱਕ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ‘’ਬਹੁਤ ਖਤਰਨਾਕ ਕੀਟਨਾਸ਼ਕਾਂ ਦੀ ਵਰਤੋਂ: ਮੁੱਦੇ ਅਤੇ ਚਿੰਤਾਵਾਂ’’ ਵਿਸ਼ੇ ‘ਤੇ ਆਯੋਜਿਤ ਵਰਕਸ਼ਾਪ ‘ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਨੇ ਆਜ਼ਾਦੀ ਸੰਘਰਸ਼ ਅਤੇ ਅਨਾਜ ਦੇ ਉਦਪਾਦਨ ਤੇ ਵੱਧ ਝਾੜ ਪੈਂਦਾ ਕਰਨ ‘ਚ ਦੇਸ਼ ਦੀ ਅਗਵਾਈ ਕੀਤੀ ਹੈ ਅਤੇ ਹੁਣ ਪੰਜਾਬ ਜ਼ਹਿਰਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਘਟਾ ਕੇ ਕੁਆਲਿਟੀ ਅਨਾਜ ਅਤੇ ਫਸਲਾਂ ਪੈਦਾ ਕਰਨ ‘ਚ ਵੀ ਮੋਹਰੀ ਸਾਬਿਤ ਹੋਵੇਗਾ। ਜੈਵਿਕ ਖੇਤੀ ਅਤੇ ਵਿਰਾਸਤੀ ਖੇਤੀ ਤਕਨੀਕਾਂ ਦੀ ਵਰਤੋਂ ਕਰਨ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੀਟਨਾਸ਼ਕ ਦਵਾਈਆਂ ਤੇ ਕੈਮੀਕਲਾਂ ਨਾਲ ਮਨੁੱਖੀ ਸਿਹਤ ਅਤੇ ਵਾਤਾਵਰਨ ਹੌਲੀ-ਹੌਲੀ ਖਤਰਨਾਕ ਦਿਸ਼ਾ ਵੱਲ ਜਾ ਰਿਹਾ ਹੈ ਅਤੇ ਇਸ ਬਾਰੇ ਕਿਸਾਨਾਂ, ਲੋਕਾਂ ਅਤੇ ਸਮਾਜ ਨੂੰ ਜਾਗਰੂਕ ਕੀਤੇ ਜਾਣ ਦੀ ਬੇਹੱਦ ਜ਼ਰੂਰਤ ਹੈ।

ਸ. ਸੰਧਵਾਂ ਨੇ ਕਿਹਾ ਕਿ ਕੀਟਨਾਸ਼ਕਾਂ ਦਵਾਈਆਂ ਦੀ ਖਪਤ ਪੰਜਾਬ ਵਿੱਚ ਘਟਾਉਣੀ ਜਾਂ ਬੰਦ ਕਰਨੀ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ। ਕੀਟਨਾਸ਼ਕ ਦਵਾਈਆਂ ਹਵਾ, ਧਰਤੀ, ਬੂਟਿਆਂ ਅਤੇ ਪਾਣੀ ਜ਼ਰੀਏ ਮਨੁੱਖ ਸਿਹਤ ਤੱਕ ਪਹੁੰਚ ਰਹੀਆਂ ਹਨ ਅਤੇ ਆਪਣਾ ਬੁਰਾ ਪ੍ਰਭਾਵ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਨਦੀਨ ਨਾਸ਼ਕ ਵੀ ਸਿਰਫ ਨਦੀਨਾਂ ‘ਤੇ ਅਸਰ ਨਹੀਂ ਕਰਦੇ ਸਗੋਂ ਮਨੁੱਖਾਂ ‘ਤੇ ਵੀ ਮਾੜਾ ਪ੍ਰਭਾਵ ਪਾ ਰਹੇ ਹਨ। ਇਨ੍ਹਾਂ ਮਾਰੂ ਪ੍ਰਭਾਵਾਂ ਦਾ ਸੁਨੇਹਾ ਹੇਠਲੇ ਪੱਧਰ ਤੱਕ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ‘ਚ ਬੈਨ ਕੀਤੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨੂੰ ਹੋਰ ਸਖਤੀ ਨਾਲ ਨਜਿੱਠਿਆ ਜਾਣਾ ਜ਼ਰੂਰੀ ਬਣ ਗਿਆ ਹੈ।

ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕੀਟਨਾਸ਼ਕਾਂ ਦੀ ਵਰਤੋਂ ਨਾਲ ਭਾਵੇਂ ਉਤਪਾਦਨ ਵਧਦਾ ਹੈ ਪਰ ਇਹ ਵਰਤਾਰਾ ਹੌਲੀ-ਹੌਲੀ ਮਨੁੱਖ ਦੀ ਹੋਂਦ ਲਈ ਖਤਰਾ ਵੀ ਬਣਦਾ ਜਾ ਰਿਹਾ ਹੈ।ਬੈਨ ਕੀਤੇ ਗਏ ਕੀਟਨਾਸ਼ਕਾਂ ਦੀ ਵਰਤੋਂ ਵਿਰੁੱਧ ਸਖਤੀ ਕਰਨ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਹੋਰ ਵੱਧ ਮੁਨਾਫਾ ਲੈਣ ਦੀ ਖਾਤਿਰ ਕੀਟਨਾਸ਼ਕਾ ਦੀ ਵਰਤੋਂ ਬੇਹੱਦ ਖਤਰਨਾਕ ਰੁਝਾਨ ਹੈ, ਜਿਸਤੋਂ ਸਰਕਾਰ, ਸਵੈ ਮੇਵੀ ਸੰਸਥਾਵਾਂ, ਕਿਸਾਨਾਂ ਅਤੇ ਸਮਾਜ ਦੀ ਮਦਦ ਦੇ ਨਾਲ ਨਿਜਾਤ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕੀਟਨਾਸ਼ਕਾਂ ਦੀ ਵਰਤੋਂ ਘਟਾਉਣ ਜਾਂ ਬੰਦ ਕਰਨ ਸਬੰਧੀ ਹੇਠਲੇ ਪੱਧਰ ਤੱਕ ਸੰਦੇਸ਼ ਪਹੁੰਚਾਏ ਜਾਣ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਊਣ ਲਈ ਚੰਗਾ ਵਾਤਾਵਰਨ ਮਿਲ ਸਕੇ।

ਡਾ. ਬਲਬੀਰ ਸਿੰਘ, ਸਿਹਤ ਮੰਤਰੀ ਪੰਜਾਬ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮਨੁੱਖੀ ਸਿਹਤ ਲਈ ਕੀਟਨਾਸ਼ਕਾਂ ਦੀ ਵਰਤੋਂ ਬਹੁਤ ਖਤਰਨਾਕ ਹੱਦ ਤੱਕ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਦਯੋਗਾਂ ਤੋਂ ਆ ਰਹੇ ਪਾਣੀ ਕਾਰਨ ਧਰਤੀ ਹੇਠਾਂ ਯੂਰੇਨੀਅਮ ਅਤੇ ਖਤਰਨਾਕ ਕੈਮੀਕਲਾਂ ਦਾ ਪੱਧਰ ਵਧ ਰਿਹਾ ਹੈ, ਜਿਸ ਨਾਲ ਕੈਂਸਰ ਜਿਹੀਆਂ ਜਾਨਲੇਵਾ ਬਿਮਾਰੀਆਂ ਵਧ ਰਹੀਆਂ ਹਨ। ਉਨ੍ਹਾਂ ਕੈਮੀਕਲਾਂ ਦੀ ਵਰਤੋਂ ਘਟਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਸਬੰਧੀ ਕਿਸਾਨਾਂ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਅਤੀ ਜ਼ਰੂਰੀ ਹੋ ਗਿਆ ਹੈ।

ਇਸ ਮੌਕੇ ਸੰਬੋਧਨ ਕਰਦਿਆ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਸ੍ਰੀ ਕੇ.ਏ.ਪੀ. ਸਿਨਹਾ ਨੇ ਕਿਹਾ ਕਿ ਦਵਾਈਆਂ ਅਤੇ ਕਟਨਾਸ਼ਕਾਂ ਦੀ ਵਰਤੋ ਘਟਾਉਣ ਲਈ ਸੂਬਾ ਸਰਕਾਰ ਪਹਿਲਾਂ ਹੀ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ, ਦਵਾਈ ਵਿਕਰੇਤਾ ਅਤੇ ਕੰਪਨੀਆਂ ਵੱਧ ਮੁਨਾਫਾ ਕਮਾਉਣ ਲਈ ਯਤਨ ਕਰ ਰਹੀਆਂ ਹਨ ਜਦਕਿ ਉਪਭੋਗਤਾ ਨੂੰ ਸਹੀ ਭੋਜਨ ਲਈ ਸ਼ੁੱਧ ਅਨਾਜ  ਤੇ ਸਬਜੀਆਂ ਆਦਿ ਲੋੜੀਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 10 ਕੀਟਨਾਸ਼ਕ ਦਵਾਈਆਂ ਨੂੰ ਬੈਨ ਕੀਤਾ ਹੈ, ਜੋ ਕਿ ਬਾਸਮਤੀ ਦੀ ਫਸਲ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬੈਨ ਕੀਤੀਆਂ ਦਵਾਈਆਂ ਦੀ ਵਰਤੋਂ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਲ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਘਟਾਉਣ ਲਈ ਲੋੜੀਂਦੇ ਖੋਜ ਕਾਰਜਾਂ ਹਿੱਤ ਫੰਡਾਂ ਦੀ ਕੋਈ ਘਾਟ ਨਹੀਂ ਹੈ।

ਇਸ ਮੌਕੇ ਸ੍ਰੀ ਕੁਮਾਰ ਅਮਿਤ ਐਮ.ਡੀ. ਪੰਜਾਬ ਐਗਰੋ ਐਕਸਪੋਰਟ ਕਾਪੋਰੇਸ਼ਨ, ਸ੍ਰੀ ਓਮਿੰਦਰਾ ਦੱਤ ਮਿਸ਼ਨ ਕਾਰਜਕਾਰੀ ਡਾਇਰੈਕਟਰ ਖੇਤੀ ਵਿਰਾਸਤ ਮਿਸ਼ਨ, ਸ੍ਰੀ ਸਤੀਸ਼ ਸਿਨਹਾ ਐਸੋਸੀਏਟ ਡਾਇਰੈਕਟਰ ਟੌਸਿਕਸ ਲਿੰਕ, ਡਾ. ਬੀ.ਐਸ. ਘੁੰਮਣ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਸੁਖਪਾਲ ਸਿੰਘ ਚੇਅਰਮੈਨ ਪੰਜਾਬ ਸਟੇਟ ਫਾਰਮਰ ਕਮਿਸ਼ਨ, ਡਾ. ਸੋਹਨ ਸਿੰਘ ਵਾਲੀਆ ਡਾਇਰੈਕਟਰ ਸਕੂਲ ਆਫ ਆਰਗੈਨਿਕ ਫਾਰਮਿੰਗ ਪੀ.ਏ.ਯੂ., ਸ੍ਰੀ ਜਸਵੰਤ ਸਿੰਘ ਖੇਤੀਬਾੜੀ ਡਾਇਰੈਕਟਰ, ਸ੍ਰੀ ਪਿਊਸ਼ ਮੋਹਾਪਟਰਾ ਅਤੇ ਅਲਕਾ ਦੂਬੇ ਪ੍ਰੋਗਰਾਮ ਕੋਆਰਡੀਨੇਟਰ ਟੌਸਿਕਸ ਲਿੰਕ, ਪ੍ਰੋਫੈਸਰ ਰਮੇਸ਼ ਅਰੋੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ, ਡਾ. ਅਜਮੇਰ ਸਿੰਘ ਭੱਟ ਡਾਇਰੈਕਟਰ ਰਿਸਰਚ ਪੀ.ਏ.ਯੂ. ਲੁਧਿਆਣਾ, ਡਾ ਗੁਰਵਿੰਦਰ ਕੌਰ, ਸ੍ਰੀ ਗੁਰਸਿਮਰਨ ਧਨੋਆ, ਡਾ. ਸਚਿਨ ਗੁਪਤਾ, ਡਾ. ਅਰੁਣਜੀਤ ਸਿੰਘ, ਡਾ. ਸੁਭਾਸ਼ ਵਰਮਾ, ਡਾ. ਐਮ.ਐਸ. ਭੁੱਲਰ, ਸ੍ਰੀ ਸੁਖਵਿੰਦਰ ਪੱਪੀ, ਸ੍ਰੀ ਸੁਰਿੰਦਰ ਮਹੇਸ਼ਵਰੀ, ਸ੍ਰੀ ਕਰਨ ਭੁੱਟੀਵਾਲਾ, ਸ੍ਰੀ ਬਲਜੀਤ ਕੰਗ, ਸ੍ਰੀ ਮਨਬੀਰ ਰੇਡੂ, ਸ੍ਰੀ ਧਰਮਜੀਤ ਸਿੰਘ ਮਾਵੀ, ਪ੍ਰੋਫੈਸਰ ਬਲਜੀਤ ਸਹਾਰਨ, ਸ੍ਰੀ ਅਸ਼ੀਸ਼ ਗੁਪਤਾ, ਡਾ. ਭੁਪੇਸ਼ ਗੁਪਤਾ, ਡਾ. ਰਜਿੰਦਰਾ ਥਾਪਰ ਅਤੇ ਸ੍ਰੀ ਰਸਪਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here