ਸਕੂਲੀ ਵਿਦਿਆਰਥੀਆਂ ਨੂੰ ਫੂਡ ਸੇਫ਼ਟੀ ਸਬੰਧੀ ਜਾਗਰੂਕ ਕਰਨ ਦੇ ਦਿੱਤੇ ਆਦੇਸ਼
ਮਾਨਸਾ, 05 ਸਤੰਬਰ :
ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਦੀਆਂ ਹਦਾਇਤਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਹਾਜ਼ਰ ਕਮੇਟੀ ਮੈਂਬਰਾਂ ਨੂੰ ਖਾਣ—ਪੀਣ ਵਾਲੀਆਂ ਵਸਤਾਂ ਦੀ ਸਾਫ਼—ਸਫਾਈ, ਅਦਾਰਿਆਂ ਦੇ ਲਾਇਸੈਂਸ/ਰਜਿਸਟ੍ਰੇਸ਼ਨ ਸਬੰਧੀ, ਅਦਾਰਿਆਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੇ ਮੈਡੀਕਲ ਕਰਵਾਉਣ ਸਬੰਧੀ ਆਦੇਸ਼ ਜਾਰੀ ਕੀਤੇ ਗਏ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਹਦਾਇਤ ਕੀਤੀ ਕਿ ਆਪਣੇ ਅਧੀਨ ਆਉਂਦੇ ਸਮੂਹ ਸਕੂਲਾਂ ਵਿੱਚ ਮੀਡ—ਡੇ—ਮੀਲ ਬਣਾਉਣ ਵਾਲੇ ਸਾਰੇ ਕਰਮਚਾਰੀਆਂ ਦਾ ਮੈਡੀਕਲ ਕਰਵਾਇਆ ਜਾਵੇ ਅਤੇ ਸਕੂਲਾਂ ਵਿੱਚ ਬੱਚਿਆਂ ਨੂੰ ਫੂਡ ਸੇਫਟੀ ਪ੍ਰਤੀ ਜਾਣਕਾਰੀ ਦਿੱਤੀ ਜਾਵੇ।
ਮੀਟਿੰਗ ਦੌਰਾਨ ਜ਼ਿਲ੍ਹਾ ਸਿਹਤ ਅਫਸਰ ਡਾ.ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਟੀਮ ਵੱਲੋਂ ਖਾਣ—ਪੀਣ ਦਾ ਕੰਮ ਕਰਨ ਵਾਲੇ ਅਦਾਰਿਆਂ ਦੇ ਜਾਗਰੂਕਤਾ ਕੈਂਪ ਲਗਾਕੇ ਉਹਨਾਂ ਨੂੰ ਲਾਇਸੈਂਸ/ਰਜਿਸਟ੍ਰੇਸ਼ਨ, ਸਾਫ—ਸਫਾਈ ਅਤੇ ਮੁਲਾਜਮਾਂ ਦੇ ਮੈਡੀਕਲ ਕਰਵਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਫੂਡ ਸੇਫ਼ਟੀ ਅਫ਼ਸਰ ਸ਼੍ਰੀਮਤੀ ਦਿਵਿਆ ਗੋਸਵਾਮੀ ਅਤੇ ਸ਼੍ਰੀ ਅਮਰਿੰਦਰਪਾਲ ਸਿੰਘ ਨੇ ਹਲਵਾਈ ਯੂਨੀਅਨ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਭੋਜਣ ਨੂੰ ਤਲਣ ਵਾਲਾ ਤੇਲ ਰੋਜ਼ਾਨਾ ਹੀ ਬਦਲਿਆ ਜਾਵੇ। ਉਨ੍ਹਾਂ ਸਬੰਧਤ ਅਧਿਕਾਰੀ ਨੂੰ ਕਿਹਾ ਕਿ ਸ਼ਹਿਰ ਵਿੱਚ ਜਿੰਨ੍ਹੇ ਵੀ ਰੇਹੜੀ ਵਾਲੇ ਫੂਡ ਵਿਕਰੇਤਾ ਹਨ, ਉਨ੍ਹਾਂ ਦੀ ਐਫ.ਐਸ.ਆਈ. ਰਜਿਸਟ੍ਰੇਸ਼ਨ ਕਰਵਾਉਣੀ ਲਾਜਮੀ ਬਣਾਈ ਜਾਵੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਹਾਜ਼ਰ ਹਲਵਾਈ ਯੂਨੀਅਨ ਮਾਨਸਾ ਅਤੇ ਹੋਰ ਭੋਜਣ ਵਿਕਰੇਤਾਵਾਂ ਨੂੰ ਡਿਸਪਲੇਅ ਬੋਰਡ ਅਤੇ ਫੂਡ ਬਿਜਨੇਸ਼ ਅਪ੍ਰੇਟਰਾਂ ਲਈ ਜ਼ਰੂਰੀ ਨੁਕਤਿਆਂ ਦੀ ਬੁੱਕਲੈਟ ਵੀ ਵੰਡੀ ਗਈ।
Boota Singh Basi
President & Chief Editor