ਖੇਡਾਂ ਨਾਲ ਨੌਜਵਾਨਾਂ ਵਿੱਚ ਆਪਸੀ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ-ਵਿਧਾਇਕ ਡਾ. ਵਿਜੈ ਸਿੰਗਲਾ
*57 ਕਿਲੋ ਭਾਰ ਵਰਗ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਗੁਰਦਾਸਪੁਰ ਦਾ ਸਾਹਿਲ ਅਵੱਲ-ਜ਼ਿਲ੍ਹਾ ਖੇਡ ਅਫ਼ਸਰ
ਮਾਨਸਾ, 20 ਨਵੰਬਰ 2024
ਖੇਡਾਂ ਜਿੱਥੇ ਮਨੁੱਖ ਨੂੰ ਤੰਦਰੁਸਤ ਅਤੇ ਰੋਗ ਮੁਕਤ ਸਰੀਰ ਪ੍ਰਦਾਨ ਕਰਦੀਆਂ ਹਨ, ਉਥੇ ਹੀ ਖੇਡਾਂ ਨਾਲ ਨੌਜਵਾਨਾਂ ਵਿੱਚ ਆਪਸੀ ਮਿਲਵਰਤਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਅੱਜ ਖੇਡ ਵਿਭਾਗ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਛੇਵੇਂ ਦਿਨ ਦੇ ਚੱਲ ਰਹੇ ਰਾਜ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਂਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਸ਼੍ਰੀ ਗੁਰਪ੍ਰੀਤ ਸਿੰਘ ਭੁੱਚਰ ਵੀ ਮੌਜੂਦ ਸਨ ਜਿਨ੍ਹਾਂ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।
ਵਿਧਾਇਕ ਸ਼੍ਰੀ ਵਿਜੈ ਸਿੰਗਲਾ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਹੈ, ਜਿਸ ਨਾਲ ਨੌਜਵਾਨਾਂ ਦਾ ਖੇਡਾਂ ਵੱਲ ਰੁਝਾਨ ਹੋਰ ਵੀ ਵਧਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਖੇਡਾਂ ਨਾਲ ਜੁੜਕੇ ਜਿੱਥੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿੰਦੇ ਹਨ, ਉਥੇ ਹੀ ਉਨ੍ਹਾਂ ਨੂੰ ਸਮਾਜ ਵਿੱਚ ਵਿਚਰਨ ਦਾ ਸਲੀਕਾ ਆਉਂਦਾ ਹੈ।
ਖੇਡਾਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ 21-30 ਉਮਰ ਵਰਗ ਦੇ 57 ਕਿਲੋ ਭਾਰ ਵਰਗ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਗੁਰਦਾਸਪੁਰ ਦੇ ਸਾਹਿਲ ਕੁਮਾਰ ਨੇ ਪਹਿਲਾ, ਫਾਜ਼ਿਲਕਾ ਦੇ ਅਜੇ ਕੁਮਾਰ ਨੇ ਦੂਜਾ, ਕਪੂਰਥਲਾ ਦੇ ਅਰਸ਼ਦੀਪ ਭਾਰਤੀ ਅਤੇ ਫਤਿਹਗੜ੍ਹ ਸਾਹਿਬ ਦੇ ਧਰਮਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 61 ਕਿਲੋ ਭਾਰ ਵਰਗ ਵਿੱਚ ਅੰਮਿਤਸਰ ਦੇ ਸਾਹਿਲ ਨੇ ਪਹਿਲਾ, ਫਰੀਦਕੋਟ ਦੇ ਮਨਜੀਤ ਕੁਮਾਰ ਨੇ ਦੂਜਾ, ਮਾਨਸਾ ਦੇ ਬਲਵਿੰਦਰ ਸਿੰਘ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ 65 ਕਿਲੋ ਭਾਰ ਵਰਗ ਵਿੱਚ ਹੁਸ਼ਿਆਰਪੁਰ ਦੇ ਕ੍ਰਿਸ਼ਨ ਕੁਮਾਰ, ਅੰਮ੍ਰਿਤਸਰ ਦੇ ਪ੍ਰਿੰਸ, ਰੋਪੜ ਦੇ ਸਾਹਿਲ ਅਤੇ ਫਿਰੋਜ਼ਪੁਰ ਦੇ ਸਿਧਾਂਤ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਕੱਤਰ ਪੰਜਾਬ ਕੁਸ਼ਤੀ ਐਸੋਸੀਏਸ਼ਨ ਪੰਜਾਬ ਸ਼੍ਰੀ ਸ਼ਾਹਬਾਜ ਸਿੰਘ ਸਿੱਧੂ, ਭਰਪੂਰ ਸਿੰਘ ਬਰਾੜ, ਕੋਚ ਸ਼੍ਰੀਮਤੀ ਸ਼ਾਲੂ, ਏਕਮ ਸਿੰਘ, ਰਾਮਨਾਥ ਸਿੰਘ ਧੀਰਾ, ਸੰਗਰਮਾਜੀਤ ਸਿੰਘ, ਗੁਰਪ੍ਰੀਤ ਸਿੰਘ, ਪਹਿਲਵਾਨ ਗੋਲੂ ਚੀਮਾ ਅਤੇ ਮਨਪੀ੍ਰਤ ਸਿੰਘ ਸਿੱਧੂ ਤੋਂ ਇਲਾਵਾ ਹੋਰ ਵੀ ਕੋਚ ਅਤੇ ਖਿਡਾਰੀ ਮੌਜੂਦ ਸਨ।