ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

0
38
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਵਧੀਕ ਡਿਪਟੀ ਕਮਿਸ਼ਨਰ  ਗੁਰਪ੍ਰੀਤ ਸਿੰਘ ਥਿੰਦ ਵੱਲੋਂ ਬਹੁਮੰਤਵੀ ਖੇਡ ਸਟੇਡੀਅਮ ਪੱਟੀ ਵਿਖੇ ਕੀਤਾ ਗਿਆ ਖੇਡ ਮੁਕਾਬਲਿਆਂ ਦਾ ਰਸਮੀਂ ਉਦਘਾਟਨ
ਖੇਮਕਰਨ , 02 ਸਤੰਬਰ :(ਮਨਜੀਤ ਸ਼ਰਮਾਂ)
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਅੱਜ ਬਹੁਮੰਤਵੀ ਖੇਡ ਸਟੇਡੀਅਮ ਪੱਟੀ ਵਿਖੇ ਹੋਈ, ਜਿਸ ਦੌਰਾਨ ਬਲਾਕ ਪੱਟੀ ਦੇ ਖੇਡ ਮੁਕਾਬਲੇ ਕਰਵਾਏ ਗਏ।ਇਹਨਾਂ ਖੇਡ ਮੁਕਾਬਲਿਆਂ ਦਾ ਰਸਮੀਂ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਗੁਰਪ੍ਰੀਤ ਸਿੰਘ ਥਿੰਦ ਵੱਲੋਂ ਕੀਤਾ ਗਿਆ। ਇਸ ਮੌਕੇ ਐੱਸ. ਡੀ. ਐੱਮ. ਪੱਟੀ  ਕਿਰਪਾਲਵੀਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਸਤਵੰਤ ਕੌਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਹਰੀਕੇ  ਦਿਲਬਾਗ਼ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਤੇ ਖੇਡ ਪ੍ਰੇਮੀ ਵੀ ਹਾਜ਼ਰ ਸਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਥਿੰਦ ਨੇ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਵਿਸ਼ਵ ਪੱਧਰ ਤੱਕ ਆਪਣੀ ਪਹਿਚਾਣ ਬਣਾਉਣ ਲਈ ਨਿਰੰਤਰ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦਾ ਹਰ ਖਿਡਾਰੀ ਨੂੰ ਲਾਹਾ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਨੌਜਵਾਨ ਨਸ਼ਿਆਂ ਵਰਗੀਆਂ ਅਲ੍ਹਾਹਮਤਾਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਆਉਣ, ਕਿਉਂਕਿ ਖੇਡਾਂ ਜਿੱਥੇ ਨੌਜਵਾਨਾਂ ਦਾ ਮਾਨਸਿਕ ਤੇ ਸਰੀਰਿਕ ਵਿਕਾਸ ਕਰਦੀਆਂ ਹਨ, ਉਥੇ ਹੀ ਉਨ੍ਹਾਂ ਨੂੰ ਇਕ ਚੰਗਾ ਇਨਸਾਨ ਵੀ ਬਣਾਉਂਦੀਆਂ ਹਨ, ਜਿਸ ਤਹਿਤ ਉਹ ਦੁਨੀਆਦਾਰੀ ਵਿਚ ਵਿਚਰ ਕੇ ਉਹ ਆਪਣੀ ਵਿਲੱਖਣ ਪਹਿਚਾਣ ਬਣਾ ਸਕਦੇ ਹਨ ਅਤੇ ਆਪਣੇ ਪਿੰਡ, ਸ਼ਹਿਰ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ।
ਇਸ ਮੌਕੇ ਚੇਅਰਮੈਨ ਦਿਲਬਾਗ0ਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਰੋਈ ਸਿਹਤ ਪ੍ਰਦਾਨ ਕਰਨ ਲਈ 29 ਅਗਸਤ ਨੂੰ ਸੰਗਰੂਰ ਜਿਲ੍ਹੇ ਤੋਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੀ ਸ਼ੁਰੂਆਤ ਕੀਤੀ ਗਈ ਹੈ।ਉਹਨਾਂ ਕਿਹਾ ਕਿ ਜੇਕਰ ਬੱਚਿਆਂ ਦੇ ਮਾਪੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਗੇ ਤਾਂ ਹੀ ਬੱਚੇ ਖੇਡਾਂ ਨਾਲ ਜੁੜਨਗੇ ਅਤੇ ਜੋ ਬੱਚੇ ਖੇਡਾਂ ਨਾਲ ਜੁੜ ਜਾਣਗੇ ਉਹ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਸਤਵੰਤ ਕੌਰ ਨੇ ਦੱਸਿਆ ਕਿ ਅੱਜ ਬਲਾਕ ਪੱਟੀ ਵਿੱਚ ਖੇਡਾਂ ਦੀ ਸ਼ੁਰੂਆਤ ਹੋਈ ਹੈ ਅਤੇ 3 ਸਤੰਬਰ ਨੂੰ ਬਲਾਕ ਚੋਹਲਾ ਸਾਹਿਬ ਦੇ ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਸਟੇਡੀਅਮ ਵਿਖੇ, 4 ਸਤੰਬਰ ਨੂੰ ਬਲਾਕ ਖਡੂਰ ਸਾਹਿਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ ਵਿਖੇ, 5 ਸਤੰਬਰ ਨੂੰ ਬਲਾਕ ਗੰਡੀਵਿੰਡ ਦੇ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ, 6 ਸਤੰਬਰ ਨੂੰ ਬਲਾਕ ਵਲਟੋਹਾ ਦੇ ਸ਼ਹੀਦ ਹਵਾਲਦਾਰ ਅਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਵਿਖੇ, ਬਲਾਕ ਭਿੱਖੀਵਿੰਡ ਦੇ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਹੂਵਿੰਡ ਅਤੇ ਬਲਾਕ ਨੌਸ਼ਹਿਰਾ ਪੰਨੂਆਂ ਦੇ ਸ. ਬਲਬੀਰ ਸਿੰਘ ਸਪੋਰਟਸ ਸਟੇਡੀਅਮ ਵਿਖੇ 7 ਸਤੰਬਰ ਨੂੰ ਅਤੇ ਬਲਾਕ ਤਰਨ ਤਾਰਨ ਦੇ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ 9 ਅਤੇ 10 ਸਤੰਬਰ ਨੂੰ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅੰਡਰ 14, 17, 21 ਤੋਂ ਇਲਾਵਾ ਵੱਖ-ਵੱਖ ਉਮਰ ਵਰਗ 21-30, 31-40, 41-50, 51-60 ਤੇ 61-70 ਤੇ 70 ਸਾਲ ਤੋਂ ਵੱਧ ਉਮਰ ਵਰਗ ਦੇ ਵਿਅਕਤੀ ਹਿੱਸਾ ਲੈ ਸਕਦੇ ਹਨ।ਉਹਨਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਲਈ 14 ਸਤੰਬਰ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ 10 ਅਕਤੂਬਰ ਤੱਕ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here