ਖੇਤ ਮਜ਼ਦੂਰਾਂ ਵੱਲੋਂ ਡਾਕਟਰਾਂ ਤੇ ਬਿਜਲੀ ਕਾਮਿਆਂ ਦੀ ਹੜਤਾਲ ਦੀ ਹਮਾਇਤ ਦਾ ਐਲਾਨ
ਦਲਜੀਤ ਕੌਰ
ਚੰਡੀਗੜ੍ਹ ,10 ਸਤੰਬਰ 2024: ਸਰਕਾਰੀ ਹਸਪਤਾਲਾਂ ‘ਚ ਖਾਲੀ ਅਸਾਮੀਆਂ ਭਰਨ ਅਤੇ ਡਾਕਟਰਾਂ ਦੀਆਂ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕਰਨ ਆਦਿ ਮੰਗਾਂ ਨੂੰ ਲੈ ਕੇ ਕੱਲ 9 ਸਤੰਬਰ ਤੋਂ ਹੜਤਾਲ ਕਰ ਰਹੇ ਡਾਕਟਰਾਂ ਦੇ ਸੰਘਰਸ਼ ਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਡਟਵੀਂ ਹਮਾਇਤ ਦਾ ਐਲਾਨ ਕੀਤਾ ਗਿਆ । ਖੇਤ ਮਜ਼ਦੂਰ ਆਗੂਆਂ ਵੱਲੋਂ ਬਿਜਲੀ ਬੋਰਡ ਦੇ ਕਰਮਚਾਰੀਆਂ ਦੁਆਰਾ ਬਿਜਲੀ ਕਾਨੂੰਨ 2003 ਤੇ 2020 ਰੱਦ ਕਰਨ, ਠੇਕਾ ਭਰਤੀ ਰੱਦ ਕਰਕੇ ਪੱਕੀ ਭਰਤੀ ਰਾਹੀਂ ਖ਼ਾਲੀ ਅਸਾਮੀਆਂ ਭਰਨ ਆਦਿ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਦੀ ਹਮਾਇਤ ਦਾ ਵੀ ਐਲਾਨ ਕੀਤਾ ਗਿਆ । ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਜ਼ਾਰੀ ਕੀਤੇ ਬਿਆਨ ਰਾਹੀਂ ਆਖਿਆ ਕਿ ਡਾਕਟਰਾਂ ਅਤੇ ਬਿਜਲੀ ਕਾਮਿਆਂ ਦੀਆਂ ਮੰਗਾਂ ਪੂਰੀ ਤਰ੍ਹਾਂ ਵਾਜਿਬ ਹਨ ਅਤੇ ਸਰਕਾਰ ਨੂੰ ਇਹ ਮੰਗਾਂ ਫੌਰੀ ਪ੍ਰਵਾਨ ਕਰਕੇ ਲਾਗੂ ਕਰਨੀਆਂ ਚਾਹੀਦੀਆਂ ਹਨ।
ਉਹਨਾਂ ਆਖਿਆ ਕਿ ਡਾਕਟਰਾਂ ਵਲੋਂ ਜਿੰਨ੍ਹਾਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਉਹਨਾਂ ਦਾ ਸਬੰਧ ਹੜਤਾਲੀ ਡਾਕਟਰਾਂ ਤੋਂ ਇਲਾਵਾ ਬਿਮਾਰੀਆਂ ਨਾਲ ਜੂਝ ਰਹੇ ਕਿਸਾਨਾਂ ਮਜਦੂਰਾਂ ਸਮੇਤ ਸਮੁੱਚੀ ਲੋਕਾਈ ਨਾਲ ਬਣਦਾ ਹੈ ਇਸ ਲਈ ਸਮੂਹ ਲੋਕਾਂ ਨੂੰ ਡਾਕਟਰਾਂ ਦੇ ਇਸ ਸੰਘਰਸ਼ ਦੀ ਡਟਵੀਂ ਹਮਾਇਤ ‘ਚ ਉਤਰਨਾ ਚਾਹੀਦਾ ਹੈ। ਉਹਨਾਂ ਆਖਿਆ ਕਿ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਹਸਪਤਾਲਾਂ ‘ਚ ਡਾਕਟਰਾਂ ਤੋਂ ਇਲਾਵਾ ਸਟਾਫ਼ ਨਰਸਾਂ ਤੇ ਹੋਰ ਸਟਾਫ ਦੀਆਂ ਖਾਲੀ ਅਸਾਮੀਆਂ ਨਹੀਂ ਭਰੀਆਂ ਜਾ ਰਹੀਆਂ ਜਿਸ ਕਾਰਨ ਜਿੱਥੇ ਡਾਕਟਰਾਂ ਤੇ ਸਮੁੱਚੇ ਸਟਾਫ ਉੱਪਰ ਕੰਮ ਬੋਝ ਵਧ ਰਿਹਾ ਹੈ, ਉਥੇ ਇਲਾਜ ਕਰਾਉਣ ਆਉਂਦੇ ਮਰੀਜ਼ਾਂ ਨੂੰ ਵੀ ਭਾਰੀ ਖੱਜਲ ਖੁਆਰੀ ਝੱਲਣੀ ਪੈ ਰਹੀ ਹੈ ਜਾਂ ਫਿਰ ਉੱਚੀਆਂ ਵਿਆਜ਼ ਦਰਾਂ ‘ਤੇ ਕਰਜ਼ੇ ਚੁੱਕ ਕੇ ਪ੍ਰਾਈਵੇਟ ਹਸਪਤਾਲਾਂ ‘ਚ ਇਲਾਜ ਕਰਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਉਹਨਾਂ ਆਖਿਆ ਕਿ ਮਸਲਾ ਸਿਰਫ ਖਾਲੀ ਅਸਾਮੀਆਂ ਭਰਨ ਦਾ ਨਹੀਂ ਸਗੋਂ ਵਧੀ ਹੋਈ ਆਬਾਦੀ ਅਤੇ ਵਧੀਆ ਹੋਈਆਂ ਬਿਮਾਰੀਆਂ ਦੇ ਹਿਸਾਬ ਨਵੀਂ ਅਸਾਮੀਆਂ ਪੈਦਾ ਕਰਨ ਤੋਂ ਇਲਾਵਾ ਲੋੜੀਂਦੇ ਸਾਜ਼ੋ ਸਾਮਾਨ, ਦਵਾਈਆਂ ਆਦਿ ਦੀ ਪੂਰਤੀ ਕਰਨ ਦਾ ਬਣਦਾ ਹੈ। ਉਹਨਾਂ ਮੰਗ ਕੀਤੀ ਕਿ ਸਿਹਤ ਸੇਵਾਵਾਂ ਅਤੇ ਬਿਜਲੀ ਖੇਤਰ ਸਮੇਤ ਸਭਨਾਂ ਖੇਤਰਾਂ ‘ਚ ਨਿੱਜੀਕਰਨ, ਵਪਾਰੀਕਰਨ ਦੀਆਂ ਨੀਤੀਆਂ ਰੱਦ ਕਰਕੇ ਪੱਕੀ ਭਰਤੀ ਦੀ ਨੀਤੀ ਲਾਗੂ ਕੀਤੀ ਜਾਵੇ। ਉਹਨਾਂ ਆਖਿਆ ਕਿ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਸੰਘਰਸ਼ ਕਰ ਰਹੇ ਸਭਨਾਂ ਮੁਲਾਜ਼ਮਾਂ ਨੂੰ ਆਪੋ ਆਪਣੇ ਮੰਗਾਂ ਉੱਪਰ ਸੰਘਰਸ਼ ਕਰਦੇ ਹੋਏ ਇਹਨਾਂ ਨੀਤੀਆਂ ਵਿਰੁੱਧ ਤਾਲਮੇਲਵੇਂ ਤੇ ਸਾਂਝੇ ਸੰਘਰਸ਼ਾਂ ਦੇ ਰਾਹ ਪੈਣ ਦੀ ਜ਼ਰੂਰਤ ਹੈ।