ਖੱਬੇ ਪੱਖੀਆਂ ਵੱਲੋਂ ਫਲਸਤੀਨੀਆਂ ਦੇ ਹੱਕ ਵਿਚ 7 ਅਕਤੂਬਰ ਨੂੰ ਜਲੰਧਰ ‘ਚ ਸੂਬਾਈ ਇਕੱਠ ਕਰਨ ਦਾ ਐਲਾਨ
ਖੱਬੇ ਪੱਖੀਆਂ ਵੱਲੋਂ ਫਲਸਤੀਨੀਆਂ ਦੇ ਹੱਕ ਵਿਚ 7 ਅਕਤੂਬਰ ਨੂੰ ਜਲੰਧਰ ‘ਚ ਸੂਬਾਈ ਇਕੱਠ ਕਰਨ ਦਾ ਐਲਾਨ
ਦਲਜੀਤ ਕੌਰ
ਚੰਡੀਗੜ੍ਹ/ਜਲੰਧਰ; 29 ਸਤੰਬਰ, 2024: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ), ਸੀਪੀਆਈ (ਐਮਐਲ) ਨਿਊ ਡੈਮੋਕ੍ਰੇਸੀ, ਸੀਪੀਆਈ (ਐਮਐਲ) ਲਿਬ੍ਰੇਸ਼ਨ ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਆਉਂਦੀ 7 ਅਕਤੂਬਰ ਨੂੰ ‘ਦੇਸ਼ ਭਗਤ ਯਾਦਗਾਰ ਜਲੰਧਰ’ ਦੇ ‘ਗ਼ਦਰੀ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ’ ਵਿਚ ਇਕ ਸਾਂਝੀ ਸੂਬਾਈ ਕਨਵੈਨਸ਼ਨ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਸਾਥੀ ਪਰਗਟ ਸਿੰਘ ਜਾਮਾਰਾਏ, ਦਰਸ਼ਨ ਖਟਕੜ, ਗੁਰਮੀਤ ਸਿੰਘ ਬਖ਼ਤਪੁਰ, ਕਮਲਜੀਤ ਖੰਨਾ, ਰਤਨ ਸਿੰਘ ਰੰਧਾਵਾ, ਅਜਮੇਰ ਸਿੰਘ ਸਮਰਾ, ਰਾਜਬਿੰਦਰ ਸਿੰਘ ਰਾਣਾ ਅਤੇ ਨਾਰਾਇਣ ਦੱਤ ਨੇ ਦਿੱਤੀ ਹੈ।
ਫਲਸਤੀਨੀਆਂ ਦੇ ਨਸਲਘਾਤ ਅਤੇ ਆਪਣੀ ਮਾਤ ਭੂਮੀ ਤੋਂ ਉਨ੍ਹਾਂ ਨੂੰ ਖਦੇੜਣ ਲਈ ਅਮਰੀਕਨ ਸਾਮਰਾਜ ਤੇ ਇਸ ਦੇ ਪੱਛਮੀ ਭਾਈਵਾਲਾਂ ਦੇ ਥਾਪੜੇ ਨਾਲ ਇਜ਼ਰਾਇਲ ਵਲੋਂ ਵਿੱਢੀ ਗਈ ਨਿਹੱਕੀ ਤੇ ਅਸਾਵੀਂ ਜੰਗ ਖਿਲਾਫ਼ ਕੀਤੀ ਜਾ ਰਹੀ ਇਸ ਕਨਵੈਨਸ਼ਨ ਨੂੰ ਹੋਰਨਾਂ ਤੋਂ ਇਲਾਵਾ ਆਰਐਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਵੀ ਸੰਬੋਧਨ ਕਰਨਗੇ। ਵਿਸ਼ਵ ਭਾਈਚਾਰੇ ਦੀਆਂ ਜੰਗਬੰਦੀ ਦੀਆਂ ਨਿਰੰਤਰ ਅਪੀਲਾਂ ਅਤੇ ਵਿਸ਼ਵ ਵਿਆਪੀ ਲੋਕ ਸੰਗਰਾਮ ਦੇ ਬਾਵਜੂਦ ਇਜ਼ਰਾਇਲ ਇਹ ਮਨੁੱਖ ਮਾਰੂ ਜੰਗ ਜਾਰੀ ਰੱਖਣ ਲਈ ਬਜ਼ਿਦ ਹੈ, ਜਿਸ ਵਿਚ ਹੁਣ ਤਾਈਂ ਬਹੁ ਗਿਣਤੀ ਮਾਸੂਮ ਬੱਚਿਆਂ ਤੇ ਔਰਤਾਂ ਸਮੇਤ ਲਗਭਗ 50 ਹਜ਼ਾਰ ਨਿਰਦੋਸ਼ ਲੋਕ ਮਾਰ ਮੁਕਾਏ ਗਏ ਹਨ।
ਜੰਗਬਾਜਾਂ ਦੀ ਇਸੇ ਅੜੀ ਕਾਰਣ ਇਸ ਕੁਲਹਿਣੀ ਜੰਗ ਦੇ ਨਿਊਕਲਰ ਹਥਿਆਰਾਂ ਵਾਲੀ ਸੰਸਾਰ ਜੰਗ ਵਿਚ ਤਬਦੀਲ ਹੋਣ ਦੇ ਖਤਰੇ ਦਿਨੋ-ਦਿਨ ਵਧਦੇ ਤੁਰੇ ਜਾ ਰਹੇ ਹਨ। ਚੇਤੇ ਰਹੇ ਇਸੇ ਦਿਨ ਫਲਸਤੀਨੀਆਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਖੱਬੀਆਂ ਧਿਰਾਂ ਵਲੋਂ ਦੇਸ਼ ਭਰ ‘ਚ ਵੱਖੋ-ਵੱਖ ਕਿਸਮ ਦੇ ਐਕਸ਼ਨ ਕੀਤੇ ਜਾ ਰਹੇ ਹਨ।