ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖਿਲਾਫ ਪਹਿਲੇ ਦਿਨ ਤੋਂ ਹੀ ਬਹੁਤ ਸਪੱਸਟ ਨੀਤੀ ਤਹਿਤ ਕੰਮ ਕਰ ਰਹੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਾਇਨਜ ਅਤੇ ਜਿਉਲੋਜੀ ਬਾਰੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ 19 ਮਾਰਚ 2022 ਨੂੰ ਅਹੁਦਾ ਸੰਭਾਲਣ ਤੋਂ ਲੈਕੇ 07 ਅਗਸਤ 2022 ਤੱਕ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ 306 ਵੱਖ ਵੱਖ ਮੁਕੱਦਮੇ ਦਰਜ ਕੀਤੇ ਗਏ ਹਨ।
ਉਨਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲੇ ਵਿੱਚ ਮਾਈਨਿੰਗ ਸਬੰਧੀ ਸਬ ਤੋਂ ਵੱਧ 52 ਪਰਚੇ ਦਰਜ ਕੀਤੇ ਗਏ ਹਨ । ਸ. ਬੈਂਸ ਨੇ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਸਾਡੀ ਸਰਕਾਰ ਦਾ ਸਟੈਂਡ ਸਪੱਸ਼ਟ ਹੈ ਅਤੇ ਇਸ ਗਤੀਵਿਧੀ ਵਿਚ ਸਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਸਾਡੀ ਹੀ ਪਾਰਟੀ ਦਾ ਕੋਈ ਆਗੂ ਜਾਂ ਵਰਕਰ ਹੋਵੇ। ਉਨਾਂ ਕਿਹਾ ਕਿ ਜੇ ਕੋਈ ਮੇਰਾ ਪਰਿਵਾਰਕ ਮੈਂਬਰ ਜਾਂ ਰਿਸਤੇਦਾਰ ਵੀ ਇਸ ਕੰਮ ਵਿੱਚ ਸਾਮਲ ਹੋਇਆ ਤਾਂ ਉਸ ਖ਼ਿਲਾਫ ਉਹ ਖੁਦ ਕਾਰਵਾਈ ਹੋਣ ਨੂੰ ਯਕੀਨੀ ਬਣਾਉਣਗੇ।
ਉਨਾਂ ਕਿਹਾ ਕਿ ਪਿਛਲੇ ਦਿਨੀਂ ਉਨਾਂ ਦੇ ਹਲਕੇ ਅਧੀਨ ਆਉਂਦੇ ਪਿੰਡ ਕਾਹੀਵਾਲ ਵਿੱਚ ਨਾਜਾਇਜ਼ ਮਾਈਨਿੰਗ ਸੰਬੰਧੀ ਕੁਝ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ।ਇਸ ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਅਤੇ ਸਬੰਧਤ ਮਹਿਕਮੇ ਨੂੰ ਮੌਕੇ ਤੇ ਪੜਤਾਲ ਕਰਨ ਲਈ ਭੇਜਿਆ ਅਤੇ ਪੜਤਾਲ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕਰਦਿਆਂ ਥਾਣਾ ਆਨੰਦਪੁਰ ਸਾਹਿਬ ਵਿਖੇ ਮੁਕੱਦਮੇ ਦਰਜ ਕੀਤੇ ਗਏ ।ਕਿਹਾ ਕਿ ਉਨਾਂ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਹੋਈ ਹੈ ਕਿ ਅਗਰ ਕਿਤੇ ਵੀ ਕੋਈ ਨਾਜਾਇਜ਼ ਮਾਈਨਿੰਗ ਸਬੰਧੀ ਸ਼ਿਕਾਇਤ ਪ੍ਰਾਪਤ ਹੋਵੇ ਤਾਂ ਇਸ ਉੱਤੇ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ।
ਉਨਾਂ ਕਿਹਾ ਮਾਈਨਿੰਗ ਵਿਭਾਗ ਦੇ ਵੀ ਕੁਝ ਭਿ੍ਰਸ਼ਟ ਅਫ਼ਸਰਾਂ ਇਸ ਗੈਰ ਕਾਨੂੰਨੀ ਕੰਮ ਨੂੰ ਰੋਕਣ ਲਈ ਇਮਾਨਦਾਰੀ ਨਾਲ ਆਪਣੀ ਡਿਊਟੀ ਨਹੀਂ ਨਿਭਾਅ ਰਹੇ ਸਨ । ਜਿਨਾਂ ਉੱਤੇ ਕਾਰਵਾਈਆਂ ਅਮਲ ਵਿੱਚ ਲਿਆਂਦੀ ਗਈ ਅਤੇ ਰੂਪਨਗਰ ਅਤੇ ਪਠਾਨਕੋਟ ਦੇ ਮਾਈਨਿੰਗ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਸੀ। ਸ. ਬੈਂਸ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਸਪਸਟ ਹਦਾਇਤ ਕਰ ਦਿੱਤੀ ਗਈ ਹੈ ਕਿ ਪੂਰੀ ਆਜਾਦੀ ਅਤੇ ਬਿਨਾਂ ਕਿਸੇ ਰਾਜਨੀਤਕ ਦਬਾਅ ਤੋਂ ਆਪਣੀ ਡਿਊਟੀ ਕਾਨੂੰਨੀ ਦੀ ਪਾਲਣਾ ਕਰਦੇ ਹੋਏ ਕਰਨ।