ਚਾਈਨਾ ਡੋਰ ਦੀ ਵਿਕਰੀ ਰੋਕਣ ਲਈ ਪੁਲਿਸ ਨਾਲ ਮਿਲ ਕੇ ਜਾਂਚ ਕਰਨਗੇ ਤਹਿਸੀਲਦਾਰ-ਡਿਪਟੀ ਕਮਿਸ਼ਨਰ
–ਸਕੂਲਾਂ ਵਿੱਚ ਚਾਈਨਾ ਡੋਰ ਦੇ ਮਾਰੂ ਪ੍ਰਭਾਵਾਂ ਲਈ ਜਾਗਰੂਕਤਾ ਮੁਹਿੰਮ ਚਲਾਉਣ ਲਈ ਕੀਤੀ ਹਦਾਇਤ
ਅੰਮ੍ਰਿਤਸਰ 20 ਨਵੰਬਰ 2024
ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚੋਂ ਚਾਈਨਾ ਡੋਰ ਦੀ ਵਿਕਰੀ ਬੰਦ ਕਰਨ ਲਈ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਨੂੰ ਪੁਲਿਸ ਨਾਲ ਮਿਲ ਕੇ ਦੁਕਾਨਾਂ ਦੀ ਨਿਰੰਤਰ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਲੇ ਦੇ ਸਮੂਹ ਉਪ ਮੰਡਲ ਮਜਿਸਟਰੇਟ ਨੂੰ ਜਾਰੀ ਕੀਤੇ ਗਏ ਪੱਤਰ ਵਿੱਚ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਹੈ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ ਚਾਈਨਾ ਡੋਰ ਦੀ ਵਰਤੋਂ ਨਾਲ ਹੋਣ ਵਾਲੀਆਂ ਗੰਭੀਰ ਘਟਨਾਵਾਂ ਨੂੰ ਰੋਕਣ ਲਈ ਆਪਣੇ ਆਪਣੇ ਇਲਾਕੇ ਵਿੱਚ ਚਾਈਨਾ ਡੋਰ ਦੀ ਵਿਕਰੀ ਸਖਤੀ ਨਾਲ ਰੋਕੀ ਜਾਵੇ ਅਤੇ ਇਸ ਲਈ ਸਬੰਧਤ ਇਲਾਕੇ ਦੇ ਤਹੀਸੀਲਦਾਰ ਅਤੇ ਨਾਇਬ ਤਹਿਸੀਲਦਾਰ ਨੂੰ ਪੁਲਿਸ ਵਿਭਾਗ ਦੇ ਨਾਲ ਮਿਲ ਕੇ ਦੁਕਾਨਾਂ ਦੀ ਨਿਰੰਤਰ ਚੈਕਿੰਗ ਕਰਨ ਲਈ ਕਿਹਾ ਗਿਆ ਹੈ। ਉਹਨਾਂ ਇਸ ਮੁੱਦੇ ਉੱਤੇ ਕੀਤੀ ਗਈ ਕਾਰਵਾਈ ਦੀ ਹਰ ਹਫਤੇ ਰਿਪੋਰਟ ਭੇਜਣ ਲਈ ਹਦਾਇਤ ਵੀ ਕੀਤੀ ਹੈ ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਜਿਲਾ ਸਿੱਖਿਆ ਅਫਸਰ ਸਕੈਂਡਰੀ ਅਤੇ ਐਲੀਮੈਂਟਰੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਚੀਨੀ ਡੋਰ ਨਾਲ ਹੁੰਦੇ ਨੁਕਸਾਨ ਜਿਨਾਂ ਵਿੱਚ ਕਈ ਵਾਰੀ ਇਨਸਾਨ ਦੀ ਜ਼ਿੰਦਗੀ ਵੀ ਚਲੀ ਜਾਂਦੀ ਹੈ , ਬਾਰੇ ਨਿਰੰਤਰ ਜਾਗਰੂਕਤਾ ਮੁਹਿੰਮ ਚਲਾਉਣ ਲਈ ਕਿਹਾ ਹੈ । ਉਹਨਾਂ ਕਿਹਾ ਕਿ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਉਹ ਆਪਣੇ ਆਲੇ ਦੁਆਲੇ ਚੀਨੀ ਡੋਰ ਦੀ ਵਿਕਰੀ ਬਾਰੇ ਸਕੂਲ ਮੁਖੀਆਂ ਨੂੰ ਜਾਣਕਾਰੀ ਦੇਣ ਅਤੇ ਉਨਾਂ ਕੋਲ ਪਈ ਚੀਨੀ ਡੋਰ ਦੇ ਗੱਟੂ ਸਕੂਲ ਪ੍ਰਸ਼ਾਸਨ ਦੇ ਹਵਾਲੇ ਕਰਨ। ਉਹਨਾਂ ਕਿਹਾ ਕਿ ਸਕੂਲਾਂ ਵਿੱਚ ਅਜਿਹੇ ਮੁਹਿੰਮ ਨਾਲ ਜਿੰਨੀ ਵੀ ਡੋਰ ਇਕੱਠੀ ਹੁੰਦੀ ਹੈ ਉਹ ਇਲਾਕੇ ਦੇ ਉਪ ਮੰਡਲ ਮੈਜਿਸਟ੍ਰੇਟ ਦਫਤਰ ਵਿੱਚ ਜਮਾ ਕਰਵਾਈ ਜਾਵੇ ਅਤੇ ਉਹ ਆਪਣੀ ਹਾਜ਼ਰੀ ਵਿੱਚ ਇਸ ਨੂੰ ਨਸ਼ਟ ਕਰਨਾ ਯਕੀਨੀ ਬਣਾਉਣ
ਡਿਪਟੀ ਕਮਿਸ਼ਨਰ ਨੇ ਕਮਿਸ਼ਨਰ ਨਗਰ ਨਿਗਮ, ਨਿਗਰਾਨ ਇੰਜੀਨੀਅਰ ਪੰਜਾਬ ਰਾਜ ਪਾਵਰ ਨਿਗਮ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣੂ ਵਿਭਾਗ ਅਤੇ ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਹਾਈਵੇ ਨੂੰ ਲਿਖੇ ਪੱਤਰ ਵਿੱਚ ਇਹ ਵੀ ਕਿਹਾ ਹੈ ਕਿ ਉਹ ਆਪਣੇ ਆਪਣੇ ਇਲਾਕੇ ਵਿੱਚੋਂ ਬਿਜਲੀ ਦੇ ਖੰਭਿਆਂ, ਟੈਲੀਫੋਨ ਦੇ ਖੰਭਿਆਂ ਜਾਂ ਇਸਤਿਹਾਰ ਪੋਲਾਂ ਉੱਤੇ ਲਟਕਦੀ ਚੀਨੀ ਡੋਰ ਨੂੰ ਹਟਾਉਣ ਲਈ ਤੁਰੰਤ ਕਾਰਵਾਈ ਕਰਨ ਤਾਂ ਜੋ ਅਜਿਹੀ ਡੋਰ ਕਿਸੇ ਅਣਸੁਖਾਵੀ ਘਟਨਾ ਦਾ ਕਾਰਨ ਨਾ ਬਣ ਸਕੇ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚੀਨੀ ਡੋਰ ਦੀ ਵਰਤੋਂ ਤੋਂ ਸਖਤੀ ਨਾਲ ਰੁਕਣ ਅਤੇ ਇਸ ਦੇ ਬਦਲੇ ਧਾਗੇ ਦੀ ਬਣੀ ਰਵਾਇਤੀ ਡੋਰ ਕੇਵਲ ਪਤੰਗਬਾਜ਼ੀ ਦੀ ਵਰਤੋਂ ਵਿੱਚ ਲਿਆਂਦੀ ਜਾਵੇ।