ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,1 ਅਗਸਤ
ਜ਼ਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ ਸ਼੍ਰੀ ਅਸ਼ਵਨੀ ਕਪੂਰ ਵਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ 15 ਕਿਲੋ ਚੂਰਾ ਪੋਸਤ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ ਸਬ ਇੰਸਪੈਕਟਰ ਰਾਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐਸ.ਆਈ ਗੁਰਮੁੱਖ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਕੀਤੀ ਜਾ ਰਹੀ ਗਸ਼ਤ ਦੌਰਾਨ ਜਦ ਪਿੰਡ ਪੱਖੋਪੁਰ ਪੁੱਜੇ ਤਾਂ ਨਿਹੰਗ ਸਿੰਘ ਦੇ ਬਾਣੇ ਵਿੱਚ ਆ ਰਹੇ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਤਾਂ ਉਸਦੇ ਤੋੜੇ ਵਿੱਚੋਂ 15 ਕਿਲੋ ਚੂਰਾ ਪੋਸਤ ਬਰਾਮਦ ਹੋਇਆ ਜਦਕਿ ਦੂਸਰੇ ਤੋੜੇ ਵਿੱਚੋਂ ਕੰਡਾ ਅਤੇ ਵੱਟੇ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਸੁਖਦੇਵ ਸਿੰਘ ਵਾਸੀ ਪੱਖੋਪੁਰ ਵਜੋਂ ਹੋਈ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਉਕਤ ਵਿਅਕਤੀ ਦੇ ਖਿਲਾਫ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਐਨ.ਡੀ.ਪੀ.ਐਸ.ਐਕਟ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ੀ ਅਫਸਰ ਏ.ਐਸ.ਆਈ ਗੁਰਮੁੱਖ ਸਿੰਘ ਵਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।