ਜਨਤਕ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ਤੇ “ਕਾਰਪੋਰੇਟ ਭਜਾਓ-ਦੇਸ਼ ਬਚਾਓ” ਦਾ ਨਾਅਰੇ ਬੁਲੰਦ

0
15
ਜਨਤਕ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ਤੇ “ਕਾਰਪੋਰੇਟ ਭਜਾਓ-ਦੇਸ਼ ਬਚਾਓ” ਦਾ ਨਾਅਰੇ ਬੁਲੰਦ

ਜਨਤਕ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ਤੇ “ਕਾਰਪੋਰੇਟ ਭਜਾਓ-ਦੇਸ਼ ਬਚਾਓ” ਦਾ ਨਾਅਰੇ ਬੁਲੰਦ
ਦਲਜੀਤ ਕੌਰ
ਲਹਿਰਾਗਾਗਾ, 29 ਸਤੰਬਰ, 2024: ਅੱਜ ਇੱਥੇ ਜੀਪੀਐਫ ਕੰਪਲੈਕਸ ਵਿਖੇ ਇਲਾਕੇ ਦੀਆਂ ਸਮੂਹ ਜਨਤਕ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਦਾ 117ਵਾਂ ਜਨਮ ਦਿਹਾੜਾ ਸਾਂਝੇ ਰੂਪ ਵਿੱਚ ਮਨਾਇਆ ਗਿਆ। ਇਸ ਮੌਕੇ ਹੋਈ ਇੱਕਤਰਤਾ ਵਿੱਚ ਜਥੇਬੰਦੀਆਂ ਦੇ ਵੱਡੀ ਗਿਣਤੀ ਵਰਕਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸ਼ਹੀਦ ਭਗਤ ਸਿੰਘ ਦੇ ਜੀਵਨ ਸੰਗਰਾਮ ਅਤੇ ਅਦੁੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਭਾਰਤ ਦੀ ਜੰਗ ਏ ਆਜ਼ਾਦੀ ਦੀ ਲਹਿਰ ਵਿੱਚ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਆਮ ਨਾਲੋਂ ਹਟ ਕੇ ਇਨਕਲਾਬ – ਜ਼ਿੰਦਾਬਾਦ ਅਤੇ ਸਾਮਰਾਜਵਾਦ – ਮੁਰਦਾਬਾਦ ਦੇ ਜਿਹੜੇ ਨਾਅਰੇ ਬੁਲੰਦ ਕੀਤੇ ਉਨ੍ਹਾਂ ਦੀ ਪ੍ਰਸੰਗਿਕਤਾ ਅੱਜ ਵੀ ਬਣੀ ਹੋਈ ਹੈ।
ਮਾਸਟਰ ਰਘਬੀਰ ਭੁਟਾਲ ਦੇ ਮੰਚ ਸੰਚਾਲਨ ਹੇਠ ਸਮਾਗਮ ਦੀ ਸ਼ੁਰੂਆਤ ਜਗਦੀਸ਼ ਪਾਪੜਾ ਦੇ ਇਨਕਲਾਬੀ ਗੀਤਾਂ ਨਾਲ ਹੋਈ। ਬੁਲਾਰਿਆਂ ਨੇ ਕਿਹਾ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਸਾਮਰਾਜਵਾਦ ਦੇ ਚਲਣ-ਢੰਗ ਵਿੱਚ ਵਾਪਰੀਆਂ ਤਬਦੀਲੀਆਂ ਨੇ ਵਿੱਤ ਸਰਮਾਏ ਤੇ ਕਾਰਪੋਰੇਟ ਕੰਪਨੀਆਂ ਤੇ ਘਰਾਣਿਆਂ ਦਾ ਗਲਬਾ ਸਥਾਪਤ ਕਰਕੇ ਦੁਨੀਆਂ ਭਰ ਦੇ ਮਿਹਨਤਕਸ਼ ਲੋਕਾਂ ਨੂੰ ਭੁੱਖ ਨੰਗ ਤੇ ਕੰਗਾਲੀ ਵਿੱਚ ਧੱਕ ਦਿੱਤਾ ਹੈ ਅਤੇ ਕੁਦਰਤੀ ਸਰੋਤਾਂ ਦੀ ਬੇਕਿਰਕ ਲੁੱਟ ਤੇ ਤਬਾਹੀ ਦੇ ਮੂੰਹ ਧੱਕ ਕੇ ਵਾਤਾਵਰਣ ਲਈ ਵਡੇਰੇ ਖ਼ਤਰੇ ਖੜੇ ਕਰ ਦਿੱਤੇ ਹਨ। ਜਿਸ ਕਰਕੇ ਕਾਰਪੋਰੇਟਾਂ ਦਾ ਵਿਰੋਧ ਭਖਵਾਂ ਏਜੰਡਾ ਬਣ ਗਿਆ ਹਾ। ਦੁਨੀਆਂ ਭਰ ਵਿੱਚ ਕਾਰਪੋਰੇਟ ਲੁਟੇਰੇ ਲੋਕਾਂ ਦੇ ਚੋਟ ਨਿਸ਼ਾਨੇ ‘ਤੇ ਹਨ।
ਇਸ ਪਰੋਗਰਾਮ ਨੂੰ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਆਗੂ ਮਹਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸਵਰਨ ਸਿੰਘ ਤੇ ਸੁਖਵਿੰਦਰ ਸਿੰਘ ਘੋੜੇਨਾਬ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਵਿੰਦਰ ਸਿੰਘ ਖੋਖਰ, ਲੋਕ ਚੇਤਨਾ ਮੰਚ ਲਹਿਰਾਗਾਗਾ ਦੇ ਗਿਆਨ ਚੰਦ ਸ਼ਰਮਾ, ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਵਿੰਦਰ ਜਲੂਰ, ਜਮਹੂਰੀ ਅਧਿਕਾਰ ਸਭਾ ਦੇ ਜਗਜੀਤ ਭੁਟਾਲ, ਬਲਦੀਪ ਬੱਬੀ, ਪੰਜਾਬ ਕਿਸਾਨ ਯੂਨੀਅਨ ਦੇ ਬਲਵੀਰ ਜਲੂਰ ਬਲਦੀਪ ਬੱਬੀ ਨੇ ਸੰਬੋਧਨ ਕੀਤਾ। ਇਸ ਮੌਕੇ ਤਿੰਨ ਅਪਰਾਧਿਕ ਕਾਨੂੰਨ ਰੱਦ ਕਰਨ ਅਤੇ ਜਮਹੂਰੀ ਕਾਰਕੁੰਨਾਂ ਨੂੰ ਰਿਹਾ ਕਰਨ ਸਮੇਤ ਸਮੂਹ ਖੇਤੀ ਜਿਣਸਾਂ ‘ਤੇ ਐਮ ਐਸ ਪੀ ਲਾਗੂ ਕਰਨ ਦੀ ਮੰਗ ਕੀਤੀ ਗਈ।

LEAVE A REPLY

Please enter your comment!
Please enter your name here