ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪੰਚਾਇਤੀ ਜਮੀਨ ਦੀਆਂ ਬੋਲੀਆਂ ਸਬੰਧੀ ਜ਼ਿਲ੍ਹਾ ਪੱਧਰੀ ਧਰਨਾ ਦੇਣ ਦਾ ਐਲਾਨ
ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪੰਚਾਇਤੀ ਜਮੀਨ ਦੀਆਂ ਬੋਲੀਆਂ ਸਬੰਧੀ ਜ਼ਿਲ੍ਹਾ ਪੱਧਰੀ ਧਰਨਾ ਦੇਣ ਦਾ ਐਲਾਨ
ਦਲਜੀਤ ਕੌਰ
ਸੰਗਰੂਰ, 6 ਜੁਲਾਈ, 2024: ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜੋਨਲ ਕਮੇਟੀ ਦੀ ਮੀਟਿੰਗ ਜਗਤਾਰ ਸਿੰਘ ਤੋਲੇਵਾਲ ਦੀ ਪ੍ਰਧਾਨਗੀ ਹੇਠ ਗਦਰ ਮੈਮੋਰੀਅਲ ਭਵਨ ਵਿਖੇ ਹੋਈ ਜਿਸ ਵਿੱਚ ਇਸ ਵਾਰ ਪੰਚਾਇਤੀ ਜਮੀਨ ਦੀਆਂ ਬੋਲੀਆਂ ਵਿੱਚ ਤੀਸਰਾ ਹਿੱਸਾ ਲੈਣ ਸੰਬੰਧੀ ਵੱਖ-ਵੱਖ ਪਿੰਡਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਤੋਂ ਬਾਅਦ ਆਗੂਆਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਦਿੜ੍ਹਬਾ ਬਲਾਕ ਦੇ ਪਿੰਡ ਸ਼ਾਦੀਹਰੀ ਅਤੇ ਢੰਡੋਲੀ ਕਲਾਂ ਸ਼ੇਰਪੁਰ ਬਲਾਕ ਦੇ ਹੇੜੀਕੇ ਵਿੱਚ ਪ੍ਰਸ਼ਾਸਨ ਵੱਲੋ ਜਾਣਬੁੱਝ ਕੇ ਡੰਮੀ ਬੋਲੀ ਕਰਾਉਣ ਦੀ ਨੀਅਤ ਨਾਲ ਲਗਾਤਾਰ ਵਾਰ-ਵਾਰ ਬੋਲੀਆਂ ਰੱਦ ਕੀਤੀਆਂ ਜਾ ਰਹੀਆਂ ਹਨ ਅਤੇ ਪਿੰਡ ਦਾ ਮਾਹੌਲ ਜਾਣਬੂਝ ਕੇ ਖਰਾਬ ਕੀਤਾ ਜਾ ਰਿਹਾ ਹੈ ਜਦੋਂ ਕਿ ਸਰਕਾਰ ਵੱਲੋਂ ਐਸ/ਸੀ ਧਰਮਸ਼ਾਲਾ ਵਿੱਚ ਬੋਲੀ ਕਰਵਾਉਣ ਦੀ ਲਿਖਤੀ ਤਜਵੀਜ ਵੀ ਹੈ ਪਰ ਪ੍ਰਸ਼ਾਸਨ ਵੱਲੋਂ ਲਗਾਤਾਰ ਐਸ ਸੀ ਧਰਮਸ਼ਾਲਾ ਵਿੱਚ ਬੋਲੀ ਨਾ ਕਰਵਾ ਕੇ ਕਈ ਸਾਲਾਂ ਤੋਂ ਸਾਂਝੀ ਖੇਤੀ ਕਰ ਰਹੇ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੱਖ-ਵੱਖ ਪਿੰਡਾਂ ਵਿੱਚ ਕਾਨੂੰਨਨ ਰੇਟ ਘੱਟ ਕਰਾਉਣ ਨੂੰ ਲੈ ਕੇ ਲਗਾਤਾਰ ਬੋਲੀਆ ਰੱਦ ਹੋ ਚੁੱਕੀਆਂ ਹਨ ਪਰ ਪ੍ਰਸ਼ਾਸਨ ਵੱਲੋਂ ਰੇਟ ਘੱਟ ਕਰਨ ਦੀ ਪ੍ਰਵਾਨਗੀ ਨਾ ਦੇ ਕੇ ਲਗਾਤਾਰ ਸੀਜਨ ਦਾ ਸਮਾਂ ਲਗਾਇਆ ਜਾ ਰਿਹਾ ਹੈ ਅਤੇ ਦਲਿਤ ਆਪਣੀ ਫਸਲ ਬੀਜਣ ਨੂੰ ਲੈ ਕੇ ਲਗਾਤਾਰ ਲੇਟ ਹੋ ਰਹੇ ਹਨ ਜਿਸ ਦਾ ਸਖਤ ਨੋਟਿਸ ਲੈਂਦੇ ਹੋਏ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 10 ਜੁਲਾਈ ਨੂੰ ਡੀ ਸੀ ਦਫਤਰ ਅੱਗੇ ਜ਼ਿਲਾ ਪੱਧਰੀ ਧਰਨਾ ਦੇਣ ਐਲਾਨ ਕੀਤਾ ਜਿਸ ਦੀਆਂ ਤਿਆਰੀਆਂ ਵੱਖ-ਵੱਖ ਪਿੰਡਾਂ ਵਿੱਚ ਵਿੱਢ ਦਿੱਤੀਆਂ ਗਈਆਂ ਹਨ।
ਮੀਟਿੰਗ ਵਿੱਚ ਪ੍ਰਧਾਨ ਮੁਕੇਸ਼ ਮਲੌਦ, ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਗੁਰਚਨ ਸਿੰਘ ਘਰਾਚੋਂ, ਗੁਰਵਿੰਦਰ ਸਿੰਘ ਸ਼ਾਦੀਹਰੀ, ਸ਼ਿੰਗਾਰਾ ਸਿੰਘ ਹੇੜੀਕੇ ਆਦਿ ਹਾਜਰ ਸਨ।