ਜਰਖੜ ਹਾਕੀ ਅਕੈਡਮੀ ਦੇ ਹਾਕੀ ਖੇਡ ਵਿੰਗਾਂ ਦੇ ਚੋਣ ਟਰਾਇਲ 29 ਅਗਸਤ ਨੂੰ ਜਰਖੜ ਖੇਡ ਸਟੇਡੀਅਮ ਵਿਖੇ
ਲੁਧਿਆਣਾ 27 ਅਗਸਤ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਜਰਖੜ ਜ਼ਿਲ੍ਹਾ ਲੁਧਿਆਣਾ ਨੂੰ ਜਰਖੜ ਹਾਕੀ ਅਕੈਡਮੀ ਦੀ ਰਹਿਨੁਮਾਈ ਹੇਠ ਹਾਕੀ ਦੇ ਮੁੰਡਿਆਂ ਦੇ ਵਰਗ ਦੇ ਖੇਡ ਵਿੰਗ ਅੰਡਰ -14 ਸਾਲ, ਅੰਡਰ-17 ਸਾਲ ,ਅੰਡਰ -19 ਸਾਲ ਅਲਾਟ ਕੀਤੇ ਹਨ । ਹਰ ਵਰਗ ਵਿੱਚ 18-18 ਖਿਡਾਰੀ ਦੀ ਚੋਣ ਕੀਤੀ ਜਾਵੇਗੀ ।
ਜਰਖੜ ਹਾਕੀ ਅਕੈਡਮੀ ਦੇ ਚੇਅਰਮੈਨ ਅਸ਼ੋਕ ਕੁਮਾਰ ਪ੍ਰਾਸ਼ਰ ਐਮਐਲਏ ਹਲਕਾ ਸੈਂਟਰਲ ਅਤੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਖਾਣ ਪੀਣ, ਰਹਿਣ ਸਹਿਣ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ । ਜਰਖੜ ਹਾਕੀ ਅਕੈਡਮੀ ਜਿਸ ਕੋਲ ਆਪਦਾ ਸਾਰਾ ਖੇਡ ਢਾਂਚਾ ਜਿਸ ਵਿੱਚ ਐਸਟਰੋਟਰਫ ਹਾਕੀ ਮੈਦਾਨ, ਘਾਹ ਵਾਲਾ ਹਾਕੀ ਮੈਦਾਨ , ਹੋਸਟਲ ,ਦਫ਼ਤਰ ਆਦਿ ਹੋਰ ਸਾਰੀਆਂ ਸਹੂਲਤਾਂ ਹਨ। ਉਸ ਵਿੱਚ ਟ੍ਰੇਨੀ ਬੱਚਿਆਂ ਨੂੰ ਹਾਕੀ ਤੋਂ ਇਲਾਵਾ ਮੁੱਕੇਬਾਜ਼ੀ, ਕਬੱਡੀ ਆਦਿ ਖੇਡਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ । ਜਰਖੜ ਸਕੂਲ ਦੇ ਪ੍ਰਿੰਸੀਪਲ ਹਰਦੇਵ ਸਿੰਘ ਨੇ ਦੱਸਿਆ ਟਰਾਇਲਾਂ ਵਿੱਚ ਭਾਗ ਲੈਣ ਦੇ ਚਾਹਵਾਨ ਖਿਡਾਰੀ 29 ਅਗਸਤ ਨੂੰ ਸਵੇਰੇ 9 ਵਜੇ ਜਰਖੜ ਖੇਡ ਸਟੇਡੀਅਮ ਜ਼ਿਲ੍ਹਾ ਲੁਧਿਆਣਾ ਵਿਖੇ ਆਪਣੀਆਂ ਖੇਡਾਂ ਅਤੇ ਪੜ੍ਹਾਈ ਨਾਲ ਸਬੰਧਤ ਲੋੜੀਂਦੇ ਦਸਤਾਵੇਜ਼ ਸਮੇਤ ਪਹੁੰਚ ਕਰਨ । ਵਧੇਰੇ ਜਾਣਕਾਰੀ ਲਈ ਕੋਈ ਵੀ ਖਿਡਾਰੀ ਫੋਨ ਨੰਬਰ 94178–85733, 9814300722 ਤੇ ਸੰਪਰਕ ਕਰ ਸਕਦਾ ਹੈ ।