ਜੇਕਰ ਆਪਣੇ ਬੱਚਿਆਂ ਦੀ ਤਕਦੀਰ ਬਦਲਣੀ ਹੈ ਤਾਂ ਈਵੀਐਮ ਦਾ ਬਟਨ ਬਦਲੋ- ਮੁੱਖ ਮੰਤਰੀ ਭਗਵੰਤ ਮਾਨ

0
235

ਰਾਜਸਥਾਨ ਦੇ ਲੋਕ ਵੀ ਝਾੜੂ ਦਾ ਬਟਨ ਦਬਾਉਣ ਲਈ ਤਿਆਰ – ਭਗਵੰਤ ਮਾਨ

…ਭਾਜਪਾ ਦਾ ਡਬਲ ਇੰਜਣ ਕਰ ਰਿਹਾ ਹੈ ਦੋਹਰਾ ਭ੍ਰਿਸ਼ਟਾਚਾਰ, ਭਾਜਪਾ ਨੇ ਦੇਸ਼ ਦੀ ਜਨਤਾ ਨਾਲ ਸਿਰਫ ਝੂਠੇ ਵਾਅਦੇ ਕੀਤੇ – ਮਾਨ

… ਪੇਪਰ ਲੀਕ ‘ਤੇ ਮਾਨ ਨੇ ਕਿਹਾ- ਲੀਕ ਕਰਨ ਵਾਲੇ ਪ੍ਰੋਫੈਸਰ ਤੇ ਕਰਮਚਾਰੀ ਗ੍ਰਿਫ਼ਤਾਰ, ਹੋਵੇਗੀ ਸਖਤ ਕਾਰਵਾਈ

…ਮੁੱਖ ਮੰਤਰੀ ਮਾਨ ਨੇ ਰਾਜਸਥਾਨ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਕੀਤੀ ਅਪੀਲ

ਚੰਡੀਗੜ੍ਹ, 13 ਮਾਰਚ

ਰਾਜਸਥਾਨ ‘ਚ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜਸਥਾਨ ‘ਚ ਭਾਜਪਾ ਅਤੇ ਕਾਂਗਰਸ ਨੇ ਮਿਲ ਕੇ ਲੋਕਾਂ ਨੂੰ ਲੁੱਟਿਆ ਅਤੇ ਰਲ ਕੇ ਰਾਜ ਕੀਤਾ।

ਮਾਨ ਨੇ ਕਿਹਾ ਕਿ ਰਾਜਸਥਾਨ ਦੇ ਲੋਕ ਦੋਵੇਂ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ। ਹੁਣ ਰਾਜਸਥਾਨ ਦੇ ਲੋਕ ਵੀ ਦਿੱਲੀ ਅਤੇ ਪੰਜਾਬ ਵਾਂਗ ਹੂੰਝਾ ਫੇਰਨ ਲਈ ਤਿਆਰ ਹਨ। ਹੁਣ ਤੀਜਾ ਵਿਕਲਪ ਰਾਜਸਥਾਨ ਵਿੱਚ ਵੀ ਆ ਗਿਆ ਹੈ। ਕਾਂਗਰਸ ਅਤੇ ਭਾਜਪਾ ਦਾ ਸਫ਼ਾਇਆ ਕਰਨ ਲਈ ਰੱਬ ਨੇ ਝਾੜੂ ਭੇਜਿਆ ਹੈ। ਅਸੀਂ ਆਪਣੇ ਝਾੜੂ ਨਾਲ ਭਾਜਪਾ ਅਤੇ ਕਾਂਗਰਸ ਵੱਲੋਂ ਫੈਲਾਈ ਗੰਦਗੀ ਨੂੰ ਸਾਫ਼ ਕਰਾਂਗੇ।

ਮਾਨ ਨੇ ਰਾਜਸਥਾਨ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਰਿਵਾਇਤੀ ਪਾਰਟੀਆਂ ਨੇ ਤੁਹਾਡਾ ਅਤੇ ਤੁਹਾਡੇ ਬੱਚਿਆਂ ਦਾ ਭਵਿੱਖ ਖਰਾਬ ਕੀਤਾ ਹੈ। ਆਪਣੇ ਬੱਚਿਆਂ ਦਾ ਭਵਿੱਖ ਅਤੇ ਕਿਸਮਤ ਬਦਲਣ ਲਈ ਸਾਨੂੰ ਈਵੀਐਮ ਦਾ ਬਟਨ ਬਦਲ ਕੇ ਝਾੜੂ ਨੂੰ ਵੋਟ ਪਾਉਣੀ ਪਵੇਗੀ।

ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਬਣੀ ਸੀ ਤਾਂ ਕਾਂਗਰਸ-ਭਾਜਪਾ ਵਾਲੇ ਕੇਜਰੀਵਾਲ ਨੂੰ ਗਾਲ੍ਹਾਂ ਕੱਢਦੇ ਸਨ। ਕਹਿੰਦੇ ਸਨ ਚੁਣ ਕੇ ਆਉਣਾ। ਹੁਣ ਜਦੋਂ ਅਸੀਂ ਚੁਣ ਕੇ ਆਏ ਹਾਂ ਤਾਂ ਕਾਂਗਰਸ-ਭਾਜਪਾ ਸੜਕਾਂ ‘ਤੇ ਆ ਗਏ ਹਨ। ਮਾਨ ਨੇ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਲਈ ਸਿਰਫ਼ ਦੋ ਸੀਟਾਂ ਹੀ ਬਚੀਆਂ ਹਨ। ਉਨ੍ਹਾਂ ਦੇ ਵਿਧਾਇਕ ਹੁਣ ਸਕੂਟਰਾਂ ‘ਤੇ ਵੀ ਵਿਧਾਨ ਸਭਾ ਆ ਸਕਦੇ ਹਨ।

ਮਾਨ ਨੇ ਕਿਹਾ ਕਿ ਭਾਜਪਾ ਨੇ ਕੇਂਦਰ ਵਿੱਚ ਆਪਣੀ ਸਰਕਾਰ ਬਣਾਉਣ ਲਈ ਲੋਕਾਂ ਨਾਲ ਝੂਠ ਬੋਲਿਆ, ਦੋ ਕਰੋੜ ਨੌਕਰੀਆਂ ਦਾ ਝੂਠ ਬੋਲ ਕੇ ਨੌਜਵਾਨਾਂ ਤੋਂ ਵੋਟਾਂ ਹਥਿਆ ਲਈਆਂ। ਜਦੋਂ ਸਰਕਾਰ ਬਣੀ ਤਾਂ ਇਨ੍ਹਾਂ ਲੋਕਾਂ ਨੇ ਇਕ-ਇਕ ਕਰਕੇ ਸਾਰੀਆਂ ਸਰਕਾਰੀ ਕੰਪਨੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਭਾਜਪਾ ਨੇ ਦੇਸ਼ ਦੀ ਜਨਤਾ ਨਾਲ ਮਹਿੰਗਾਈ, ਰੁਜ਼ਗਾਰ ਅਤੇ ਭ੍ਰਿਸ਼ਟਾਚਾਰ ਦੇ ਝੂਠੇ ਵਾਅਦੇ ਹੀ ਕੀਤੇ। ਹੁਣ ਦੇਸ਼ ਦੀ ਜਨਤਾ ਭਾਜਪਾ ਨੂੰ ਇਸ ਦੇ ਝੂਠੇ ਵਾਅਦਿਆਂ ਲਈ ਸਬਕ ਸਿਖਾਏਗੀ।

ਮਾਨ ਨੇ ਕਿਹਾ ਕਿ ਭਾਜਪਾ ਦੇ ਡਬਲ ਇੰਜਣ ਕਾਰਨ ਦੋਹਰਾ ਭ੍ਰਿਸ਼ਟਾਚਾਰ ਹੋ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦਾ ਡਬਲ ਇੰਜਣ ਬੰਦ ਕਰਨਾ ਪਵੇਗਾ। ਇਹ ਲੋਕ ਤੁਹਾਡੇ ਬੱਚਿਆਂ ਦਾ ਭਵਿੱਖ ਵੇਚ ਦੇਣਗੇ। ਹੁਣ ਹਰ ਘਰ ਵਿੱਚ ਝਾੜੂ ਤੇ ਕੇਜਰੀਵਾਲ ਦੀ ਗੱਲ ਹੋਣੀ ਚਾਹੀਦੀ ਹੈ। ਝਾੜੂ ਦਾ ਬਟਨ ਤੁਹਾਡੇ ਬੱਚਿਆਂ ਦੀ ਕਿਸਮਤ ਬਦਲ ਦੇਵੇਗਾ।

LEAVE A REPLY

Please enter your comment!
Please enter your name here