ਜੱਥੇਬੰਦੀਆਂ ਨੇ ਅਧਿਆਪਕਾਂ ਦੀ ਤਨਖਾਹ ਕਟੌਤੀ ਖਿਲਾਫ਼ ਬਲਾਕ ਅਤੇ ਜ਼ਿਲ੍ਹਾ ਪੱਧਰੀ ਜਥੇਬੰਦਕ ਪ੍ਰੋਗਰਾਮ ਉਲੀਕੇ
ਸੰਗਰੂਰ, 17 ਅਪ੍ਰੈਲ, 2024: 16 ਫਰਵਰੀ ਦੀ ਦੇਸ਼ ਪੱਧਰੀ ਹੜਤਾਲ ਸਬੰਧੀ ਅਧਿਆਪਕਾਂ ਦੇ ਸਾਂਝੇ ਮੋਰਚੇ, ਸੰਯੁਕਤ ਕਿਸਾਨ ਮੋਰਚੇ ਅਤੇ ਭਰਾਤਰੀ ਮਜ਼ਦੂਰ ਅਤੇ ਜਨਤਕ ਜ਼ਮਹੂਰੀ ਜਥੇਬੰਦੀਆਂ ਦੀ ਮੀਟਿੰਗ ਅੱਜ ਸਥਾਨਕ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਹੋਈ। ਇਸ ਵਿੱਚ ਜ਼ਿਲ੍ਹੇ ਦੇ ਲਹਿਰਾਗਾਗਾ, ਚੀਮਾ ਅਤੇ ਸੰਗਰੂਰ -1 ਬਲਾਕ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੁਆਰਾ ਆਪਣੀ ਮਨਮਰਜ਼ੀ ਨਾਲ ਅਧਿਆਪਕ, ਮੁਲਾਜ਼ਮ ਅਤੇ ਲੋਕ ਲਹਿਰ ਦੇ ਵਿਰੋਧ ਵਿੱਚ ਜਾਂਦਿਆਂ 7 ਅਧਿਆਪਕ ਆਗੂਆਂ ਦੀ ਹੜਤਾਲ ਵਾਲੇ ਦਿਨ ਦੀ ਤਨਖਾਹ ਕਟੌਤੀ ਕਰਨ ਵਿਰੁੱਧ ਬਲਾਕ ਅਤੇ ਜ਼ਿਲ੍ਹਾ ਪੱਧਰੀ ਜਥੇਬੰਦਕ ਐਕਸ਼ਨਾਂ ਦੀ ਰੂਪ ਰੇਖਾ ਉਲੀਕੀ ਗਈ। ਚੋਣਾਂ ਦੇ ਦਿਨਾਂ ਵਿੱਚ ਜਾਣ ਬੁੱਝ ਕੇ ਜ਼ਿਲ੍ਹੇ ਦਾ ਮਾਹੌਲ ਖਰਾਬ ਕਰਨ ਦੀਆਂ ਇਹਨਾਂ ਅਫਸਰਾਂ ਦੀਆਂ ਕੋਝੀਆਂ ਚਾਲਾਂ ਦਾ ਸਖ਼ਤ ਨੋਟਿਸ ਲਿਆ ਗਿਆ। ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ 22 ਅਪ੍ਰੈਲ ਨੂੰ ਬੀ.ਪੀ.ਈ.ਓ. ਚੀਮਾ ਦੀ ਅਤੇ 24 ਅਪ੍ਰੈਲ ਨੂੰ ਬੀ.ਪੀ.ਈ.ਓ. ਸੰਗਰੂਰ -1 ਦੀ ਅਰਥੀ ਇਹਨਾਂ ਦੇ ਦਫਤਰਾਂ ਵਿਖੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਲੋਕ ਮਸਲਿਆਂ ਨੂੰ ਹੱਲ ਕਰਾਉਣ ਲਈ ਬਣ ਰਹੀ ਲੋਕ ਲਹਿਰ ਵਿਰੁੱਧ ਭੁਗਤਣ ਵਾਲੇ ਇਹਨਾਂ ਅਫਸਰਾਂ ਦਾ ਚਿਹਰਾ ਲੋਕਾਂ ਸਾਹਮਣੇ ਕੀਤਾ ਨੰਗਾ ਕੀਤਾ ਜਾਵੇਗਾ। 29 ਅਪ੍ਰੈਲ ਨੂੰ ਡੀ.ਈ.ਓ. (ਐ.ਸਿੱ.) ਸੰਗਰੂਰ ਨੂੰ ਸਾਰੀਆਂ ਜਥੇਬੰਦੀਆਂ ਦਾ ਮਾਸ ਡੈਪੂਟੇਸ਼ਨ ਮਿਲ ਕੇ ਚੇਤਾਵਨੀ ਪੱਤਰ ਦੇਵੇਗਾ ਅਤੇ ਤੈਅ ਸਮੇਂ ਵਿੱਚ ਮਸਲਾ ਹੱਲ ਨਾ ਕਰਨ ਦੀ ਸੂਰਤ ਵਿੱਚ ਡੀ.ਈ.ਓ. ਦਫ਼ਤਰ ਵਿਖੇ ਵਿਸ਼ਾਲ ਲਾਮਬੰਦੀ ਨਾਲ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕੀਤਾ ਜਾਵੇਗਾ। ਬਲਾਕਾਂ ਵਿੱਚ ਅਧਿਆਪਕ ਵਿਰੋਧੀ, ਤਾਨਾਸ਼ਾਹੀ ਅਤੇ ਬੇਨਿਯਮੀਆਂ ਕਰਵਾਈਆਂ ਕਰਨ ਵਾਲੇ ਬਲਾਕ ਅਫਸਰਾਂ, ਜਿਹਨਾਂ ਦਾ ਲਗਾਤਾਰ ਜਥੇਬੰਦਕ ਵਿਰੋਧ ਕੀਤਾ ਜਾ ਰਿਹਾ ਹੈ, ਉਹਨਾਂ ਦੀ ਜਥੇਬੰਦੀਆਂ ਨਾਲ ਰੰਜਿਸ਼ ਤਹਿਤ ਕੀਤੀ ਇਸ ਕਾਰਵਾਈ ਦੀ ਮੀਟਿੰਗ ਵਿੱਚ ਕਰੜੀ ਨਿੰਦਿਆ ਕੀਤੀ ਗਈ ਅਤੇ ਜਥੇਬੰਦਕ ਐਕਸ਼ਨਾਂ ਨਾਲ ਇਹਨਾਂ ਨੂੰ ਸਬਕ ਸਿਖਾਉਣ ਦਾ ਅਹਿਦ ਕੀਤਾ ਗਿਆ। ਡੀ.ਈ.ਓ. ਤੋਂ ਅਗਵਾਈ ਮੰਗਣ ਅਤੇ ਅਗਵਾਈ ਉਡੀਕੇ ਬਿਨਾਂ ਤਨਖਾਹ ਕੱਟਣ, 01.01.2020 ਦੇ ਮੁਲਾਜ਼ਮ ਵਿਰੋਧੀ ਪੱਤਰ ਨੂੰ ਮਨਮਰਜ਼ੀ ਨਾਲ ਲਾਗੂ ਕਰਨ ਵਾਲੇ ਬਲਾਕ ਅਫਸਰਾਂ ਨੂੰ ਡੀ.ਈ.ਓ. ਵੱਲੋਂ ਹੁਕਮ ਅਦੂਲੀ ਲਈ ਨੋਟਿਸ ਕੱਢੇ ਜਾਣ ਦੀ ਮੰਗ ਵੀ ਡੈਪੂਟੇਸ਼ਨ ਵੱਲੋਂ ਕੀਤੀ ਜਾਵੇਗੀ। 01.01.2020 ਦੇ ਹੜਤਾਲ ਕਰਨ ਦਾ ਅਧਿਕਾਰ ਖੋਹਣ ਵਾਲੇ ਪੱਤਰ ਨੂੰ ਰੱਦ ਕਰਾਉਣ ਲਈ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ। ਜ਼ਿਲ੍ਹੇ ਵਿੱਚ ਬਣੇ ਨਵੇਂ ਸਮੀਕਰਨਾਂ ਦੇ ਮੱਦੇਨਜ਼ਰ 18 ਅਪ੍ਰੈਲ ਦਾ ਬੀ.ਪੀ.ਈ.ਓ. ਲਹਿਰਾਗਾਗਾ ਵਿਰੁੱਧ ਪੱਕਾ ਮੋਰਚਾ ਲਾਉਣ ਦਾ ਫੈਸਲਾ ਹਾਲ ਦੀ ਘੜੀ ਮੁਲਤਵੀ ਕੀਤਾ ਗਿਆ।
ਇਸ ਮੌਕੇ ਮੀਟਿੰਗ ਵਿੱਚ ਅਧਿਆਪਕ ਜਥੇਬੰਦੀਆਂ ਡੀ.ਟੀ.ਐੱਫ. (ਸਬੰਧਤ ਡੀ.ਐੱਮ.ਐੱਫ) ਦੇ ਸੂਬਾ ਆਗੂ ਰਘਵੀਰ ਭਵਾਨੀਗੜ੍ਹ, ਜ਼ਿਲ੍ਹਾ ਆਗੂ ਸੁਖਵੀਰ ਸਿੰਘ, ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ, ਜ਼ਿਲ੍ਹਾ ਪ੍ਰੈਸ ਸਕੱਤਰ ਜਸਬੀਰ ਨਮੋਲ, ਬੀ.ਕੇ.ਯੂ. ਉਗਰਾਹਾਂ ਦੇ ਜ਼ਿਲ੍ਹਾ ਆਗੂ ਗੋਬਿੰਦਰ ਸਿੰਘ, ਸੁਸ਼ੀਲ ਕੁਮਾਰ, ਤਰਕਸ਼ੀਲ ਸੁਸਾਇਟੀ ਦੇ ਮਾਸਟਰ ਪਰਮਵੇਦ, ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦੇ ਜੁਝਾਰ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਜੀਤ ਨਮੋਲ ਅਤੇ ਜ਼ਮਹੂਰੀ ਅਧਿਕਾਰ ਸਭਾ ਦੇ ਆਗੂ ਅਮਰੀਕ ਖੋਖਰ ਸ਼ਾਮਲ ਹੋਏ। ਜੀ.ਟੀ.ਯੂ. ਦੇ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ, ਕਿਰਤੀ ਕਿਸਾਨ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਵੀ ਪ੍ਰੋਗਰਾਮਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਗਿਆ।