ਡਿਪਟੀ ਕਮਿਸ਼ਨਰ ਵਲੋਂ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਚੁਕਾਈ ਗਈ ਸਹੁੰ

0
235
ਚੋਹਲਾ ਸਾਹਿਬ/ਤਰਨ ਤਾਰਨ,9 ਦਸੰਬਰ (ਰਾਕੇਸ਼ ਨਈਅਰ) -ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਵੱਲੋਂ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸਹੁੰ ਚੁਕਾਈ ਗਈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹੁੰਦੇ ਹਾਦਸਿਆਂ ਦੀ ਗੰਭੀਰ ਸਥਿਤੀ ਬਾਰੇ ਦੱਸਿਆ ਗਿਆ।ਉਹਨਾਂ ਦੱਸਿਆ ਕਿ ਹਰ ਚਾਰ ਮਿੰਟ ਵਿੱਚ ਇੱਕ ਮੌਤ ਸਿਰਫ ਸੜਕ ਹਾਦਸਿਆਂ ਕਾਰਨ ਹੋ ਰਹੀ ਹੈ।ਉਹਨਾਂ ਸਮੂਹ ਹਾਜ਼ਰੀਨ ਨੂੰ ਸੜਕ ‘ਤੇ ਵਾਹਨ ਚਲਾਉਣ ਤੋਂ ਪਹਿਲਾਂ ਸਾਰੀਆਂ ਸੁਰੱਖਿਆ ਸਬੰਧੀ ਗੱਲਾਂ ਦਾ ਧਿਆਨ ਰੱਖਣ,ਆਵਾਜਾਈ ਨਿਯਮਾਂ ਦੀ ਹਮੇਸ਼ਾ ਆਪ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਾਲਣਾ ਕਰਵਾਉਣ,ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਪਾਉਣ,ਕਾਰ ਚਲਾਉਂਦੇ ਸਮੇਂ ਹਮੇਸ਼ਾ ਸੀਟ ਬੈਲਟ ਲਗਾਉਣ,ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ,ਨਸ਼ੇ ਕਰਕੇ ਵਾਹਨ ਨਾ ਚਲਾਉਣ,ਐਂਬੂਲੈਂਸ ਤੇ ਫਾਇਰ ਬ੍ਰਿਗੇਡ ਗੱਡੀਆਂ ਨੂੰ ਪਹਿਲਾ ਲੰਘਣ ਲਈ ਰਸਤਾ ਦੇਣ ਅਤੇ ਸੜਕ ਹਾਦਸੇ ਦੇ ਪੀੜ੍ਹਤਾਂ ਦੀ ਮੱਦਦ ਕਰਨ ਦੀ ਸਹੁੰ ਚੁਕਾਈ ਗਈ।ਉਹਨਾਂ ਕਿਹਾ ਕਿ ਮਨੁੱਖੀ ਜੀਵਨ ਅਨਮੋਲ ਹੈ ਅਤੇ ਸੜਕ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਅਸੀਂ ਇਸ ਅਨਮੋਲ ਜ਼ਿੰਦਗੀ ਨੂੰ ਖੁਦ ਹੀ ਨਸ਼ਟ ਕਰਨ ਦਾ ਖਤਰਾ ਉਠਾਉਂਦੇ ਹਾਂ।ਇਸ ਮੌਕੇ ਉਹਨਾਂ ਨੇ ਟਰੈਫਿਕ ਨਿਯਮਾਂ ਬਾਰੇ ਖੁਦ ਸੁਚੇਤ ਹੋਣ ਅਤੇ ਬਾਕੀਆਂ ਨੂੰ ਵੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here