ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸੀਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਦੇ 3 ਜੇਤੂ ਖਿਡਾਰੀਆਂ ਦਾ ਸਨਮਾਨ

0
69
ਚੈਂਪੀਅਨਸ਼ਿਪ ’ਚ ਤਿੰਨ ਖਿਡਾਰੀਆਂ ਨੇ 2 ਸੋਨ ਤਗ਼ਮੇ ਤੇ 1 ਕਾਂਸੀ ਤਗਮਾ ਜਿੱਤਿਆ
ਦਲਜੀਤ ਕੌਰ
ਸੰਗਰੂਰ, 1 ਅਗਸਤ, 2024: ਪਿਛਲੇ ਹਫ਼ਤੇ ਗੋਆ ਵਿਖੇ ਹੋਈ ਸੀਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਆਪਣੀ ਖੇਡ ਪ੍ਰਤਿਭਾ ਸਦਕਾ ਸੋਨ ਤਗ਼ਮੇ ਤੇ ਕਾਂਸੀ ਤਗ਼ਮਾ ਜਿੱਤਣ ਵਾਲੇ 3 ਖਿਡਾਰੀਆਂ ਨੂੰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸਨਮਾਨਿਤ ਕਰਦਿਆਂ ਭਵਿੱਖ ਵਿੱਚ ਹੋਰ ਵੱਡੀਆਂ ਮੱਲਾਂ ਮਾਰਨ ਦਾ ਸੱਦਾ ਦਿੱਤਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੋਚ ਜਸਪ੍ਰੀਤ ਸਿੰਘ ਢੀਂਡਸਾ ਅਤੇ ਜੇਤੂ ਖਿਡਾਰੀਆਂ ਹਰਸ਼ਪ੍ਰੀਤ ਸਿੰਘ, ਅਕਾਸ਼ਦੀਪ ਸਿੰਘ ਤੇ ਇਸ਼ੂ ਦੀ ਇਸ ਮਾਣਾਂਮੱਤੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਹਨਤ, ਨਿਰੰਤਰ ਅਭਿਆਸ ਤੇ ਲਗਨ ਨਾਲ ਕੋਈ ਵੀ ਮੀਲ ਪੱਥਰ ਸਥਾਪਤ ਕੀਤਾ ਜਾ ਸਕਦਾ ਹੈ ਅਤੇ ਖੇਡਾਂ ਦੇ ਖੇਤਰ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਦਰਜ ਕਰਕੇ ਨਾ ਕੇਵਲ ਆਪਣੇ ਜ਼ਿਲ੍ਹੇ ਬਲਕਿ ਸੂਬੇ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਜਾ  ਸਕਦਾ ਹੈ। ਉਨ੍ਹਾਂ ਕਿਹਾ ਕਿ ਹਿਹ ਖੁਸ਼ੀ ਦੀ ਗੱਲ ਹੈ ਕਿ ਕਿੱਕ ਬਾਕਸਿੰਗ ਵਿੱਚ ਨੌਜਵਾਨਾਂ ਦਾ ਉਤਸ਼ਾਹ ਪਹਿਲਾਂ ਨਾਲੋਂ ਕਾਫ਼ੀ ਵਧਿਆ ਹੈ ਅਤੇ ਪੰਜਾਬ ਸਰਕਾਰ ਵੀ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਅਹਿਮ ਉਪਰਾਲੇ ਕਰ ਰਹੀ ਹੈ।
ਇਸ ਮੌਕੇ ਕੋਚ ਜਸਪ੍ਰੀਤ ਸਿੰਘ ਢੀਂਡਸਾ ਨੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਏ.ਡੀ.ਸੀ (ਵਿਕਾਸ) ਵਰਜੀਤ ਵਾਲੀਆ ਤੇ ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰਸ਼ਪ੍ਰੀਤ ਸਿੰਘ ਨੇ 60 ਕਿਲੋ ਭਾਰ ਵਰਗ ਤਹਿਤ ਹੋਏ ਫੁੱਲ ਕਨੈਕਟ ਮੁਕਾਬਲੇ ਵਿੱਚ ਸੋਨ ਤਗਮਾ, ਅਕਾਸ਼ਦੀਪ ਸਿੰਘ ਨੇ 91 ਪਲੱਸ ਕਿਲੋ ਭਾਰ ਵਰਗ ਤਹਿਤ ਲੋਅ ਕਿੱਕ ਮੁਕਾਬਲੇ ਵਿੱਚ ਸੋਨ ਤਗ਼ਮਾ ਅਤੇ ਇਸ਼ੂ ਨੇ 57 ਕਿਲੋ ਭਾਰ ਵਰਗ ਦੇ ਲਾਈਟ ਕਨੈਕਟ ਮੁਕਾਬਲੇ ਵਿੱਚ ਕਾਂਸੀ ਤਗ਼ਮਾ ਹਾਸਲ ਕੀਤਾ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਸਮੇਂ ਸਮੇਂ ’ਤੇ ਅੱਗੇ ਵਧਣ ਲਈ ਨਿਰੰਤਰ ਹੱਲਾਸ਼ੇਰੀ ਦਿੰਦੇ ਰਹਿਣ ਲਈ ਡਿਪਟੀ ਕਮਿਸ਼ਨਰ ਸਮੇਤ ਹੋਰਨਾਂ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।

LEAVE A REPLY

Please enter your comment!
Please enter your name here