ਬੀਪੀਈਓ ਦੀ ਅਹਿਮ ਜਿੰਮੇਵਾਰੀ ਦੇ ਮੱਦੇਨਜ਼ਰ ਤਰੱਕੀ ਚੈਨਲ ਤਰਕਸੰਗਤ ਕਰਨ ਦੀ ਮੰਗ
ਡੀ.ਐੱਸ.ਈ. (ਐਲੀਮੈਂਟਰੀ) ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਪੈਂਡਿੰਗ ਤਰੱਕੀਆਂ ਮੁਕੰਮਲ ਕਰਨ ਦਾ ਭਰੋਸਾ
ਦਲਜੀਤ ਕੌਰ
ਸੰਗਰੂਰ, 16 ਜੁਲਾਈ, 2024: ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਦੇ ਸੂਬਾ ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਜਥੇਬੰਦੀ ਦੇ ਵਫ਼ਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਸ਼੍ਰੀਮਤੀ ਅਮਨਿੰਦਰ ਕੌਰ ਨਾਲ ਪੈਨਲ ਮੀਟਿੰਗ ਦੌਰਾਨ ਪ੍ਰਾਇਮਰੀ ਅਧਿਆਪਕਾਂ ਨਾਲ ਸੰਬੰਧਿਤ ਭਖਦੇ ਮਸਲਿਆਂ ਨੂੰ ਲੈ ਕੇ ਖੁੱਲ ਕੇ ਚਰਚਾ ਕੀਤੀ ਗਈ ਹੈ।
ਇਸ ਸੰਬੰਧੀ ਵਧੇਰੇ ਗੱਲਬਾਤ ਕਰਦਿਆਂ ਡੀਟੀਐੱਫ ਸੰਗਰੂਰ ਦੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਅਤੇ ਜਿਲ੍ਹਾ ਸਕੱਤਰ ਅਮਨ ਵਸ਼ਿਸ਼ਟ ਨੇ ਦੱਸਿਆ ਕਿ ਇਸ ਅਹਿਮ ਮੀਟਿੰਗ ਦੌਰਾਨ ਕਈ ਸਾਲਾਂ ਤੋਂ ਲਟਕੀ ਈਟੀਟੀ ਤੋਂ ਮਾਸਟਰ ਕਾਡਰ ਦੀ ਤਰੱਕੀ ਨੇਪਰੇ ਚਾੜ੍ਹਨ ਸੰਬੰਧੀ ਲੋੜੀਂਦੀ ਨਿਯਮ ਤਬਦੀਲੀ ਦਾ ਮਾਮਲਾ ਪ੍ਰਸੋਨਲ ਵਿਭਾਗ ਵਿੱਚ ਪੈਂਡਿੰਗ ਹੋਣ ਅਤੇ ਡੀ.ਐੱਸ.ਈ. (ਸੈਕੰਡਰੀ) ਦੇ ਪੱਧਰ ‘ਤੇ ਲਗਾਤਾਰ ਪੈਰਵਾਈ ਹੋਣ ਦੀ ਗੱਲ ਆਖੀ ਗਈ ਹੈ। ਜਥੇਬੰਦੀ ਵੱਲੋਂ ਇਹਨਾਂ ਤਰੱਕੀਆਂ ਸੰਬੰਧੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਅਪਣਾਏ ਢਿੱਲੇ ਰਵੱਈਏ ਨੂੰ ਲੈ ਕੇ ਜ਼ੋਰਦਾਰ ਇਤਰਾਜ਼ ਦਰਜ਼ ਕਰਵਾਇਆ ਗਿਆ। ਅਧਿਕਾਰੀਆਂ ਵੱਲੋਂ ਇਹ ਤਰੱਕੀ ਦਾ ਕੰਮ ਅਗਸਤ ਮਹੀਨੇ ਵਿੱਚ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। ਜਥੇਬੰਦੀ ਵੱਲੋਂ ਕਰੀਬ 10 ਜਿਲ੍ਹਿਆਂ ਵਿੱਚ ਈਟੀਟੀ ਤੋਂ ਐੱਚਟੀ ਅਤੇ ਐੱਚਟੀ ਤੋਂ ਸੀਐੱਚਟੀ ਦੀ ਤਰੱਕੀਆਂ ਹਾਲੇ ਵੀਂ ਪੈਂਡਿੰਗ ਹੋਣ ਦੀ ਗੱਲ ਰੱਖਣ ‘ਤੇ ਡੀ.ਐੱਸ.ਈ. (ਐ:) ਵੱਲੋਂ ਬਹੁਤ ਜਲਦ ਇਹ ਤਰੱਕੀਆਂ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ। ਡੀਐੱਸਈ ਨੇ ਅਗਲੇ ਕੁੱਝ ਦਿਨਾਂ ਵਿੱਚ ਹੀ ਵੱਖ-ਵੱਖ ਥਾਈਂ ਖਾਲੀ ਅਸਾਮੀਆਂ ‘ਤੇ ਜਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਨਿਯੁਕਤੀਆਂ ਕਰਨ ਦਾ ਭਰੋਸਾ ਦਿੰਦਿਆਂ ਮਾਲੇਰਕੋਟਲਾ ਨਵਾਂ ਜਿਲ੍ਹਾ ਬਣਨ ਦੇ ਬਾਵਜੂਦ ਕੋਈ ਪੱਕੀ ਅਸਾਮੀ ਨਾ ਹੋਣ ਅਤੇ ਤਰਨਤਾਰਨ ਬਿਨਾਂ ਕਿਸੇ ਅਧਿਕਾਰੀ ਤੋਂ ਹੋਣ ਦੇ ਧਿਆਨ ਵਿੱਚ ਲਿਆਂਦੇ ਮਾਮਲੇ ਵੀ ਹੱਲ ਕਰਨ ਦਾ ਭਰੋਸਾ ਦਿੱਤਾ। ਸੈਂਟਰ ਹੈਡ ਟੀਚਰ (ਸੀਐੱਚਟੀ) ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਦੀ ਤਰੱਕੀ ਲਈ ਸੀਨੀਆਰਤਾ ਜਿਲ੍ਹਾ ਪੱਧਰ ‘ਤੇ ਤਿਆਰ ਕਰਕੇ ਜਿਲ੍ਹਾ ਕਾਡਰ ਅਨੁਸਾਰ 75% ਕੋਟੇ ਤਹਿਤ ਕਰਨ ਦੀ ਤਰਕਪੂਰਨ ਮੰਗ ਨੂੰ ਹਰ ਪੱਖੋਂ ਜਾਂਚਣ ਦਾ ਭਰੋਸਾ ਦਿੱਤਾ ਗਿਆ ਅਤੇ ਬੀਪੀਈਓ ਲਈ ਸ਼ੁਰੂ ਕੀਤੀ ਮੌਜੂਦਾ ਤਰੱਕੀ ਪ੍ਰਕ੍ਰਿਆ ਜਲਦ ਪੂਰੀ ਕਰਨ ਦੀ ਗੱਲ ਆਖੀ ਗਈ। ਜਥੇਬੰਦੀ ਵੱਲੋਂ ਬੀਪੀਈਓ ਤੋਂ ਅੱਗੇ ਤਰੱਕੀਆਂ ਦਾ ਮੌਜੂਦਾ ਪ੍ਰਬੰਧ ਗੈਰ ਵਾਜਿਬ ਕਰਾਰ ਦਿੱਤਾ ਗਿਆ ਅਤੇ ਇਸ ਪੋਸਟ ਦੀ ਜਿੰਮੇਵਾਰੀ ਅਤਿ ਮਹੱਤਵਪੂਰਨ ਹੋਣ ਦੇ ਮੱਦੇਨਜ਼ਰ ਸਿੱਧੇ ਪ੍ਰਿੰਸੀਪਲ ਕਾਡਰ ਰਾਹੀਂ ਤਰੱਕੀ ਚੈਨਲ ਦਾ ਨਿਰਮਾਣ ਕਰਕੇ ਅੱਗੇ ਵਧਾਉਣ ਦੀ ਮੰਗ ਨੂੰ ਡੀ.ਐੱਸ.ਈ. ਵੱਲੋਂ ਪੂਰੀ ਤਰ੍ਹਾਂ ਵਾਜਿਬ ਮੰਨਿਆ ਗਿਆ ਅਤੇ ਇਸ ਬਾਬਤ ਜਲਦ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਐਸੋਸ਼ੀਏਟ ਟੀਚਰਜ਼, ਬਦਲੀਆਂ ਪ੍ਰਕਿਰਿਆ ਸ਼ੁਰੂ ਕਰਨ ਅਤੇ ਦੂਰ ਦੁਰਾਡੇ ਭਰਤੀ 6635 ਈਟੀਟੀ ਅਧਿਆਪਕਾਂ ਨੂੰ ਵੀ ਬਦਲੀ ਦਾ ਮੌਕਾ ਦੇਣ, 5994, 2364, 6635 ਈਟੀਟੀ ਭਰਤੀਆਂ ਅਤੇ 2000 ਪੀਟੀਆਈ ਭਰਤੀ ਕਰਨ, ਸਾਲ 2018 ਦੇ ਸੇਵਾ ਨਿਯਮਾਂ ਨੂੰ ਸੋਧਣ, ਵਿਦਿਆਰਥੀਆਂ ਦੀ ਵਰਦੀ ਲਈ ਰਾਸ਼ੀ ਵਿੱਚ ਵਾਧਾ ਕਰਦਿਆਂ ਸਾਰੇ ਵਰਗਾਂ ਨੂੰ ਇਸ ਵਿੱਚ ਸ਼ਾਮਿਲ ਕਰਨ ਅਤੇ ਸੇਲਫ ਹੈਲਪ ਗਰੁੱਪ ਰਾਹੀਂ ਵਰਦੀਆਂ ਤਿਆਰ ਕਰਵਾਉਣ ਦਾ ਗੈਰ ਵਾਜਿਬ ਫੈਸਲਾ ਵਾਪਿਸ ਲੈ ਕੇ ਪਹਿਲਾਂ ਵਾਂਗ ਸਕੂਲ ਮੈਂਨੇਜ਼ਮੈਂਟ ਕਮੇਟੀਆਂ ਨੂੰ ਸਾਰੀ ਜਿੰਮੇਵਾਰੀ ਦੇਣ, ਸਿੰਗਲ ਟੀਚਰ ਅਤੇ ਟੀਚਰਲੈੱਸ ਪ੍ਰਾਇਮਰੀ ਸਕੂਲਾਂ ਵਿੱਚ ਪਹਿਲ ਦੇ ਅਧਾਰ ‘ਤੇ ਅਧਿਆਪਕ ਨਿਯੁਕਤ ਕਰਨ ਅਤੇ ਪ੍ਰੀ ਪ੍ਰਾਇਮਰੀ ਲਈ ਵੱਖਰੇ ਅਧਿਆਪਕ, ਮਿਡ ਡੇ ਮੀਲ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕਰਨ ਆਦਿ ‘ਤੇ ਵੀ ਚਰਚਾ ਕੀਤੀ ਗਈ ਹੈ।