ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਅਧਿਆਪਕਾਂ ਨੂੰ ਬਦਲੀਆਂ ਲਈ ਡਾਟਾ ਦਰੁਸਤ ਕਰਨ ਦਾ ਸਮਾਂ ਦੇਣ ਦੀ ਮੰਗ

0
38
ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਅਧਿਆਪਕਾਂ ਨੂੰ ਬਦਲੀਆਂ ਲਈ ਡਾਟਾ ਦਰੁਸਤ ਕਰਨ ਦਾ ਸਮਾਂ ਦੇਣ ਦੀ ਮੰਗ
ਡਾਟਾ ਮਿਸਮੈਚ ਦਾ ਇਤਰਾਜ਼ ਲਾ ਕੇ ਬਦਲੀ ਤੋਂ ਅਯੋਗ ਕਰਨਾ ਅਧਿਆਪਕਾਂ ਨਾਲ ਸਰਾਸਰ ਧੱਕਾ: ਡੀਟੀਐੱਫ
27 ਅਗਸਤ ਨੂੰ ਡੀ ਟੀ ਐੱਫ ਦੇ ਸਮੂਹਿਕ ਵਫਦ ਵੱਲੋਂ ਡੀ.ਐੱਸ.ਈ. (ਸੈਕੰਡਰੀ) ਨਾਲ ਕੀਤੀ ਜਾਵੇਗੀ ਮੁਲਾਕਾਤ
ਦਲਜੀਤ ਕੌਰ
ਚੰਡੀਗੜ੍ਹ, 26 ਅਗਸਤ, 2024:  ਲੰਬੇ ਸਮੇਂ ਤੋਂ ਬਦਲੀਆਂ ਦੀ ਉਡੀਕ ਲਾਈ ਬੈਠੇ ਅਧਿਆਪਕਾਂ ਨੂੰ ਉਸ ਸਮੇਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਬਦਲੀ ਸਬੰਧੀ ਪੋਰਟਲ ਉੱਪਰ ਸਟੇਸ਼ਨ ਦੀ ਚੋਣ ਦੇ ਮੌਕੇ ਉਨ੍ਹਾਂ ਨੂੰ ਡਾਟਾ ਮਿਸ ਮੈਚ ਹੋਣ ਕਰਕੇ ਬਦਲੀ ਤੋਂ ਵਾਂਝੇ ਕਰ ਦਿੱਤਾ ਗਿਆ। ਜਿਸ ਕਾਰਨ ਡਾਟਾ ਮਿਸਮੈਚ ਦੇ ਕੁਚੱਕਰ ਵਿੱਚ ਫਸੇ ਅਧਿਆਪਕਾਂ ਦੇ ਅੰਦਰ ਬਹੁਤ ਵੱਡੀ ਬੇਚੈਨੀ ਫੈਲ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਿਆਸੀ ਰਸੂਖ ਰੱਖਣ ਵਾਲੇ ਕਈ ਲੋਕਾਂ ਨੇ ਆਪਣਾ ਡਾਟਾ ਪਹਿਲਾ ਹੀ ਅੰਦਰ ਖਾਤੇ ਦਰੁਸਤ ਕਰਵਾ ਲਿਆ ਸੀ। ਪ੍ਰੰਤੂ ਸਾਰੇ ਅਧਿਆਪਕਾਂ ਨੂੰ ਡਾਟਾ ਦਰੁਸਤ ਕਰਾਉਣ ਦਾ ਮੌਕਾ ਨਾ ਦੇਣਾ ਬਦਲੀਆਂ ਦੇ ਮੌਕੇ ਦੇਣ  ਵਿਚ ਸਿਆਸੀ ਦਖਲਅੰਦਾਜੀ ਦਾ ਹੀ ਸਬੂਤ ਹੈ।
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਆਨ ਲਾਈਨ ਮੀਟਿੰਗ ਕਰਦਿਆਂ ਬਦਲੀਆਂ ਸਬੰਧੀ ਮਾਮਲਿਆਂ ਦਾ ਵਾਜਿਬ ਹੱਲ ਨਾ ਹੋਣ ਦੀ ਸੂਰਤ ਵਿੱਚ 27 ਅਗਸਤ ਨੂੰ ਪੀੜਿਤ ਅਧਿਆਪਕਾਂ ਨੂੰ ਨਾਲ ਲੈ ਕੇ ਸਵੇਰੇ 10:30 ਵਜੇ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਨੂੰ ਸਮੂਹਿਕ ਵਫ਼ਦ ਦੇ ਰੂਪ ਮਿਲਣ ਦਾ ਫੈਸਲਾ ਕੀਤਾ ਗਿਆ ਹੈ।
ਡੀ.ਟੀ.ਐੱਫ. ਦੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਇਸੇ ਤਰ੍ਹਾਂ ਗੰਭੀਰ ਬੀਮਾਰੀਆਂ ਵਾਲੇ ਮਾਪਿਆਂ ਅਤੇ ਖੁਦ ਗੰਭੀਰ ਬੀਮਾਰੀ ਨਾਲ ਪੀੜਿਤ ਅਧਿਆਪਕਾਂ ਨੂੰ ਸਟੇਅ ਸਮੇਂ ਵਿੱਚ ਛੋਟ ਵੀ ਹਮੇਸ਼ਾ ਦਿੱਤੀ ਜਾਂਦੀ ਰਹੀ ਹੈ ਲੇਕਿਨ ਇਸ ਵਾਰ ਦੀ ਬਦਲੀਆਂ ਵਿੱਚ ਉਹਨਾਂ ਤੋਂ ਇਹ ਛੋਟ ਵੀ ਖੋਹ ਲਈ ਗਈ ਹੈ। ਇਹੋ ਜਿਹੇ ਬਹੁਤ ਸਾਰੇ ਅਧਿਆਪਕ  ਬਦਲੀ ਕਰਾਉਣ ਲਈ ਲੰਬੇ ਸਮੇਂ ਤੋਂ ਉਡੀਕਵਾਨ ਸਨ, ਅਧਿਆਪਕਾਂ ‘ਤੇ ਸਟੇਅ ਦੀ ਸ਼ਰਤ ਲਗਾਉਣਾ ਮੰਦਭਾਗਾ ਹੈ। ਅੰਮ੍ਰਿਤਸਰ ਅਤੇ ਤਰਨਤਾਰਨ ਜਿਲ੍ਹਿਆਂ ਦੇ ਕੰਪਿਊਟਰ ਅਧਿਆਪਕਾਂ ਨੂੰ ਵੀ ਅੰਤਰ ਜ਼ਿਲਾ ਬਦਲੀ ਦਾ ਮੌਕਾ ਨਹੀਂ ਦਿੱਤਾ ਗਿਆ, ਜੋ ਕਿ ਇਹਨਾਂ ਅਧਿਆਪਕਾਂ ਦੇ ਨਾਲ ਸਰਾਸਰ ਧੱਕਾ ਹੈ। ਇਸ ਦਾ ਸਖਤ ਨੋਟਿਸ ਲੈਂਦਿਆਂ ਹੋਇਆ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਹੋਇਆਂ ਆਗੂਆਂ ਨੇ ਕਿਹਾ ਕਿ ਵਿਭਾਗ ਵੱਲੋਂ ਡਾਟਾ ਮਿਸਮੈਚ ਨੂੰ ਦਰੁਸਤ ਕਰਨ ਦੇ ਲਈ ਅਧਿਆਪਕਾਂ ਨੂੰ ਢੁਕਵਾਂ ਸਮਾਂ ਦਿੱਤਾ ਜਾਵੇ। ਕਰੋਨੀਕਲ ਬਿਮਾਰੀਆਂ ਵਾਲੇ ਅਧਿਆਪਕਾਂ ਨੂੰ ਸਟੇਅ ਸਮੇਂ ਦੇ ਵਿੱਚ ਛੋਟ ਦਿੱਤੀ ਜਾਵੇ ਅਤੇ ਕੰਪਿਊਟਰ ਅਧਿਆਪਕਾਂ ਨੂੰ ਅੰਤਰ ਜਿਲਾ ਬਦਲੀ ਦਾ ਮੌਕਾ ਦਿੱਤਾ ਜਾਵੇ।
ਇਸ ਤੋਂ ਇਲਾਵਾ ਅਗਸਤ ਮਹੀਨੇ ਪਰਖ ਸਮਾਂ ਪੂਰਾ ਕਰ ਚੁੱਕੇ ਸਮੂਹ ਨਵ-ਨਿਯੁਕਤ 2392 ਅਧਿਆਪਕਾਂ, ਖੇਤੀਬਾੜੀ ਅਧਿਆਪਕਾਂ ਸਮੇਤ ਈ.ਟੀ.ਟੀ. 6635, ਨਵ ਨਿਯੁਕਤ ਲੈਕਚਰਾਰਾਂ, ਲਾਇਬਰੇਰੀਅਨਾਂ ਅਤੇ 4161 ਅਧਿਆਪਕਾਂ ਨੂੰ ਵੀ ਪਰਖ ਸਮੇਂ ਦੀ ਸ਼ਰਤ ਤੋਂ ਛੋਟ ਦੇ ਕੇ ਬਦਲੀ ਕਰਵਾਉਣ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਡੀ.ਐੱਮ.ਐੱਫ. ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨਾਂ; ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਸਿੰਘ ਫੁੱਲੇਵਾਲਾ, ਜਗਪਾਲ ਬੰਗੀ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੂਬਾਈ ਆਗੂ ਮੁਕੇਸ਼ ਕੁਮਾਰ,  ਸੁਖਵਿੰਦਰ ਗਿਰ, ਰੁਪਿੰਦਰ ਪਾਲ ਗਿੱਲ, ਰਜਿੰਦਰ ਗੁਰੂ, ਕੁਲਜੀਤ ਡੰਗਰ ਖੇੜਾ, ਜਸਵੀਰ ਸਿੰਘ ਸੰਧੂ, ਉਪਕਾਰ ਸਿੰਘ, ਲਖਵਿੰਦਰ ਸਿੰਘ, ਜਸਵੀਰ ਭੰਮਾ ਅਤੇ ਅਮਰਦੀਪ ਸਿੰਘ ਤਰਨਤਾਰਨ, ਦਲਜੀਤ ਸਫੀਪੁਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here