ਤਰਕਸ਼ੀਲ ਸੁਸਾਇਟੀ ਨੇ ਸਰਕਾਰੀ ਸਕੂਲ ਬਾਲੀਆਂ ਵਿਖੇ ਚੇਤਨਾ ਪਰਖ ਪ੍ਰੀਖਿਆ ਬਾਰੇ ਦਿੱਤੀ ਜਾਣਕਾਰੀ ਤਰਕਸ਼ੀਲ ਸੋਚ ਵਕਤ ਦੀ ਮੁੱਖ ਲੋੜ: ਮਾਸਟਰ ਪਰਮਵੇਦ
ਤਰਕਸ਼ੀਲ ਸੁਸਾਇਟੀ ਨੇ ਸਰਕਾਰੀ ਸਕੂਲ ਬਾਲੀਆਂ ਵਿਖੇ ਚੇਤਨਾ ਪਰਖ ਪ੍ਰੀਖਿਆ ਬਾਰੇ ਦਿੱਤੀ ਜਾਣਕਾਰੀ
ਤਰਕਸ਼ੀਲ ਸੋਚ ਵਕਤ ਦੀ ਮੁੱਖ ਲੋੜ: ਮਾਸਟਰ ਪਰਮਵੇਦ
ਦਲਜੀਤ ਕੌਰ
ਸੰਗਰੂਰ, 2 ਸਤੰਬਰ, 2024: ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਤੇ ਛੇਵੀਂ ਚੇਤਨਾ ਪਰਖ ਪ੍ਰੀਖਿਆ ਬਾਰੇ ਜਾਣਕਾਰੀ ਦੇਣ ਹਿੱਤ ਚਲਾਈ ਮੁਹਿੰਮ ਦੀ ਲੜੀ ਵਿੱਚ ਅਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਲੀਆਂ ਵਿਖੇ ਤਰਕਸ਼ੀਲ ਪ੍ਰੋਗਰਾਮ ਦਿੱਤਾ ਗਿਆ।ਸਭ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਹਰਦੇਵ ਕੁਮਾਰ ਨੇ ਤਰਕਸ਼ੀਲ ਟੀਮ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ। ਉਸ ਤੋਂ ਬਾਅਦ ਤਰਕਸ਼ੀਲ ਆਗੂ ਮਾਸਟਰ ਪਰਮਵੇਦ ਨੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਵਿਗਿਆਨਕ ਸੋਚ ਦਾ ਦੀਪ ਜਗਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਇਸ ਦੁਨੀਆਂ ਵਿੱਚ ਕੋਈ ਚਮਤਕਾਰ ਨਹੀਂ ਵਾਪਰਦਾ, ਘਟਨਾਵਾਂ ਵਾਪਰਦੀਆਂ ਹਨ, ਉਨ੍ਹਾਂ ਦੇ ਕਾਰਨ ਜਾਨਣਾ ਹੀ ਤਰਕਸ਼ੀਲ ਸੋਚ ਹੈ। ਉਨ੍ਹਾਂ ਹਾਜ਼ਰੀਨ ਨੂੰ ਕੀ, ਕਿਉਂ, ਕਿਵੇਂ ਆਦਿ ਗੁਣਾਂ ਨਾਲ ਲੈਸ ਹੋ ਕੇ ਆਪਣੇ ਸ਼ਖ਼ਸੀਅਤ ਨੂੰ ਨਿਖ਼ਾਰਨ, ਵਿਕਸਿਤ ਕਰਨ ਦਾ ਸੱਦਾ ਦਿੱਤਾ । ਉਨ੍ਹਾਂ ਮੰਨਣ ਤੋਂ ਪਹਿਲਾਂ ਹਰ ਗੱਲ ਪਰਖ਼ਣ ਲਈ ਕਿਹਾ।
ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਇਹ ਪ੍ਰੀਖਿਆ 13 ਤੇ 14 ਅਕਤੂਬਰ ਨੂੰ ਹੋਵੇਗੀ, ਪ੍ਰੀਖਿਆ ਵਿੱਚ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਸ਼ਾਮਲ ਹੋ ਸਕਦੇ ਹਨ। ਮਿਡਲ ਤੇ ਸੈਕੰਡਰੀ ਪੱਧਰ ਦੀ ਪ੍ਰੀਖਿਆ ਓ ਐਮ ਆਰ ਸ਼ੀਟ ਤੇ 100 ਬਹੁ ਚੋਣਾਵੀ ਪ੍ਰਸ਼ਨਾਂ ਪੱਤਰਾਂ ਦੇ ਆਧਾਰ ਤੇ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬਾ, ਜੋਨ ਤੇ ਇਕਾਈ ਪੱਧਰ ਤੇ ਮੈਰਿਟ ਕਲਾਸ ਵਾਈਜ ਬਣੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਮਾਸਟਰ ਪਰਮਵੇਦ ਨੇ ਵਿਦਿਆਰਥੀਆਂ ਨੂੰ ਮਿਡਲ ਤੇ ਸੈਕੰਡਰੀ ਪੱਧਰ ਦੀਆਂ ਸਿਲੇਬਸ ਪੁਸਤਕ ਵੀ ਦਿੱਤੀਆਂ। ਇਸ ਤਰਕਸ਼ੀਲ ਪ੍ਰੋਗਰਾਮ ਵਿੱਚ ਨਵਨੀਤ ਕੌਰ, ਗੁਰਤੇਗ ਕੌਰ, ਪਰਮਜੀਤ ਕੌਰ, ਬਲਕਾਰ ਸਿੰਘ, ਹਰਜੀਤ ਸਿੰਘ ਨੇ ਸ਼ਮੂਲੀਅਤ ਕੀਤੀ।