ਦਮਦਮੀ ਟਕਸਾਲ ਖਿਲਾਫ ਬਿਆਨਬਾਜ਼ੀ ਕਰਨ ਵਾਲੇ ਆਪਣੇ ਗਿਰੇਬਾਨ ਵਿੱਚ ਝਾਕਣ- ਬਾਬਾ ਮੇਜਰ ਸਿੰਘ
ਬਾਬਾ ਹਰਨਾਮ ਸਿੰਘ ਧੁੰਮਾ ਕੌਮ ਦੇ ਹਿੱਤਾਂ ਦੀ ਕਰ ਰਹੇ ਨੇ ਪਹਿਰੇਦਾਰੀ
ਰਾਕੇਸ ਨਈਅਰ ਚੋਹਲਾ
ਜੰਡਿਆਲਾ ਗੁਰੂ/ਤਰਨਤਾਰਨ,24 ਨਵੰਬਰ 2024
ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਧੁੰਮਾ ਦੇ ਖਿਲਾਫ ਕੁਝ ਅਕਾਲੀ ਆਗੂਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਟਕਸਾਲ ਅਤੇ ਟਕਸਾਲ ਦੇ ਮੁਖੀ ਖਿਲਾਫ ਬਿਆਨਬਾਜ਼ੀ ਕਰਨ ਵਾਲੇ ਆਪਣੇ ਗਿਰੇਬਾਨ ਵਿੱਚ ਝਾਕਣ ।ਉਨ੍ਹਾਂ ਆਖਿਆ ਮਹਾਰਾਸ਼ਟਰ ਦੇ ਸਿੱਖਾਂ ਨੇ ਆਪਣੇ ਸੂਬੇ ਅਤੇ ਸਿੱਖ ਭਾਈਚਾਰੇ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਉੱਥੇ ਜੇਕਰ ਭਾਜਪਾ ਦੀ ਹਮਾਇਤ ਕੀਤੀ ਹੈ ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ।ਉਹਨਾਂ ਕਿਹਾ ਕਿ ਉੱਥੇ ਭਾਜਪਾ ਦਾ ਮੁਕਾਬਲਾ ਕਾਂਗਰਸ ਨਾਲ ਸੀ ਅਤੇ ਕਾਂਗਰਸ ਨੇ ਸਿੱਖਾਂ ਨਾਲ ਜੋ ਕੁਝ ਕੀਤਾ ਹੈ ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨਾ ਅਤੇ ਦਿੱਲੀ ਦੰਗਿਆਂ ਨੂੰ ਕੋਈ ਵੀ ਭੁਲਾ ਨਹੀਂ ਸਕੇਗਾ।ਕਾਵਾਂ ਰੌਲੀ ਪਾਉਣ ਵਾਲੇ ਇਹ ਸਪੱਸ਼ਟ ਕਰਨ ਕਿ ਜੇਕਰ ਕਾਂਗਰਸ ਅਤੇ ਭਾਜਪਾ ਦੋਵਾਂ ਵਿੱਚੋਂ ਇੱਕ ਦੀ ਚੋਣ ਕਰਨੀ ਪਵੇ ਉਹ ਸਿੱਖਾਂ ਦੀ ਦੁਸ਼ਮਣ ਜਮਾਤ ਕਾਂਗਰਸ ਨਾਲ ਸਾਂਝ ਪਾਉਣਗੇ ਜਾਂ ਭਾਜਪਾ ਨਾਲ।ਉਹਨਾਂ ਆਖਿਆ ਕਿ ਦੂਜੀਆਂ ਸਟੇਟਾਂ ਵਿੱਚ ਕਾਂਗਰਸ ਅਤੇ ਭਾਜਪਾ ਦਾ ਸਿੱਧਾ ਮੁਕਾਬਲਾ ਹੈ ਅਤੇ ਬਾਬਾ ਹਰਨਾਮ ਸਿੰਘ ਧੁੰਮਾ ਨੇ ਇਸ ਵਿੱਚ ਕੁਝ ਵੀ ਗਲਤ ਨਹੀਂ ਕੀਤਾ। ਕੌਮ ਦੇ ਹਿੱਤਾਂ ਦੀ ਖਾਤਰ ਦਮਦਮੀ ਟਕਸਾਲ ਦਾ ਸਟੈਂਡ ਸਪੱਸ਼ਟ ਹੈ ਅਤੇ ਟਕਸਾਲ ਸਿੱਖਾਂ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਪਹਿਰੇਦਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖਾਂ ਦੀਆਂ ਆਪਣੀਆਂ ਮੰਗਾਂ ਅਤੇ ਸਰੋਕਾਰ ਹਨ।ਪਰ ਮਹਾਂਰਾਸ਼ਟਰ ਸਮੇਤ ਹੋਰਨਾਂ ਸੂਬਿਆਂ ’ਚ ਸਿੱਖਾਂ ਅਤੇ ਨਾਨਕ ਨਾਮ ਲੇਵਾ ਸੰਗਤਾਂ ਜਿਨਾਂ ’ਚ ਪੰਜਾਬੀ ਹਿੰਦੂ,ਲੁਬਾਣਾ,ਸਿਕਲੀਗਰ,ਸਿੰਧੀ ਅਤੇ ਬਨਜਾਰਾ ਸਮਾਜ ਆਦਿ ਦੀਆਂ ਆਪਣੀਆਂ ਸਮੱਸਿਆਵਾਂ ਅਤੇ ਲੋੜਾਂ ਹਨ। ਜਿਸ ਦੀ ਪੂਰਤੀ ਸਥਾਨਕ ਰਾਜ ਸਰਕਾਰਾਂ ਹੀ ਕਰ ਸਕਦੀਆਂ ਹਨ। ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਸਿੱਖ ਸਮਾਜ ਮਹਾਰਾਸ਼ਟਰ ਦੀ ਰਹਿਨੁਮਾਈ ਕਰਦਿਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਨੂੰ ਦਿੱਤਾ ਗਿਆ ਸਮਰਥਨ ਸਥਾਨਕ ਸਿੱਖ ਭਾਈਚਾਰੇ ਦੇ ਹਿਤਾਂ ਪ੍ਰਤੀ ਸੋਚ ਸਮਝ ਕੇ ਲਿਆ ਗਿਆ ਇਕ ਦਰੁਸਤ ਫ਼ੈਸਲਾ ਹੈ। ਜਿਸ ਦੇ ਅਨੇਕਾਂ ਸਾਰਥਿਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਦੇ ਉਪਰਾਲਿਆਂ ਸਦਕਾ ਮਹਾਰਾਸ਼ਟਰ ਵਿੱਚ ਸਰਕਾਰ ਨੇ ਸਿੱਖ ਕੌਮ ਦੀ ਭਲਾਈ ਅਤੇ ਵਿਕਾਸ ਲਈ ਕਈ ਨੀਤੀਆਂ ਲਾਗੂ ਕੀਤੀਆਂ ਹਨ।ਇਨ੍ਹਾਂ ਵਿਚ ਮਹਾਰਾਸ਼ਟਰ ਸਰਕਾਰ ਵਿਚ ਨੁਮਾਇੰਦਗੀ ਸਬੰਧੀ ਪਹਿਲੀ ਵਾਰ 11 ਮੈਂਬਰੀ ਸਿੱਖ ਪ੍ਰਤੀਨਿਧ ਕਮੇਟੀ ਦਾ ਗਠਨ, ਮਹਾਂਰਾਸ਼ਟਰ ਘੱਟ ਗਿਣਤੀ ਕਮਿਸ਼ਨ ਵਿਚ ਸਿੱਖ ਮੈਂਬਰ ਦੀ ਨਿਯੁਕਤੀ,ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਦੀ ਪੁਨਰ ਸੁਰਜੀਤੀ ਆਦਿ ਅਹਿਮ ਅਤੇ ਇਤਿਹਾਸਕ ਮੀਲ ਪੱਥਰ ਵਾਲੇ ਕਦਮ ਸ਼ਾਮਿਲ ਹਨ।ਸਥਾਨਕ ਸਿੱਖਾਂ ਪ੍ਰਤੀ ਉਪਰੋਕਤ ਮੁੱਦਿਆਂ ਤੋਂ ਇਲਾਵਾ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਮੁੱਚੇ ਬੰਦੀ ਸਿੰਘਾਂ ਨੂੰ ਬਿਨਾਂ ਕਿਸੇ ਸ਼ਰਤ ਰਿਹਾਅ ਕਰਨ,ਵੱਖ-ਵੱਖ ਸੂਬਿਆਂ ਵਿੱਚ ਸਥਿਤ ਸਿੱਖ ਗੁਰਧਾਮਾਂ ਦੇ ਮਸਲੇ ਜਿਵੇਂ ਗੁਰਦੁਆਰਾ ਡਾਂਗ ਮਾਰ ਸਾਹਿਬ ਸਿੱਕਮ, ਗੁਰਦੁਆਰਾ ਚੁੰਘ ਗਾਗ ਸਾਹਿਬ ਸਿੱਕਮ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਉਤਰਾਖੰਡ, ਗੁਰਦੁਆਰਾ ਮੰਗੂ ਮੰਨ ਸਾਹਿਬ ਉੜੀਸਾ, ਗੁਰਦੁਆਰਾ ਬਾਉਲੀ ਮੱਠ ਸਾਹਿਬ ਜਗਨਨਾਥ ਪੁਰੀ,ਗੁਰਦੁਆਰਾ ਤਪ ਅਸਥਾਨ ਗੁਰੂ ਨਾਨਕ ਦੇਵ ਜੀ ਨੇਚਲਾ ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ਵਿੱਚ 200 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਢਾਹੁਣ ਅਤੇ ਪੰਜਾਬੀ ਲੇਨ ਕਾਲੋਨੀ ਦੇ ਸਿੱਖਾਂ ਦੇ ਘਰ ਢਾਹੁਣ ਆਦਿ ਮਾਮਲੇ ਫ਼ੌਰੀ ਤੌਰ ‘ਤੇ ਹੱਲ ਕੀਤੇ ਜਾਣ, 1974 ਤੋਂ 1995 ਤੱਕ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਕਾਰਨ ਸਿੱਖਾਂ ਦਾ ਜੋ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਉਸ ਲਈ ਸਮੂਹ ਪ੍ਰਭਾਵਿਤ ਪਰਿਵਾਰਾਂ ਨੂੰ ਮਾਲੀ ਮਦਦ ਦੇਣ,
ਪੰਜਾਬ ਦੀ ਕਿਸਾਨੀ ਮੁੱਦਿਆਂ,ਜੋ ਸਿੱਖ ਨੌਜਵਾਨ ਜੇਲ੍ਹਾਂ ਵਿਚ ਡੱਕੇ ਗਏ ਸਮੁੱਚੇ ਸਿੱਖ ਨੌਜਵਾਨਾਂ ਦੀ ਜਲਦੀ ਤੋਂ ਜਲਦੀ ਬਿਨਾਂ ਸ਼ਰਤ ਰਿਹਾਅ ਕਰਨ ਅਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਵੱਸਦੇ ਸਿੱਖਾਂ ਦੀ ਭਲਾਈ ਲਈ ਅਤੇ ਉਹਨਾਂ ਦੇ ਬਣਦੇ ਹੱਕਾਂ ਦੀ ਪੂਰਤੀ ਲਈ ਉਹਨਾਂ ਨੂੰ ਰਾਜ ਘੱਟ ਗਿਣਤੀ ਕਮਿਸ਼ਨਾਂ ਅਤੇ ਸਿੱਖ ਭਲਾਈ ਬੋਰਡਾਂ ਦਾ ਗਠਨ ਕਰਕੇ ਸਿੱਖਾਂ ਭਾਈਚਾਰੇ ਨੂੰ ਸਰਕਾਰਾਂ ਵਿਚ ਨੁਮਾਇੰਦਗੀ ਦੇਣ ਬਾਰੇ ਉਠਾਏ ਗਏ ਮੁੱਦਿਆਂ ’ਤੇ ਵੀ ਦਵਿੰਦਰ ਫੜਨਵੀਸ ਨੇ ਚੰਗਾ ਹੁੰਗਾਰਾ ਭਰਿਆ ਹੈ।ਬਾਬਾ ਮੇਜਰ ਸਿੰਘ ਸੋਢੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਦਮਦਮੀ ਟਕਸਾਲ ਅਤੇ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਖਿਲਾਫ ਬੋਲਣ ਵਾਲੇ ਆਪਣੀਆਂ ਹਰਕਤਾਂ ਤੋਂ ਬਾਜ ਆਉਣ।