ਦਲਿਤ ਮੁਕਤੀ ਮਾਰਚ ਦਾ ਮੰਡਵੀਂ ਵਿੱਚ ਭਰਵਾਂ ਸਵਾਗਤ
ਦਲਜੀਤ ਕੌਰ
ਮੂਨਕ, 21 ਸਤੰਬਰ, 2024: ਮਲੇਰਕੋਟਲਾ ਦੇ ਪਿੰਡ ਤੋਲੇਵਾਲ ਤੋਂ ਸ਼ੁਰੂ ਹੋਇਆ ਦਲਿਤ ਮੁਕਤੀ ਮਾਰਚ ਦਾ ਕਾਫਲਾ ਨਾਭਾ, ਪਟਿਆਲਾ ਦਿਹਾਤੀ, ਸਨੌਰ, ਘਨੌਰ, ਪਟਿਆਲਾ, ਸਮਾਣਾ , ਭਵਾਨੀਗੜ੍ਹ, ਦਿੜ੍ਹਬਾ ਹੁੰਦੇ ਹੋਏ ਅੱਜ ਰਾਤ ਮੂਨਕ ਦੇ ਪਿੰਡ ਮੰਡਵੀਂ ‘ਚ ਪਹੁੰਚਿਆ ਤਾਂ ਮਜ਼ਦੂਰਾਂ ਵੱਲੋਂ ਨਾਅਰੇ ਲਗਾ ਕੇ ਅਤੇ ਹਾਰ ਪਾਕੇ ਇਸ ਦਾ ਭਰਵਾਂ ਸਵਾਗਤ ਕੀਤਾ।
ਇਸ ਮੌਕੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਰਨਲ ਸਕੱਤਰ ਗੁਰਵਿੰਦਰ ਸਿੰਘ ਬੌੜਾਂ ਨੇ ਦੱਸਿਆ ਕਿ ਵੱਖ ਵੱਖ ਪਿੰਡਾਂ ਵਿੱਚ ਹੁੰਦੇ ਹੋਏ ਕਾਫ਼ਲੇ ਦੌਰਾਨ ਲੋਕਾਂ ਦੀ ਭਾਸ਼ਾ ਵਿੱਚ ਫ਼ਰਕ ਨਜ਼ਰ ਆਇਆ, ਪਹਿਰਾਵਾ ਥੋੜਾ ਬਦਲਿਆ ਨਜ਼ਰ ਆਇਆ ਪਰ ਆਰਥਿਕ ਹਾਲਤ, ਘਰਾਂ ਦੀ ਹਾਲਤ ਉਹੀ ਆ। ਹਾਲਾਤ ਬਦਲਣ ਲਈ ਮਜ਼ਦੂਰ ਸਖ਼ਤ ਮਿਹਨਤਾਂ ਕਰਦੇ ਹਨ ਸਖ਼ਤ ਮਿਹਨਤ ਕਰਨ ਨਾਲ ਵੀ ਹਾਲਾਤ ਸੁਧਰਦੇ ਨਹੀਂ ਅਗਰ ਜਮੀਨ ਦੀ ਕਾਣੀ ਵੰਡ ਖਤਮ ਕੀਤੀ ਜਾਵੇ ਜਾਤੀ ਵਿਤਕਰੇ ਖਿਲਾਫ ਸਖਤ ਕਾਨੂੰਨ ਬਣਾਏ ਜਾਣ, ਮਜ਼ਦੂਰਾਂ ਕੋਲ ਪੱਕੇ ਘਰ ਹੋਣ, ਪੱਕਾ ਰੁਜ਼ਗਾਰ ਹੋਵੇ ਤਾਂ ਹਾਲਾਤ ਸੁਧਰ ਸਕਦੇ ਹਨ ਆਗੂਆਂ ਇਹ ਵੀ ਕਿਹਾ ਕਿ ਇਸ ਮਾਰਚ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਮਾਰਚ ਦੌਰਾਨ ਇਸ ਮਾਰਚ ਦੌਰਾਨ ਮੰਡਵੀਂ ਮੰਕੋਰੜ ਸਾਹਿਬ, ਫੂਲਦ, ਰਾਮਪੁਰਾ ਤੋਂ ਮੂਨਕ ਪਹੁੰਚਿਆ।
ਇਸ ਮੌਕੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਨੇ ਲੋਕਾਂ ਨੂੰ ਆਪਣੇ ਹਾਲਾਤ ਬਦਲਣ ਲਈ ਸੰਘਰਸ਼ਾਂ ਦਾ ਪਿੜ ਮੱਲਣ ਦਾ ਸੱਦਾ ਦਿੱਤਾ।ਪਿੰਡਾਂ ਵਿੱਚ ਸ਼ੀਤਲ ਰੰਗ ਮੰਚ ਸ਼ੇਰਪੁਰ ਦੀ ਟੀਮ ਵੱਲੋਂ ਮਜ਼ਦੂਰਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਂਦਾ ਨਾਟਕ “ਤੈਂ ਕੀ ਦਰਦ ਨਾ ਆਇਆ” ਦੀ ਪੇਸ਼ਕਾਰੀ ਵੀ ਕੀਤੀ ਗਈ।
ਇਸ ਮੌਕੇ ਉਪਰੋਕਤ ਤੋਂ ਬਿਨਾਂ ਮਾਰਚ ਦੌਰਾਨ ਗੁਰਦਾਸ ਝਲੂਰ, ਜਸਵਿੰਦਰ ਮੰਡਵੀਂ,ਸੁਭਾਸ ਮੰਡਵੀਂ, ਨਾਥ, ਪ੍ਰੀਤਮ, ਦੇਵ, ਲੀਲਾ, ਹਰਬੰਸ ਦੇਹਲਾ ਆਦਿ ਨੇ ਸੰਬੋਧਨ ਕੀਤਾ ਅਤੇ ਜਸ਼ਨਪ੍ਰੀਤ ਸਿੰਘ ਹਰੀਗੜ੍ਹ ਪਰਮਵੀਰ ਹਰੀਗੜ, ਜਸਵਿੰਦਰ ਸਿੰਘ ਹੇੜੀਕੇ, ਵੀਰਪਾਲ ਦੁੱਲੜ ਅਤੇ ਹੋਰ ਬਹੁਤ ਸਾਰੇ ਵਿਅਕਤੀ ਸ਼ਾਮਲ ਸਨ।