ਸੁਨਾਮ/ਸੰਗਰੂਰ, 2 ਜੁਲਾਈ, 2024: ਸਿਵਲ ਸਰਜਨ ਡਾ. ਕਿਰਪਾਲ ਸਿੰਘ ਦੀ ਯੋਗ ਰਹਿਨੁਮਾਈ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕਰਮਜੀਤ ਸਿੰਘ ਐਕਸ ਪੀ ਸੀ ਐੱਸ ਦੀ ਅਗਵਾਈ ਹੇਠ ਸਿਹਤ ਬਲਾਕ ਕੌਹਰੀਆਂ ਅਧੀਨ ਰਾਸ਼ਟਰੀ ਦਸਤ ਰੋਕੂ ਮੁਹਿੰਮ ਜਾਰੀ ਹੈ। ਇਸ ਤਹਿਤ ਆਮ ਲੋਕਾਂ, ਦੁੱਧ ਪਿਲਾਉਣ ਵਾਲੀਆਂ ਮਾਂਵਾਂ, ਸਕੂਲੀ ਬੱਚਿਆਂ ਆਦਿ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਰੱਖਿਆ, ਰੋਕਥਾਮ ਤੇ ਉਪਚਾਰ ਨਾਲ ਬੱਚਿਆਂ ਨੂੰ ਦਸਤ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 1 ਜੁਲਾਈ ਤੋਂ 31 ਅਗਸਤ 2024 ਤੱਕ ਰਾਸ਼ਟਰੀ ਦਸਤ ਰੋਕੂ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਮੰਤਵ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਡਾਇਰੀਆ ਨਾਲ ਹੋਣ ਵਾਲੀਆਂ ਮੌਤਾ ਦੀ ਗਿਣਤੀ ਨੂੰ ਜ਼ੀਰੋ ਤੇ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ “ਡਾਇਰੀਆ ਦੀ ਰੋਕਥਾਮ, ਸਾਫ-ਸਫਾਈ ਅਤੇ ਓਆਰਐੱਸ ਨਾਲ ਰੱਖੋ ਆਪਣਾ ਧਿਆਨ’’ ਸਲੋਗਨ ਨਾਲ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੋ-ਦੋ ਓ ਆਰ ਐੱਸ ਦੇ ਪੈਕਟ ਤੇ 14-14 ਜਿੰਕ ਦੀਆਂ ਗੋਲੀਆਂ ਵੰਡੀਆਂ ਜਾਣਗੀਆਂ। ਇਸਦੇ ਨਾਲ ਹੀ ਆਮ ਲੋਕਾਂ ਨੂੰ ਓ ਆਰ ਐੱਸ ਘੋਲ ਤਿਆਰ ਕਰਨ ਦੀ ਵਿਧੀ ਵੀ ਸਿਖਾਈ ਜਾਵੇਗੀ। ਸਿਹਤ ਕੇੰਦਰਾਂ ਤੇ ਆਂਗਨਵਾੜੀ ਸੈਂਟਰਾਂ ਵਿਚ ਓ ਆਰ ਐੱਸ ਤੇ ਜਿੰਕ ਕਾਰਨਰ ਸਥਾਪਤ ਕੀਤੇ ਗਏ ਹਨ।
ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਦਸਤ ਦੇਸ਼ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸਿਹਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।ਸਾਡੇ ਦੇਸ਼ ਵਿਚ ਹਰ ਸਾਲ ਲੱਖਾਂ ਬੱਚਿਆਂ ਦੀ ਦਸਤ ਕਾਰਨ ਮੌਤ ਹੋ ਜਾਂਦੀ ਹੈ। ਇਹ ਵੀ ਵੇਖਿਆ ਗਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਨੂੰ ਸਾਲ ਵਿਚ ਘੱਟੋ ਘੱਟ 2-3 ਵਾਰ ਦਸਤ ਤੋਂ ਪੀੜਤ ਹੋਣ ਦੀ ਸੰਭਾਵਨਾ ਹੁੰਦੀ ਹੈ। ਅਸੀਂ ਰਾਸ਼ਟਰੀ ਦਸਤ ਰੋਕੂ ਅਭਿਆਨ ਤਹਿਤ ਜਾਗਰੂਕਤਾ ਫੈਲਾ ਕੇ ਦਸਤ ਕਾਰਨ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਘਟਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਦਸਤਾਂ ਤੋਂ ਬਚਾਅ ਲਈ ਸਾਫ਼ ਸਫਾਈ ਦੀ ਮਹੱਤਵਪੂਰਨ ਭੂਮਿਕਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਲਖਮੀਰਵਾਲਾ ਵਿਖੇ ਆਰ ਬੀ ਐੱਸ ਕੇ ਟੀਮ ਦੇ ਡਾ. ਵਰਿੰਦਰ ਕੁਮਾਰ ਅਤੇ ਡਾ. ਕਨਿਕਾ ਬੱਗਾ ਨੇ ਸਕੂਲੀ ਬੱਚਿਆਂ ਨੂੰ ਹੱਥ ਧੋਣ ਦੀ ਤਕਨੀਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਣਾ ਖਾਣ ਤੋਂ ਪਹਿਲਾਂ, ਮਲ ਤਿਆਗ ਕਰਨ ਤੋਂ ਬਾਅਦ, ਖਾਣਾ ਬਣਾਉਣ ਤੇ ਖਾਣਾ ਪਰੋਸਣ ਤੋਂ ਪਹਿਲਾਂ, ਜਾਨਵਰਾਂ ਜਾਂ ਕੂੜੇ ਕਰਕਟ ਨੂੰ ਛੋਹਣ ਤੋਂ ਬਾਅਦ, ਬੱਚੇ ਦਾ ਮਲ ਤਿਆਗ ਸਾਫ਼ ਕਰਨ ਤੋਂ ਬਾਅਦ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।
ਨਰਿੰਦਰ ਪਾਲ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਸਾਫ਼ ਸਫਾਈ ਰੱਖਣਾ ਦਸਤਾਂ ਦੀ ਬਿਮਾਰੀ ਦੀ ਰੋਕਥਾਮ ਲਈ ਸਹਾਈ ਹੁੰਦਾ ਹੈ। ਉਨ੍ਹਾਂ ਕਿਹਾ ਕਿ 6 ਮਹੀਨੇ ਦੀ ਉਮਰ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਾਜ਼ਾਰ ਦੀਆਂ ਖੁੱਲ੍ਹੀਆਂ ਤੇ ਅਣਢਕੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕੀਤਾ ਜਾਵੇ।