ਦੰਦ ਸਾਡੇ ਸਰੀਰ ਦਾ ਅਹਿਮ ਅੰਗ,ਇੰਨ੍ਹਾਂ ਦਾ ਰੱਖੋ ਖ਼ਿਆਲ- ਡਾਕਟਰ ਪ੍ਰੀਤੀ ਬਜਾਜ
ਰਾਕੇਸ਼ ਨਈਅਰ ਚੋਹਲਾ
ਪੱਟੀ/ਤਰਨਤਾਰਨ,24 ਜੂਨ
ਸਿਆਣੇ ਕਹਿੰਦੇ ਹਨ ਦੰਦ ਗਏ ਸੁਆਦ ਗਿਆ,ਅੱਖਾਂ ਗਈਆਂ ਜਹਾਨ ਗਿਆ। ਦੰਦ ਸਾਡੇ ਸਰੀਰ ਦਾ ਅਹਿਮ ਅੰਗ ਹਨ।ਸਾਨੂੰ ਇਹਨਾਂ ਦਾ ਵਿਸ਼ੇਸ਼ ਤੌਰ ‘ਤੇ ਖ਼ਿਆਲ ਰੱਖਣਾ ਚਾਹੀਦਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਡੈਂਟਲ ਕਲੀਨਿਕ ਵਿਖੇ ਸੇਵਾਵਾਂ ਦੇ ਰਹੇ ਡਾਕਟਰ ਪ੍ਰੀਤੀ ਬਜਾਜ ਨੇ ਕੀਤਾ।ਇਸ ਮੌਕੇ ਉਨ੍ਹਾਂ ਕਿਹਾ ਕਿ ਭੋਜਨ ਨੂੰ ਚੰਗੀ ਤਰ੍ਹਾਂ ਚਬਾਉਣ ਤੇ ਪਚਾਉਣ ਲਈ ਮਜ਼ਬੂਤ ਤੇ ਸਿਹਤਮੰਦ ਦੰਦ ਜ਼ਰੂਰੀ ਹਨ।ਇਸ ਲਈ ਸਾਨੂੰ ਦੰਦਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।ਉਨ੍ਹਾਂ ਆਖਿਆ ਤੁਹਾਡੇ ਦੰਦਾਂ ਦੀ ਸਿਹਤ ਤੁਹਾਡੀ ਸਾਧਾਰਨ ਸਿਹਤ ਦਾ ਇਕ ਜ਼ਰੂਰੀ ਹਿੱਸਾ ਹੈ।ਦੰਦਾਂ ਦੀ ਉਪੇਖਿਆ ਤੁਹਾਡੀ ਆਮ ਦੇਖਭਾਲ ਦੀ ਸੂਚਕ ਹੈ। ਦੰਦਾਂ ‘ਚ ਜੋ ਭੋਜਨ ਫਸ ਜਾਂਦਾ ਹੈ ਉਸ ਨਾਲ ਦੰਦਾਂ ‘ਚ ਸਾੜ ਪੈਦਾ ਹੋ ਜਾਂਦਾ ਹੈ ਜਿਸ ਕਾਰਣ ਮਸੂੜਿਆਂ ‘ਚ ਸੋਜਸ ਤੇ ਟੁੱਥਪੇਸਟ ਕਰਨ ਨਾਲ ਖ਼ੂਨ ਆਉਣ ਲੱਗ ਪੈਂਦਾ ਹੈ ਜੇ ਦੰਦਾਂ ਦੀ ਸਖ਼ਤ ਪੀਲੀ ਪਾਪੜੀ ਨੂੰ ਸਾਫ਼ ਨਾ ਕੀਤਾ ਜਾਵੇ ਤਾਂ ਇਹ ਦੰਦਾਂ ਤੇ ਮਸੂੜਿਆਂ ਦੀ ਬਿਮਾਰੀ ਦਾ ਮੁੱਖ ਕਾਰਨ ਬਣਦੀ ਹੈ।ਭੋਜਨ ਕਰਨ ਤੋਂ ਬਾਅਦ ਬਕਾਇਦਾ ਟੁੱਥਬੁਰਸ਼ ਕਰਨਾ ਚਾਹੀਦਾ ਹੈ ਜਾਂ ਫਿਰ ਘੱਟੋ ਘੱਟ ਰੋਜ਼ ਸਵੇਰੇ ਤੇ ਰਾਤ ਨੂੰ ਬੁਰਸ਼ ਕਰਨ ਦੰਦਾਂ ‘ਤੇ ਪੇਪੜੀ ਜੰਮਣ ਤੋਂ ਰੋਕਣ ‘ਚ ਸਹਾਇਕ ਹੁੰਦਾ ਹੈ। ਹਰ ਤਿੰਨ ਚਾਰ ਮਹੀਨਿਆਂ ਦੇ ਅੰਤਰਾਲ ਤੇ ਬੁਰਸ਼ ਬਦਲਣਾ ਚਾਹੀਦਾ ਹੈ। ਜੇ ਫਿਰ ਵੀ ਦੰਦਾਂ ਦੀ ਕੋਈ ਤਕਲੀਫ਼ ਹੁੰਦੀ ਹੈ ਤਾਂ ਤੁਰੰਤ ਦੰਦਾਂ ਦੇ ਡਾਕਟਰ ਕੋਲ ਦਖਾਉਣਾ ਚਾਹੀਦਾ ਹੈ।
ਫੋਟੋ ਕੈਪਸਨ :ਦੰਦਾਂ ਦੀ ਸੰਭਾਲ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਪ੍ਰੀਤੀ ਬਜਾਜ।