ਮੱਧ ਪ੍ਰਦੇਸ਼ ਦੇ ਖੰਡਵਾ ਦੇ ਇਕ ਪ੍ਰਾਈਵੇਟ ਸਕੂਲ ਦੇ 6ਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਇਕ ਪ੍ਰਸ਼ਨ ਪੱਤਰ ‘ਚ ਬਾਲੀਵੁੱਡ ਜੋੜਾ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦੇ ਬੇਟੇ ਦਾ ਪੂਰਾ ਨਾਮ ਪੁੱਛਿਆ ਗਿਆ ਸੀ, ਜਿਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਹਾਲਾਂਕਿ ਇਸ ਮਾਮਲੇ ‘ਚ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਸਵਾਲ ਨੂੰ ਵਿਦਿਆਰਥੀਆਂ ਦੇ ਗਿਆਨ ‘ਚ ਵਾਧਾ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
ਖੰਡਵਾ ਸ਼ਹਿਰ ਦੇ ਅਕਾਦਮਿਕ ਹਾਈਟਸ ਪਬਲਿਕ ਸਕੂਲ ਦੇ 6ਵੀਂ ਜਮਾਤ ਦੇ ਵਿਦਿਆਰਥੀਆਂ ਦੇ ਟਰਮ–ਐਂਡ ਇਮਤਿਹਾਨ-2 ਦੇ ਜਨਰਲ ਨਾਲੇਜ ਪੇਪਰ ਵਿਚ ਸਵਾਲ ਪੁੱਛਿਆ ਗਿਆ – ਕਰੀਨਾ ਕਪੂਰ ਖਾਨ (kareena Kapoor) ਅਤੇ ਸੈਫ ਅਲੀ ਖਾਨ (Saif Ali Khan) ਦੇ ਬੇਟੇ ਦਾ ਪੂਰਾ ਨਾਮ ਲਿਖੋ। ਜਿਸ ‘ਤੇ ਕੁਝ ਲੋਕਾਂ ਨੇ ਇਤਰਾਜ਼ ਉਠਾਉਂਦੇ ਹੋਏ ਪ੍ਰਸ਼ਨ ਪੱਤਰ ਦੀ ਕਾਪੀ ਇੰਟਰਨੈੱਟ ਮੀਡੀਆ ਪਲੇਟਫਾਰਮ ‘ਤੇ ਸਾਂਝੀ ਕੀਤੀ ਹੈ।
ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਭਲੇਰਾਓ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਅਤੇ ਵਿਭਾਗ ਵੱਲੋਂ ਸਬੰਧਤ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਤੋਂ ਜਵਾਬ ਮਿਲਣ ਤੋਂ ਬਾਅਦ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਭਲੇਰਾਓ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਰਾਸ਼ਟਰ ਹਿੱਤ ਵਿਚ ਉਨ੍ਹਾਂ ਦੇ ਗਿਆਨ ਵਿਚ ਵਾਧਾ ਹੋਵੇ। ਇਸ ’ਤੇ ਇਤਰਾਜ਼ ਕਰਦਿਆਂ ਮਾਪੇ–ਅਧਿਆਪਕ ਸਭਾ ਦੇ ਅਹੁਦੇਦਾਰ ਅਨੀਸ ਅਰਝਰੇ ਨੇ ਕਿਹਾ ਕਿ ਵਿਦਿਆਰਥੀਆਂ ਤੋਂ ਦੇਸ਼ ਦੀਆਂ ਮਹਾਨ ਸ਼ਖ਼ਸੀਅਤਾਂ ਅਤੇ ਕੌਮੀ ਨਾਇਕਾਂ ਜਿਵੇਂ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਅਹਿਲਿਆਬਾਈ ਹੋਲਕਰ ਨਾਲ ਸਬੰਧਤ ਸਵਾਲ ਪੁੱਛੇ ਜਾਣੇ ਚਾਹੀਦੇ ਹਨ। ਉਨ੍ਹਾਂ ਸਕੂਲ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।