ਧਰਤੀ ਨਾਲ਼ ਜੁੜੀ ਸ਼ਾਇਰੀ ਦਾ ਸਿਰਜਣਹਾਰ,ਹਰਜਿੰਦਰ ਕੰਗ

0
567

ਹੇਵਰਡ: ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਵਲੋਂ ਡਾ. ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਜ਼ੂਮ ਲਿੰਕ ਰਾਹੀਂ ਸਾਹਿਤਕ ਮਿਲਣੀ ਹੋਈ। ਇਸ ਮਿਲਣੀ ਦੇ ਸ਼ੁਰੂ ਵਿਚ ਡਾ. ਕੰਬੋਜ ਨੇ ਸਭ ਨੂੰ ਜੀ ਆਇਆਂ ਆਖਿਆ। ਜਨਰਲ ਸਕੱਤਰ ਕੁਲਵਿੰਦਰ ਨੇ ਕਾਰਵਾਈ ਨੂੰ ਅੱਗੇ ਤੋਰਦੇ ਹੋਏ ਦੀਪਕ ਜੈਤੋਈ ਸਕੂਲ ਤੋਂ ਉਸਤਾਦ ਗੁਰਦਿਆਲ ਰੌਸ਼ਨ ਦੇ ਹੋਣਹਾਰ ਸ਼ਗਿਰਦ ਹਰਜਿੰਦਰ ਕੰਗ ਦੀ ਜਾਣ-ਪਛਾਣ ਕਰਵਾਉਂਦੇ ਹੋਏ ਕਿਹਾ ਕਿ ਹਰਜਿੰਦਰ ਕੰਗ ਨੇ 1992 ਵਿਚ ‘ਸਵਾਂਤੀ ਬੂੰਦ’ (ਗ਼ਜ਼ਲ ਸੰਗ੍ਰਹਿ) ਨਾਲ਼ ਪੰਜਾਬੀ ਸਾਹਿਤ ਦੇ ਬੂਹੇ ਦਸਤਕ ਦਿੱਤੀ। ਇਸ ਤੋਂ ਬਾਅਦ ‘ਠੀਕਰੀ ਪਹਿਰਾ’(ਗ਼ਜ਼ਲ ਸੰਗ੍ਰਹਿ 1996, 2009), ਚੁੱਪ ਦੇ ਟੁਕੜੇ (ਕਾਵਿ-ਸੰਗ੍ਰਹਿ 2006) ਅਤੇ ‘ਆਪਾਂ ਦੋਵੇਂ ਰੁੱਸ ਬੈਠੇ (ਗੀਤ-ਸੰਗ੍ਰਹਿ 2011) ਨਾਲ਼ ਪੰਜਾਬੀ ਸਾਹਿਤ ਦੇ ਵਿਹੜੇ ਵਿਚ ਸੰਦਲੀ ਮਹਿਕ ਖਿੰਡਾਈ ਹੈ। ਰਾਜ ਗਾਇਕ ਹੰਸ ਰਾਜ ਹੰਸ ਤੋਂ ਇਲਾਵਾ ਹੋਰ ਬਹੁਤ ਸਾਰੇ ਗਾਇਕਾਂ ਨੇ ਇਸ ਸ਼ਾਇਰ ਦੇ ਗੀਤਾਂ ਨੂੰ ਆਵਾਜ਼ ਦਿੱਤੀ ਹੈ। ਇਸ ਉਪਰੰਤ ਇੰਡੀਆ ਤੋਂ ਪ੍ਰੋ. ਸੁਰਜੀਤ ਜੱਜ ਨੇ ‘ਹਰਜਿੰਦਰ ਕੰਗ ਦੀ ਸ਼ਾਇਰੀ ਨਾਲ਼ ਸੰਵਾਦ ਛੇੜਦਿਆਂ’ ਵਿਲੱਖਣਤਾ ਭਰਪੂਰ ਪੇਪਰ ਪੜ੍ਹਿਆ।ਉਨ੍ਹਾਂ ਕਿਹਾ ਕਿ ਸੰਵੇਦਨਾ ਦੀ ਸਾਂਝ ਬਿਨਾਂ ਨਾ ਤਾਂ ਕਾਵਿ ਦੀ ਅਨੁਭੂਤੀ ਸੰਭਵ ਹੈ ਅਤੇ ਨਾ ਹੀ ਸ਼ਾਇਰੀ ਨਾਲ ਸੰਵਾਦ। ਸੰਵਾਦ ਤੋਂ ਵੀ ਪਹਿਲਾਂ ਸੁਹਜ ਸੰਪੰਨਤਾ ਆਉਂਦੀ ਹੈ। ਸਹਿਜ ਸੁਭਾਵਿਕਤਾ ਦੀ ਇਹ ਧੁਨੀ ਸ਼ਾਇਰੀ ਵਿਚ ਪ੍ਰਵਾਹਿਤ ਹੋਣੀ ਚਾਹੀਦੀ ਹੈ। ਹਰਜਿੰਦਰ ਕੰਗ ਦੀ ਸ਼ਾਇਰੀ ਨੇ ਮੈਨੂੰ ਸਭ ਤੋਂ ਪਹਿਲਾਂ ਇਸੇ ਸਰੂਪ ਦੇ ਦੀਦਾਰ ਕਰਵਾਏ ਹਨ:ਕਿਹਾ ਜਾਂ ਬੱਚਿਆਂ ਨੂੰ ਮੈਂਕਿ ਕੀ ਹੈ ਅੱਗ ਦਾ ਕਾਰਜਸਿਵੇ ਬਲਦੇ ਬਣਾ ਦਿੱਤੇ ਉਨ੍ਹਾਂ ਨੇ ਕਾਗਜ਼ਾਂ ਉੱਤੇ।
ਉਨ੍ਹਾਂ ਅੱਗੇ ਜਿਹਾ ਕਿ ਇਸਦੇ ਨਾਲ ਹੀ ਇਕ ਸਮਰੱਥਾਵਾਨ ਸ਼ਾਇਰ ਦੀ ਸ਼ਾਇਰੀ ਅਤੀਤ, ਵਰਤਮਾਨ ਅਤੇ ਭਵਿੱਖ ਦੇ ਟੋਟਿਆਂ ਤੱਕ ਹੀ ਸੀਮਤ ਨਹੀਂ ਹੁੰਦੀ ਸਗੋਂ ਬਾਹਰਲੇ ਵਰਤਾਰਿਆਂ ਨਾਲ ਵਿਰਾਟ ਅਤੇ ਗਹਿਰੇ ਕਾਵਿ-ਬਿੰਬਾਂ ਵਿਚ ਪ੍ਰਸਤੁਤ ਹੁੰਦੀ ਹੈ।ਪ੍ਰੋ. ਸੁਰਜੀਤ ਜੱਜ ਵਲੋਂ ਪੜ੍ਹੇ ਗਏ ਭਾਵ-ਪੂਰਤ ਪੇਪਰ ਦਾ ਹਾਜ਼ਰ ਸਾਹਿਤਕਾਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਉਪਰੰਤ ਵਿਚਾਰ ਚਰਚਾ ਵਿਚ ਭਾਗ ਲੈਂਦੇ ਹੋਏ ਕੈਨੇਡਾ ਤੋਂ ਪ੍ਰਸਿੱਧ ਗ਼ਜ਼ਲਕਾਰ ਜਸਵਿੰਦਰ ਨੇ ਕਿਹਾ ਕਿ ਕੰਗ ਦੀ ਸ਼ਾਇਰੀ ਵਿਚ ਪੰਜਾਬੀਅਤ ਦਾ ਰੰਗ ਬਹੁਤ ਗੂੜ੍ਹਾ ਹੈ। ਗ਼ਜ਼ਲ ਦੇ ਸ਼ਿਅਰ ਸਾਂਝੇ ਹੁੰਦੇ ਹਨ ਪਰ ਕੰਗ ਨੇ ਨਿਵੇਕਲਾ ਕੰਮ ਇਹ ਕੀਤਾ ਹੈ ਕਿ ਗੀਤਾਂ ਵਿਚ ਵੀ ਗ਼ਜ਼ਲ ਵਰਗੀ ਗਹਿਰਾਈ ਪੇਸ਼ ਕੀਤੀ ਹੈ। ਉਸਨੇ ਵੱਖ-ਵੱਖ ਬਹਿਰਾਂ ਵਿਚ ਗ਼ਜ਼ਲ ਰਚ ਕੇ ਆਪਣੀ ਕਾਵਿਕ ਸਮਰੱਥਾ ਦਾ ਪ੍ਰਮਾਣ ਦਿੱਤਾ ਹੈ।ਸ਼ਪਸ਼ਟ ਅਤੇ ਰਵਾਨਗੀ ਵਾਲੀ ਸ਼ਾਇਰੀ ਦੇ ਨਾਲ਼-ਨਾਲ਼ ਕਟਾਖਸ਼ ਦਾ ਰੰਗ ਵੀ ਉਸਦੀ ਸ਼ਾਇਰੀ ਦੀ ਇਕ ਹੋਰ ਪਛਾਣ ਹੈ। ਜਗਜੀਤ ਨੌਸ਼ਿਹਰਵੀ ਨੇ ਕਿਹਾ ਕਿ ਹਰਜਿੰਦਰ ਕੰਗ ਅਤੇ ਉਹ ਦੋਵੇਂ ਮੈਗਜ਼ੀਨਾਂ ਵਿਚ ਇਕੱਠੇ ਛਪੇ ਸੀ।ਕੰਗ ਦੀ ਸ਼ਾਇਰੀ ਨੂੰ ਗਹੁ ਨਾਲ ਪੜੁਦਿਆਂ ਮਹਿਸੂਸ ਹੁੰਦਾ ਹੈ ਕਿ ਉਸਨੇ ਠੋਸ ਕਦਮਾਂ ਨਾਲ਼ ਸ਼ਾਇਰੀ ਦੇ ਪੜਾਅ ਸਰ ਕੀਤੇ ਹਨ।ਸੁਰਜੀਤ ਸਖੀ ਨੇ ਕਿਹਾ ਕਿ ਕੰਗ ਦੀ ਸ਼ਾਇਰੀ ‘ਨਿੱਜ ਤੋਂ ਸਮੂਹ’ ਅਤੇ ‘ਸਮੂਹ ਤੋਂ ਨਿੱਜ’ ਦੀ ਸ਼ਾਇਰੀ ਹੈ। ਆਪਣੀ ਸ਼ਾਇਰੀ ਵਿਚ ਕਦੇ ਉਹ ਤਖਤ ਹਜ਼ਾਰੇ ਦਾ ਰਾਂਝਾ ਅਤੇ ਕਦੀ ਪਹੁੰਚਿਆ ਹੋਇਆ ਫ਼ਕੀਰ ਲੱਗਦਾ ਹੈ। ਡਾ. ਗੁਰੂਮੇਲ ਸਿੱਧੂ ਨੇ ਕਿਹਾ ਕਿ ਹਰਜਿੰਦਰ ਕੰਗ ਦੀ ਸ਼ਾਇਰੀ ਧਰਤੀ ਨਾਲ ਜੁੜੀ ਹੋਈ ਸ਼ਾਇਰੀ ਹੈ। ਕੰਗ ਦੇ ਲਿਖੇ ਹੋਏ ਸ਼ਿਅਰ ਪੰਜਾਬੀ ਸਕੂਲਾਂ ਵਿਚ ਲਿਖੇ ਹੋਏ ਹਨ, ਇਸਦੇ ਸ਼ਿਅਰਾਂ ’ਤੇ ਕਾਰਟੂਨ ਵੀ ਬਣੇ ਹਨ ਅਤੇ ਕੈਲੰਡਰਾਂ ’ਤੇ ਵੀ ਛਪੇ ਹਨ। ਪੱਚੀ ਸਾਲ ਪਹਿਲਾਂ ਲਿਖੇ ਸ਼ਿਅਰ ਵੀ ਅੱਜ ਦੀ ਸਥਿਤੀ ’ਤੇ ਪੂਰੇ ਢੁੱਕਦੇ ਹਨ। ਲਾਜ ਨੀਲਮ ਸੈਣੀ ਨੇ ਕਿਹਾ ਕਿ ਹਰਜਿੰਦਰ ਕੰਗ ਸੰਵੇਦਨਸ਼ੀਲ ਸ਼ਾਇਰ ਹੋਣ ਦੇ ਨਾਲ਼-ਨਾਲ਼ ਉਸਤਾਦ ਮੰਚ ਸੰਚਾਲਕ ਵੀ ਹਨ। ਉਹ ਆਪਣੀ ਕਲਮ ਨਾਲ਼ ਸ਼ਬਦਾਂ ਦੇ ਮੋਤੀ ਜੜਦੇ ਹਨ ਅਤੇ ਬੋਲਾਂ ਨਾਲ਼ ਪੌਣਾਂ ਵਿਚ ਰਸ ਘੋਲਦੇ ਹਨ। ਉਨ੍ਹਾਂ ਦੀ ਪ੍ਰਭਾਵਸ਼ਾਲੀ ਆਵਾਜ਼ ਦਰਸ਼ਕਾਂ ਨੂੰ ਕੀਲਣ ਦੇ ਸਮਰੱਥ ਹੈ। ਤਾਰਾ ਸਾਗਰ ਨੇ ਕਿਹਾ ਕਿ ਹਰਜਿੰਦਰ ਕੰਗ ਬਾ-ਕਮਾਲ ਸ਼ਾਇਰ ਹੈ। ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਪਨੂੰ, ਡਾ. ਗੁਰਪ੍ਰੀਤ ਧੁੱਗਾ, ਗੁਲਸ਼ਨ ਦਿਆਲ, ਬੀਬੀ ਸੁਰਜੀਤ ਕੌਰ, ਸੁਰਜੀਤ ਟੋਰਾਂਟੋ ਅਤੇ ਪਿਆਰਾ ਸਿੰਘ ਕੁੱਦੋਵਾਲ ਨੇ ਹਰਜਿੰਦਰ ਕੰਗ ਨੂੰੰ ਵਧਾਈ ਪੇਸ਼ ਕੀਤੀ। ਡਾ. ਸੁਖਵਿੰਦਰ ਕੰਬੋਜ ਨੇ ਕਿਹਾ ਕਿ ਮੈਨੂੰ ਤਸੱਲੀ ਹੈ ਕਿ ਪ੍ਰੋ. ਸੁਰਜੀਤ ਜੱਜ ਨੇ ਅਲੋਚਨਾ ਸਾਰਥਕ ਢੰਗ ਨਾਲ ਪੇਸ਼ ਕੀਤੀ ਹੈ। ਹਰਜਿੰਦਰ ਕੰਗ ਨੇ ਵਿਪਸਾ ਅਤੇ ਪ੍ਰੋ. ਸੁਰਜੀਤ ਜੱਜ ਦਾ ਵੱਡਮੁੱਲੇ ਵਿਸ਼ਲੇਸ਼ਣ ਲਈ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ, ‘‘ਮੇਰਾ ਉਰਦੂ ਦੀ ਗ਼ਜ਼ਲ ਨਾਲ਼ ਗਹਿਰਾ ਰਿਸ਼ਤਾ ਹੈ। ਸ਼ਬਦਾਂ ਦੀ ਛਬੀਲ ਨਾਲ ਮੇਰੇ ਅੰਦਰ ਨਿਖਾਰ ਆਇਆ ਹੈ। ਮੇਰੀ ਸ਼ਾਇਰੀ ਪ੍ਰਵਾਨ ਹੋਈ ਹੈ ਅਤੇ ਮੈਨੂੰ ਇਸ ਗੱਲ ਦੀ ਤਸੱਲੀ ਹੈ।’’ ਇਸ ਉਪਰੰਤ ਡਾ. ਸੁਹਿੰਦਰਬੀਰ ਨੇ ਇਸ ਸੈਸ਼ਨ ਨੂੰ ਸਮੇਟਦੇ ਹੋਏ ਕਿਹਾ ਕਿ ਹਰਜਿੰਦਰ ਕੰਗ ਨੇ ਪਰੰਪਰਾਗਤ ਸ਼ਾਇਰੀ ਤੋਂ ਬਾਅਦ ਸਮਕਾਲੀ ਪ੍ਰਗੀਤ ਜੁਗਤ ਦੀ ਵਰਤੋਂ ਕੀਤੀ ਹੈ। ਉਸਨੇ ਮਾਂ, ਧੀ, ਭੈਣ, ਮਹਿਬੂਬਾ ਅਤੇ ਪਤਨੀ ਜਿਹੇ ਰਿਸ਼ਤਿਆਂ ਅਤੇ ਪੰਜਾਬੀ ਸਭਿਆਚਾਰ ਨੂੰ ਗਹਿਰਾਈ ਨਾਲ਼ ਪੇਸ਼ ਕੀਤਾ ਹੈ। ਇਸ ਉਪਰੰਤ ਕਵੀ ਦਰਬਾਰ ਵਿਚ ਸੁਰਿੰਦਰ ਗੀਤ, ਪਿਆਰਾ ਸਿੰਘ ਕੁੱਦੋਵਾਲ, ਜਗਜੀਤ ਨੌਸ਼ਿਹਰਵੀ, ਕੁਲਵਿੰਦਰ, ਹਰਪ੍ਰੀਤ ਧੂਤ, ਬੀਬੀ ਸੁਰਜੀਤ ਕੌਰ, ਐਸ਼ ਕਮ ਐਸ਼, ਡਾ. ਗੁਰਪ੍ਰੀਤ ਧੁੱਗਾ ਨੇ ਆਪਣੀ ਹਾਜ਼ਰੀ ਭਰੀ। ਇਸ ਸੈਸ਼ਨ ਦਾ ਸੰਚਾਲਨ ਲਾਜ ਨੀਲਮ ਸੈਣੀ ਨੇ ਕੀਤਾ ਅਤੇ ਅਮਰਜੀਤ ਕੌਰ ਪੰਨੂੰ ਨੇ ਪ੍ਰਧਾਨਗੀ ਕਰਦੇ ਹੋਏ ਸਭ ਨੂੰ ਸ਼ਾਨਦਾਰ ਰਚਨਾਵਾਂ ਪੜ੍ਹਨ ਲਈ ਵਧਾਈ ਦਿੱਤੀ।

LEAVE A REPLY

Please enter your comment!
Please enter your name here