ਧਰਤੀ ਹੇਠਲਾ ਪਾਣੀ ਬਚਾਉਣ ਲਈ ਕੱਦੂ ਕਰਕੇ ਝੋਨਾ ਨਾ ਲਾਇਆ ਜਾਵੇ- ਖਹਿਰਾ
ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਵੀ ਕੀਤੀ ਅਪੀਲ
ਰਾਕੇਸ਼ ਨਈਅਰ ਚੋਹਲਾ
ਗੋਇੰਦਵਾਲ ਸਾਹਿਬ/ਤਰਨਤਾਰਨ,13 ਜੂਨ
ਪੰਜਾਬ ਵਿੱਚ ਧਰਤੀ ਹੇਠਲੇ ਕੀਮਤੀ ਪਾਣੀ ਦੀ ਪਿਛਲੇ ਚਾਲੀ ਪੰਜਾਹ ਸਾਲਾਂ ਤੋਂ ਰੱਜ ਕੇ ਬਰਬਾਦੀ ਕੀਤੀ ਗਈ ਹੈ।ਵੇਖਦਿਆਂ ਵੇਖਦਿਆਂ ਹੀ ਪਹਿਲਾਂ ਨਲਕੇ ਖ਼ਤਮ ਹੋਏ ਫਿਰ ਸਧਾਰਨ ਮੋਟਰਾਂ ਵੀ ਫੇਲ ਗਈਆਂ,ਸਬਮਰਸੀਬਲ ਮੋਟਰਾਂ ਵੀ ਛੇ ਹਾਰਸ ਪਾਵਰ ਤੋਂ ਵੱਧ ਕੇ ਹੁਣ ਵੀਹ ਹਾਰਸ ਪਾਵਰ ਤਕ ਹੋ ਗਈਆਂ ਹਨ।ਇਹ ਸਭ ਝੋਨਾ ਬੀਜਣ ਲਈ ਅੰਨ੍ਹੇਵਾਹ ਵਰਤੇ ਜਾ ਰਹੇ ਪਾਣੀ ਕਾਰਨ ਹੋਇਆ ਹੈ। ਜੇਕਰ ਪੰਜਾਬ ਨੂੰ ਮਾਰੂਥਲ ਬਣਨ ਤੋਂ ਬਚਾਉਣਾ ਹੈ ਤਾਂ ਕੱਦੂ ਕਰਕੇ ਝੋਨਾ ਨਾ ਲਾਇਆ ਜਾਵੇ,ਸਗੋਂ ਸਿੱਧੀ ਬਿਜਾਈ ਨਾਲ ਝੋਨਾ ਲਾ ਕੇ ਜ਼ਮੀਨ ਅਤੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ।ਇਹ ਸ਼ਬਦ ਕੁਦਰਤ ਫਾਊਂਂਡੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਦੇ ਮੁੱਖ ਬੁਲਾਰੇ ਅਮਰਪਾਲ ਸਿੰਘ ਖਹਿਰਾ ਨੇ ਚੋਣਵੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ।ਉਹਨਾਂ ਹੋਰ ਕਿਹਾ ਕਿ ਧਰਤੀ ਦੇ ਪੁੱਤਰ ਕਹਾਉਣ ਵਾਲੇ ਕਿਸਾਨ ਹੁਣ ਕਿਸੇ ਵੀ ਜ਼ਿਦ ਜਾਂ ਬਹਿਸਬਾਜ਼ੀ ਵਿੱਚ ਨਾ ਪੈਣ ਸਗੋਂ ਸੱਚੇ ਦਿਲੋਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਉਪਰਾਲੇ ਕਰਨ,ਸਰਕਾਰ ਵੀ ਘਰਾਂ ਵਿੱਚ ਲੱਗੇ ਸਬਮਰਸੀਬਲ ਪੰਪਾਂ ਨੂੰ ਵੀ ਕੰਟਰੋਲ ਕਰੇ ਅਤੇ ਖੁਦ ਸਪਲਾਈ ਕਰਨ ਦੀ ਜ਼ਿਮੇਵਾਰੀ ਨਿਭਾਵੇ। ਇਸ ਤੋਂ ਇਲਾਵਾ ਫੈਕਟਰੀਆਂ ਨੂੰ ਵੀ ਸੀਮਤ ਪਾਣੀ ਵਰਤਣ ਦੀ ਇਜ਼ਾਜ਼ਤ ਹੋਵੇ ਅਤੇ ਪਾਣੀ ਸਾਫ ਕਰਕੇ ਦੁਬਾਰਾ ਵਰਤੋਂ ਯੋਗ ਬਣਾਇਆ ਜਾਵੇ। ਸਭ ਤੋਂ ਵੱਧ ਜ਼ਰੂਰੀ ਹੈ ਕਿ ਹੁਣ ਬਰਸਾਤਾਂ ਅਤੇ ਹੜ੍ਹਾਂ ਦਾ ਪਾਣੀ ਸੰਭਾਲਣ ਵੱਲ ਠੋਸ ਕਦਮ ਚੁੱਕਣੇ ਚਾਹੀਦੇ ਹਨ।ਉਹਨਾਂ ਨੇ ਅਪੀਲ ਕੀਤੀ ਕਿ ਜ਼ੇਕਰ ਧਰਤੀ ਹੇਠਲੇ ਪਾਣੀ ਨੂੰ ਨਾ ਸੰਭਾਲਿਆ ਗਿਆ ਤਾਂ ਪੰਜਾਬ ਪੀਣ ਵਾਲੇ ਪਾਣੀ ਨੂੰ ਵੀ ਤਰਸਦਾ ਨਜ਼ਰ ਆਵੇਗਾ।ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਵੀ ਲਾਉਣ ਦੀ ਅਪੀਲ ਕੀਤੀ।ਇਸ ਮੌਕੇ ਉਹਨਾਂ ਨਾਲ ਜਸਬੀਰ ਸਿੰਘ,ਨਵਦੀਪ ਸਿੰਘ,ਬਿਕਰਮ ਸਿੰਘ,ਸ਼ਹਿਨਾਜ਼ ਸਿੰਘ ਅਤੇ ਹੋਰ ਵਾਤਾਵਰਨ ਪ੍ਰੇਮੀ ਮੌਜੂਦ ਸਨ।
ਫੋਟੋ: ਅਮਰਪਾਲ ਸਿੰਘ ਖਹਿਰਾ ਪ੍ਰਧਾਨ ਕੁਦਰਤ ਫਾਊਂਡੇਸ਼ਨ।