ਧਾਰਮਿਕ ਡੇਰੇ ਦੇ ਮੁਖੀ ਵਿਰੁੱਧ ਮਾਨਯੋਗ ਹਾਈਕੋਰਟ ਹੁਕਮਾਂ ਦੀ ਉਲੰਘਣਾ ਦਾ ਪਰਚਾ ਦਰਜ ਕੀਤਾ ਜਾਵੇ
ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ-ਐੱਸ ਡੀ ਐਮ ਬਾਬਾ ਬਕਾਲਾ
ਦਵਿੰਦਰ ਸਿੰਘ ਭੰਗੂ
ਰਈਆ, 4 ਅਗਸਤ
ਮਾਨਯੋਗ ਪੰਜਾਬ-ਹਰਿਆਣਾ ਹਾਈਕੋਰਟ ਚ’ ਸੁਣਵਾਈ ਅਧੀਨ ਚੱਲ ਰਹੇ ਕੇਸ ਵਿਚ ਹੁਕਮਾਂ ਦੀ ਉਲੰਘਣਾ ਕਰਨ ਤੇ ਸਬ ਡਿਵੀਜ਼ਨ ਬਾਬਾ ਬਕਾਲਾ ਵਿਚ ਪੈਂਦੇ ਧਾਰਮਿਕ ਡੇਰੇ ਦੇ ਮੁਖੀ ਅਤੇ ਉਸ ਦੇ ਹੋਰ ਸਾਥੀਆ ਵਿਰੁੱਧ ਮੁਕੱਦਮਾ ਦਰਜ ਕਰਨ ਲਈ ਲੋਕ ਇਨਸਾਫ਼ ਵੈੱਲਫੇਅਰ ਸੁਸਾਇਟੀ ਵਲੋ ਵੱਖ ਵੱਖ ਵਿਭਾਗਾਂ ਨੂੰ ਪੱਤਰ ਭੇਜੇ ਹਨ।
ਅੱਜ ਇੱਥੇ ਲੋਕ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇੱਥੇ ਸਥਿਤ ਕਥਿਤ ਇਕ ਧਾਰਮਿਕ ਡੇਰੇ ਵੱਲੋਂ ਦਰਿਆ ਬਿਆਸ ਦੇ ਕੁਦਰਤੀ ਵਹਾਅ ਨੂੰ ਕਈ ਸਾਲਾਂ ਤੋਂ ਲਗਾਤਾਰ ਬਦਲਿਆ ਜਾ ਰਿਹਾ ਹੈ ਅਤੇ ਹਜ਼ਾਰਾਂ ਏਕੜ ਜ਼ਮੀਨ ਇਸ ਦੇ ਕਾਰਨ ਉਕਤ ਡੇਰੇ ਨੇ ਆਮ ਲੋਕਾਂ ਆਦਿ ਦੀ ਹੜੱਪ ਕਰ ਲਈ ਹੈ।ਜਿਸ ਸਬੰਧੀ (ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ) ਵੱਲੋਂ ਪਟੀਸ਼ਨ ਨੰਬਰ 120/2024 ਰਾਹੀ ਪੰਜਾਬ ਹਰਿਆਣਾ ਹਾਈ ਕੋਰਟ ‘ਚ ਪਹੁੰਚ ਕੀਤੀ ਤਾਂ ਮਾਨਯੋਗ ਹਾਈਕੋਰਟ ਨੇ ਮਿਤੀ 30ਮਈ 2024 ਨੂੰ ਹੁਕਮ ਜਾਰੀ ਕਰਕੇ ਮਿਤੀ 05 ਨਵੰਬਰ 2024 ਨੂੰ ਸਾਰਿਆਂ ਧਿਰਾਂ ਪੰਜਾਬ, ਕੇਂਦਰ ਸਰਕਾਰ, ਸਬੰਧਿਤ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਡੇਰਾ ਰਾਧਾ ਸੁਆਮੀ ਬਿਆਸ ਮੁਖੀ ਤੋਂ ਜਵਾਬ-ਤਲਬੀ ਕੀਤੀ ਗਈ ਅਤੇ ਇਸ ਸਮੇਂ ਤਕ ਦਰਿਆ ਨਾਲ ਛੇੜ-ਛਾੜ ਕਰਨ ਤੇ ਸਖ਼ਤ ਰੋਕ ਲਾਈ ਗਈ ਸੀ। ਪਰ ਮਾਨਯੋਗ ਹਾਈਕੋਰਟ ਦੇ ਹੁਕਮ ਉਪਰੰਤ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਕੀਤੇ ਜਾ ਰਹੇ ਕੰਮ ਦੀਆਂ ਫ਼ੋਟੋਆਂ,ਵੀਡੀਓ ਸਮੇਤ ਐੱਸ ਡੀ ਐਮ ਬਾਬਾ ਬਕਾਲਾ ਸਾਹਿਬ ਸ੍ਰੀ ਰਵਿੰਦਰ ਸਿੰਘ ਅਰੋੜਾ ਰਾਹੀ ਲਿਖਤੀ ਪੱਤਰ ਭੇਜੇ ਕੇ ਡਰੇਨਜ਼ ਵਿਭਾਗ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਧਾਰਮਿਕ ਡੇਰੇ ਵੱਲੋਂ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ‘ਤੇ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਦੇ ਖ਼ਿਲਾਫ਼ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਗ਼ਰੀਬ ਕਿਸਾਨਾਂ ਦੇ ਉਜਾੜੇ ਨੂੰ ਰੋਕਿਆ ਜਾਵੇ । ਇਸ ਸਬੰਧੀ ਐੱਸ ਡੀ ਐਮ ਬਾਬਾ ਬਕਾਲਾ ਨੇ ਤੁਰੰਤ ਕਾਰਵਾਈ ਕਰਦਿਆਂ ਪੱਤਰ ਨੰਬਰ 279 ਕਾਰਜਕਾਰੀ ਇੰਜੀਨੀਅਰ ਤਰਨਤਾਰਨ ਜਲ ਨਿਕਾਸ-ਕਮ-ਮਾਈਨਿੰਗ ਅਤੇ ਜੀਉਲਜੀ ਮੰਡਲ ਤਰਨਤਾਰਨ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀ ਭੇਜਿਆ ਗਿਆ ਹੈ। ਐੱਸ ਡੀ ਐਮ ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ ਅਰੋੜਾ ਨੇ ਗੱਲਬਾਤ ਕਰਦਿਆ ਕਿਹਾ ਕਿ ਉਨ੍ਹਾਂ ਵਲੋ ਅਗਲੇਰੀ ਕਾਰਵਾਈ ਲਈ ਸਬੰਧਿਤ ਵਿਭਾਗ ਨੂੰ ਭੇਜ ਦਿੱਤਾ ਹੈ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਕੈਪਸ਼ਨ- ਡੇਰੇ ਬਿਆਸ ਨਾਲ ਲਗਦੇ ਦਰਿਆ ਵਿਚੋਂ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਸਬੰਧੀ ਤਸਵੀਰ