ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ: ਡਾ. ਬਲਬੀਰ ਸਿੰਘ ਨੇ ਨਸ਼ਾ ਪੀੜਤਾਂ ਪ੍ਰਤੀ ਹਮਦਰਦੀ ਦਿਖਾਉਣ ਦੀ ਕੀਤੀ ਅਪੀਲ

0
178

– ਕਲਗੀਧਰ ਟਰੱਸਟ, ਬੜੂ ਸਾਹਿਬ ਵੱਲੋਂ ਕਰਵਾਏ ‘ਹੈਂਡ ਇੰਪ੍ਰੈਸ਼ਨ ਕੰਪੇਨ ਅਗੇਂਸਟ ਡਰੱਗਜ਼’ ਵਿੱਚ ਕੀਤੀ ਸ਼ਮੂਲੀਅਤ
– ਸਿਹਤ ਮੰਤਰੀ ਨੇ ਸੈਂਕੜੇ ਲੋਕਾਂ ਨਾਲ ਮਿਲ ਕੇ ਨਸ਼ਾ ਮੁਕਤ ਵਿਸ਼ਵ ਬਣਾਉਣ ਦਾ ਲਿਆ ਅਹਿਦ

ਚੰਡੀਗੜ੍ਹ, 26 ਜੂਨ:
ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮੌਕੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਕਲਗੀਧਰ ਟਰੱਸਟ, ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵੱਲੋਂ ਕਰਵਾਏ ਸਮਾਗਮ ਦੌਰਾਨ ‘ਸੇ ਯੈੱਸ ਟੂ ਲਾਈਫ, ਨੋ ਟੂ ਡਰੱਗਜ਼’ ਦੇ ਸੰਦੇਸ਼ ਨਾਲ ਸੰਸਾਰ ਭਰ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਸੈਂਕੜੇ ਲੋਕਾਂ ਨਾਲ ਮਿਲ ਕੇ ਸਹੁੰ ਚੁੱਕੀ। ਇਹ ਸਮਾਗਮ ਅੱਜ ਇੱਥੇ ਸੁਖਨਾ ਝੀਲ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਰਵਾਇਆ ਗਿਆ ਸੀ।
ਸਿਹਤ ਮੰਤਰੀ ਨੇ ਕੌਮਾਂਤਰੀ ਨਿਸ਼ਾਨੇਬਾਜ਼ ਗੌਰੀ ਸ਼ੇਰੋਂ, ਅਕਾਲ ਨਸ਼ਾ ਛੁਡਾਊ ਕੇਂਦਰਾਂ ਦੇ ਡਾਇਰੈਕਟਰ ਡਾ. (ਕਰਨਲ) ਰਜਿੰਦਰ ਸਿੰਘ ਅਤੇ ਕਲਗੀਧਰ ਟਰੱਸਟ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਦੇ ਨਾਲ ਵਿਆਪਕ ‘ਹੈਂਡ ਇੰਪ੍ਰੈਸ਼ਨ ਕੰਪੇਨ ਅਗੇਂਸਟ ਡਰੱਗਜ਼’ ਵਿਚ ਹਿੱਸਾ ਲਿਆ। ਇਸ ਦੌਰਾਨ ਬੱਚਿਆਂ, ਸਟਾਫ਼ ਅਤੇ ਆਮ ਲੋਕਾਂ ਸਮੇਤ ਲਗਭਗ 300 ਪ੍ਰਤੀਯੋਗੀਆਂ ਨੇ 20 ਫੁੱਟ ਦੇ ਕੈਨਵਸ ‘ਤੇ ਆਪਣੇ ਰੰਗ-ਬਿਰੰਗੇ ਹੱਥਾਂ ਦੇ ਛਾਪ ਛੱਡੇ। ਇਹ ਪ੍ਰਤੀਕਾਤਮਕ ਸੰਕੇਤ ਨਸ਼ਿਆਂ ਵਿਰੁੱਧ ਉਨ੍ਹਾਂ ਦੇ ਇਕਜੁੱਟ ਹੋਣ ਅਤੇ ਸਮਾਜ ਵਿੱਚੋਂ ਇਸ ਖ਼ਤਰੇ ਨੂੰ ਖ਼ਤਮ ਕਰਨ ਦੇ ਉਨ੍ਹਾਂ ਦੇ ਦ੍ਰਿੜ ਇਰਾਦੇ ਨੂੰ ਦਰਸਾਉਂਦਾ ਹੈ।
ਡਾ. ਬਲਬੀਰ ਸਿੰਘ ਨੇ ਨਸ਼ਿਆਂ ਨੂੰ ਗਹਿਰਾ ਜਾਲ ਕਰਾਰ ਦਿੰਦਿਆਂ ਕਿਹਾ ਕਿ ਬਦਲਦੀ ਜੀਵਨ ਸ਼ੈਲੀ ਨਾਲ ਲੋਕ ਖਾਸ ਕਰਕੇ ਨੌਜਵਾਨ ਅਤੇ ਸਕੂਲੀ ਬੱਚੇ ਨਸ਼ਿਆਂ ਦੇ ਜਾਲ ਵਿੱਚ ਫਸਦੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨਾਲ ਜ਼ਿਆਦਾ ਸਮਾਂ ਨਹੀਂ ਬਿਤਾਉਂਦੇ ਜਿਸ ਕਾਰਨ ਉਹ ਡਿਪਰੈਸ਼ਨ ਅਤੇ ਚਿੰਤਾ ਦਾ ਸ਼ਿਕਾਰ ਹੁੰਦੇ ਹਨ।
ਉਨ੍ਹਾਂ ਨੇ ਮਾਪਿਆਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਅੱਜਕਲ ਮਾਪੇ ਆਪਣੇ ਬੱਚਿਆਂ ਨੂੰ ਗੈਜੇਟਸ ਅਤੇ ਫੈਂਸੀ ਵਾਹਨਾਂ ਸਮੇਤ ਸਾਰੀਆਂ ਐਸ਼ੋ-ਆਰਾਮ ਦੀਆਂ ਸਹੂਲਤਾਂ ਤਾਂ ਦੇ ਦਿੰਦੇ ਹਨ, ਪਰ ਉਹ ਉਨ੍ਹਾਂ ਨਾਲ ਵਧੀਆ ਸਮਾਂ ਨਹੀਂ ਬਿਤਾਉਂਦੇ ਜੋ ਕਿ ਗਲਤ ਰਵੱਈਆ ਹੈ।
ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਇਕੱਠੇ ਬੈਠ ਕੇ ਖਾਣਾ ਖਾਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਮਨੁੱਖ ਸਮਾਜਿਕ ਪ੍ਰਾਣੀ ਹੈ, ਜਿਸ ਨੂੰ ਪੈਸੇ ਅਤੇ ਐਸ਼ੋ-ਆਰਾਮ ਦੀਆਂ ਸਹੂਲਤਾਂ ਤੋਂ ਜ਼ਿਆਦਾ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਜ਼ਰੂਰਤ ਹੈ।
ਸਿਹਤ ਮੰਤਰੀ ਨੇ ਲੋਕਾਂ ਨੂੰ ਨਸ਼ੇ ਦੇ ਆਦੀਆਂ ਜਾਂ ਨਸ਼ਾ ਪੀੜਤ ਮਰੀਜ਼ਾਂ ਪ੍ਰਤੀ ਹਮਦਰਦੀ ਦਿਖਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਆਂਢ-ਗੁਆਂਢ ਵਿੱਚ ਨਸ਼ੇ ਦਾ ਸੇਵਨ ਕਰਨ ਵਾਲੇ ਕਿਸੇ ਵਿਅਕਤੀ ਨੂੰ ਜਾਣਦੇ ਹਾਂ, ਤਾਂ ਸਾਨੂੰ ਉਨ੍ਹਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ ਅਤੇ ਉਹਨਾਂ ਨੂੰ ਮੈਡੀਟੇਸ਼ਨ, ਕਸਰਤ ਜਾਂ ਯੋਗਾ ਕਰਨ ਲਈ ਪ੍ਰੇਰਿਤ ਕਰਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਡਾ. (ਕਰਨਲ) ਰਜਿੰਦਰ ਸਿੰਘ, ਜੋ ਕਿ ਉੱਘੇ ਸਮਾਜ ਸੇਵੀ ਅਤੇ ਮਨੋਵਿਗਿਆਨੀ ਵੀ ਹਨ, ਨੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਾ ਮੁਕਤ ਜੀਵਨ ਅਪਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਡਾ. ਦਵਿੰਦਰ ਸਿੰਘ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸਰਗਰਮ ਸ਼ਮੂਲੀਅਤ ਲਈ ਸਾਰੇ ਭਾਗੀਦਾਰਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here