ਨਾਗਾਲੈਂਡ ਵਿਚ ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ‘ਚ 14 ਨਾਗਰਿਕ ਹਲਾਕ

0
178

* ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ * ਮ੍ਰਿਤਕਾਂ ’ਚ ਖਾਣ ਦੇ ਵਰਕਰ ਤੇ ਪਿੰਡਾਂ ਦੇ ਲੋਕ ਸ਼ਾਮਲ
* ਫ਼ੌਜ ਤੇ ਲੋਕਾਂ ਵਿਚਾਲੇ ਹੋਈ ਹਿੰਸਾ ‘ਚ ਇਕ ਸੈਨਿਕ ਦੀ ਵੀ ਮੌਤ
ਕੋਹਿਮਾ/ਗੁਹਾਟੀ/ਨਵੀਂ ਦਿੱਲੀ (ਸਾਂਝੀ ਸੋਚ ਬਿਊਰੋ) -ਭਾਰਤ ਦੇ ਉੱਤਰ-ਪੂਰਬੀ ਰਾਜ ਨਾਗਾਲੈਂਡ ਦੇ ਮੋਨ ਜਿਲ੍ਹੇ ਵਿਚ ਸੁਰੱਖਿਆ ਬਲਾਂ ਵੱਲੋਂ ਚਲਾਈਆਂ ਗੋਲੀਆਂ ਕਾਰਨ ਕਰੀਬ 14 ਆਮ ਨਾਗਰਿਕਾਂ ਦੀ ਮੌਤ ਹੋ ਗਈ ਹੈ। ਫ਼ੌਜ ਨੇ ਇਸ ਮਾਮਲੇ ਵਿਚ ਕੋਰਟ ਆਫ਼ ਇਨਕੁਆਰੀ ਬਿਠਾ ਦਿੱਤੀ ਹੈ। ਫ਼ੌਜ ਦਾ ਕਹਿਣਾ ਹੈ ਕਿ ਇਕ ਸੈਨਿਕ ਦੀ ਜਾਨ ਵੀ ਗਈ ਹੈ ਤੇ ਕਈ ਜ਼ਖ਼ਮੀ ਹੋ ਗਏ ਹਨ। ਭਾਰਤੀ ਫ਼ੌਜ ਨੇ ਕਿਹਾ ਕਿ ਇਸ ਘਟਨਾ ਅਤੇ ਮਗਰੋਂ ਜੋ ਵੀ ਹੋਇਆ ਉਸ ’ਤੇ ਉਨ੍ਹਾਂ ਨੂੰ ‘ਬੇਹੱਦ ਅਫ਼ਸੋਸ’ ਹੈ। ਜਾਨਾਂ ਜਾਣ ਦੀ ਜਾਂਚ ਉੱਚ ਪੱਧਰ ਉਤੇ ਕੀਤੀ ਜਾ ਰਹੀ ਹੈ। ਵੇਰਵਿਆਂ ਮੁਤਾਬਕ 13 ਜਣੇ ਤਾਂ ਮੌਕੇ ’ਤੇ ਹੀ ਮਾਰੇ ਗਏ। ਇਸ ਤੋਂ ਇਲਾਵਾ 11 ਫੱਟੜ ਵੀ ਹਨ। ਹੋਰਾਂ ਨੇ ਗੁਆਂਢੀ ਸੂਬੇ ਅਸਾਮ ਦੇ ਹਸਪਤਾਲਾਂ ਵਿਚ ਵੀ ਦਮ ਤੋੜਿਆ ਹੈ। ਮੁੱਖ ਮੰਤਰੀ ਨੇਫਿਊ ਰੀਓ ਨੇ ਉੱਚ ਪੱਧਰੀ ਜਾਂਚ ਦਾ ਵਾਅਦਾ ਕੀਤਾ ਹੈ ਤੇ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਘਟਨਾ ਓਟਿੰਗ ਤੇ ਟੀਰੂ ਪਿੰਡਾਂ ਵਿਚਾਲੇ ਵਾਪਰੀ ਹੈ ਜਦ ਕੁਝ ਦਿਹਾੜੀਦਾਰ ਮਜ਼ਦੂਰ ਇਕ ਵੈਨ ਵਿਚ ਸ਼ਨਿਚਰਵਾਰ ਸ਼ਾਮ ਘਰ ਪਰਤ ਰਹੇ ਸਨ। ਉਨ੍ਹਾਂ ਕਿਹਾ ਕਿ ਵਾਹਨ ’ਤੇ ਕਥਿਤ ਤੌਰ ’ਤੇ ਫ਼ੌਜ ਨੇ ਗੋਲੀ ਚਲਾਈ ਜੋ ਕਿ ਇਲਾਕੇ ਵਿਚ ਖ਼ੁਫੀਆ ਜਾਣਕਾਰੀ ਦੇ ਅਧਾਰ ’ਤੇ ਇਕ ਮੁਹਿੰਮ ਉਤੇ ਸੀ। ਫ਼ੌਜ ਨੂੰ ਜਾਣਕਾਰੀ ਮਿਲੀ ਸੀ ਕਿ ਪਾਬੰਦੀ ਅਧੀਨ ਸੰਗਠਨ ਐਨਐੱਸਸੀਐਨ (ਕੇ) ਦੇ ਯੁੰਗ ਓਂਗ ਧੜੇ ਦੇ ਅਤਿਵਾਦੀ ਇਲਾਕੇ ਵਿਚ ਘੁੰਮ ਰਹੇ ਹਨ। ਦਰਅਸਲ ਗੋਲੀਬਾਰੀ ਦੀਆਂ ਦੋ ਘਟਨਾਵਾਂ ਹੋਈਆਂ ਹਨ। ਇਨ੍ਹਾਂ ਵਿਚੋਂ ਇਕ ਨੂੰ ਗਲਤ ਪਛਾਣ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੋਈ ਹਿੰਸਾ ਵਿਚ ਇਕ ਸੈਨਿਕ ਮਾਰਿਆ ਗਿਆ ਹੈ। ਗੋਲੀਬਾਰੀ ਦੀ ਪਹਿਲੀ ਘਟਨਾ ਵਿਚ ਛੇ ਨਾਗਰਿਕ ਮਾਰੇ ਗਏ ਸਨ। ਫ਼ੌਜ ਨੇ ਵੈਨ ਵਿਚ ਸਵਾਰ ਖਾਣ ਦੇ ਵਰਕਰਾਂ ਨੂੰ ਐਨਐੱਸਸੀਐਨ (ਕੇ) ਦੇ ਯੁੰਗ ਓਂਗ ਧੜੇ ਦੇ ਅਤਿਵਾਦੀ ਸਮਝ ਲਿਆ ਸੀ। ਸੈਨਾ ਨੂੰ ਇਨ੍ਹਾਂ ਅਤਿਵਾਦੀਆਂ ਦੀ ਗਤੀਵਿਧੀ ਬਾਰੇ ਹੀ ਜਾਣਕਾਰੀ ਮਿਲੀ ਸੀ। ਜਦ ਇਹ ਵਰਕਰ ਘਰ ਨਹੀਂ ਪਹੁੰਚੇ ਤਾਂ ਪਿੰਡਾਂ ਦੇ ਨੌਜਵਾਨ ਤੇ ਹੋਰ ਇਨ੍ਹਾਂ ਦੀ ਭਾਲ ਵਿਚ ਨਿਕਲੇ। ਉਨ੍ਹਾਂ ਫ਼ੌਜ ਦੇ ਵਾਹਨਾਂ ਨੂੰ ਘੇਰ ਲਿਆ ਤੇ ਅੱਗ ਲਾ ਦਿੱਤੀ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਹਿੰਸਕ ਟਕਰਾਅ ਹੋ ਗਿਆ ਤੇ ਸੈਨਿਕਾਂ ਨੇ ਆਤਮ ਰੱਖਿਆ ਲਈ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ ਵਿਚ 8 ਨਾਗਰਿਕ ਮਾਰੇ ਗਏ। ਮਾਰੇ ਗਏ 13 ਜਣਿਆਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਤੇ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਦੱਸਣਯੋਗ ਹੈ ਕਿ ਮੋਨ ਜਿਲ੍ਹਾ ਮਿਆਂਮਾਰ ਦੀ ਹੱਦ ਨਾਲ ਲੱਗਦਾ ਹੈ ਤੇ ਇਹ ਅਤਿਵਾਦੀ ਧੜਾ ਉੱਥੋਂ ਹੀ ਕਾਰਵਾਈਆਂ ਕਰਦਾ ਹੈ। ਸੂਤਰਾਂ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੂੰ ਘਟਨਾ ਬਾਰੇ ਜਾਣੂ ਕਰਾਇਆ ਗਿਆ ਹੈ। ਫ਼ੌਜ ਦੀ 3 ਕੋਰ ਦੇ ਹੈੱਡਕੁਆਰਟਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਂਚ ਮਗਰੋਂ ਕਾਨੂੰਨ ਮੁਤਾਬਕ ਜਿੰਮੇਵਾਰੀ ਤੈਅ ਕਰ ਕੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।
ਗੁੱਸੇ ‘ਚ ਲੋਕਾਂ ਵੱਲੋਂ ਅਸਾਮ ਰਾਈਫਲਜ਼ ਦੇ ਕੈਂਪ ਦੀ ਤੋੜ-ਭੰਨ
ਕੋਹਿਮਾ-ਨਾਗਾਲੈਂਡ ‘ਚ ਆਮ ਨਾਗਰਿਕਾਂ ਦੀ ਮੌਤ ਤੋਂ ਬਾਅਦ ਗੁੱਸੇ ਵਿਚ ਆਈ ਭੀੜ ਨੇ ਅਸਾਮ ਰਾਈਫ਼ਲਜ਼ ਦੇ ਕੈਂਪ ਦੀ ਤੋੜ-ਭੰਨ ਕੀਤੀ। ਉਨ੍ਹਾਂ ਮੋਨ ਜਿਲ੍ਹੇ ਵਿਚ ਹੀ ਸਥਿਤ ਕੋਨਯਾਕ ਯੂਨੀਅਨ ਦੇ ਦਫ਼ਤਰ ਨੂੰ ਵੀ ਨੁਕਸਾਨ ਪਹੁੰਚਾਇਆ। ਲੋਕ ਇਸ ਘਟਨਾ ਵਿਚ ਸ਼ਾਮਲ ਸੁਰੱਖਿਆ ਕਰਮੀਆਂ ਖਿਲਾਫ਼ ਤੁਰੰਤ ਕਦਮ ਚੁੱਕਣ ਦੀ ਮੰਗ ਕਰ ਰਹੇ ਹਨ। ਪ੍ਰਸ਼ਾਸਨ ਨੇ ਜਿਲ੍ਹੇ ਵਿਚ ਇੰਟਰਨੈੱਟ ਬੰਦ ਕਰ ਦਿੱਤਾ ਹੈ।
ਗ੍ਰਹਿ ਮੰਤਰਾਲਾ ਆਖ਼ਰ ਕਰ ਕੀ ਰਿਹਾ ਹੈ, ਸਰਕਾਰ ਜਵਾਬ ਦੇਵੇ: ਰਾਹੁਲ ਗਾਂਧੀ
ਨਵੀਂ ਦਿੱਲੀ-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਨਾਗਾਲੈਂਡ ਵਿਚ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਹੋਈ ਨਾਗਰਿਕਾਂ ਦੀ ਮੌਤ ’ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਗੱਲ ਦਾ ‘ਸੱਚਾ ਜਵਾਬ’ ਦੇਣਾ ਚਾਹੀਦਾ ਹੈ ਕਿ ਗ੍ਰਹਿ ਮੰਤਰਾਲਾ ਆਖਰ ਕੀ ਕਰ ਰਿਹਾ ਹੈ ਜਦ ‘ਸਾਡੀ ਆਪਣੀ ਹੀ ਧਰਤੀ ਉਤੇ ਨਾ ਤਾਂ ਨਾਗਰਿਕ ਤੇ ਨਾ ਹੀ ਸੁਰੱਖਿਆ ਬਲ ਸੁਰੱਖਿਅਤ ਹਨ।’ ਗਾਂਧੀ ਨੇ ਟਵੀਟ ਕੀਤਾ ‘ਇਹ ਬੇਹੱਦ ਦੁਖੀ ਕਰਨ ਵਾਲਾ ਹੈ। ਭਾਰਤ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ।’ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਮੰਗੀ ਹੈ। ਮਮਤਾ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਵੀ ਪ੍ਰਗਟ ਕੀਤਾ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਘਟਨਾ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

LEAVE A REPLY

Please enter your comment!
Please enter your name here