ਨਾਬਾਲਗਾਂ ਨੂੰ ਸ਼ਰਾਬ ਪਰੋਸਣ ਵਿਰੁੱਧ ਆਬਕਾਰੀ ਵਿਭਾਗ ਵੱਲੋਂ ਲੁਧਿਆਣਾ ਵਿੱਚ ਦੋ ਦਿਨਾ ਮੁਹਿੰਮ ਚਲਾਈ ਗਈ: ਹਰਪਾਲ ਸਿੰਘ ਚੀਮਾ

0
41

ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ

ਨਾਬਾਲਗਾਂ ਨੂੰ ਸ਼ਰਾਬ ਪਰੋਸਣ ਵਿਰੁੱਧ ਆਬਕਾਰੀ ਵਿਭਾਗ ਵੱਲੋਂ ਲੁਧਿਆਣਾ ਵਿੱਚ ਦੋ ਦਿਨਾ ਮੁਹਿੰਮ ਚਲਾਈ ਗਈ: ਹਰਪਾਲ ਸਿੰਘ ਚੀਮਾ

ਕਿਹਾ, ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੀਆਂ ਕਾਰਵਾਈਆਂ ਨਿਯਮਿਤ ਤੌਰ ’ਤੇ ਕੀਤੀਆਂ ਜਾਣਗੀਆਂ

ਚੰਡੀਗੜ੍ਹ, 1 ਸਤੰਬਰ

ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਨਾਬਾਲਗ ਗਾਹਕਾਂ ਨੂੰ ਸ਼ਰਾਬ ਪਰੋਸਣ ਵਾਲੇ ਠੇਕਿਆਂ, ਹੋਟਲਾਂ, ਕਲੱਬ, ਬਾਰ, ਅਤੇ ਪੱਬ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਆਬਕਾਰੀ ਵਿਭਾਗ ਦੀ ਲੁਧਿਆਣਾ ਪੂਰਬੀ ਰੇਂਜ ਵੱਲੋਂ 30 ਅਤੇ 31 ਅਗਸਤ ਨੂੰ ਦੋ ਰੋਜ਼ਾ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਚਲਾਈ ਗਈ।

ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਦੋ ਰੋਜ਼ਾ ਇਨਫੋਰਸਮੈਂਟ ਮੁਹਿੰਮ ਦੌਰਾਨ 23 ਅਹਾਤਿਆਂ ਦਾ ਨਿਰੀਖਣ ਕੀਤਾ ਗਿਆ ਅਤੇ ਇਹ ਪਾਇਆ ਗਿਆ ਕਿ 9 ਬਾਰਾਂ ਨਾਬਾਲਗਾਂ ਨੂੰ ਸ਼ਰਾਬ ਪਰੋਸ ਕੇ ਕਾਨੂੰਨ ਦੀ ਉਲੰਘਣਾ ਕਰ ਰਹੀਆਂ ਸਨ।  ਉਨ੍ਹਾਂ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਆਬਕਾਰੀ ਤੇ ਕਰ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਨਿਰੰਤਰ ਜਾਰੀ ਯਤਨਾਂ ਦਾ ਹਿੱਸਾ ਹੈ ਅਤੇ ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ (ਕਰ) ਵਿਕਾਸ ਪ੍ਰਤਾਪ ਸਿੰਘ ਅਤੇ ਆਬਕਾਰੀ ਤੇ ਕਰ ਕਮਿਸ਼ਨਰ ਵਰੁਣ ਰੂਜਮ ਦੀ ਸਿੱਧੀ ਨਿਗਰਾਨੀ ਹੇਠ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੀਆਂ ਕਾਰਵਾਈਆਂ ਨਿਯਮਿਤ ਤੌਰ ’ਤੇ  ਕੀਤੀਆਂ ਜਾਣਗੀਆਂ।  ਉਨ੍ਹਾਂ ਕਿਹਾ ਕਿ ਇਨਫੋਰਸਮੈਂਟ ਟੀਮਾਂ ਨੂੰ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਸ਼ਰਾਬ ਵਿਕਰੇਤਾਵਾਂ ਦੇ ਸਥਾਨਾਂ ਦੀ ਲਗਾਤਾਰ ਨਿਗਰਾਨੀ ਅਤੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਇਨਟੌਕਸਿਕੈਂਟਸ ਲਾਇਸੈਂਸ ਐਂਡ ਸੇਲਜ਼ ਆਰਡਰ 1956 ਦੇ ਤਹਿਤ ਕਿਸੇ ਵੀ ਲਾਇਸੰਸਧਾਰਕ ਲਈ 25 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸ਼ਰਾਬ ਵੇਚਣ ਦੀ ਮਨਾਹੀ ਹੈ ਅਤੇ ਇਸ ਕਾਨੂੰਨ ਦੀ ਉਲੰਘਣਾ ਕਰਨ ’ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ ਅਤੇ ਸ਼ਰਾਬ ਵੇਚਣ ਦੇ ਲਾਇਸੈਂਸ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੋ ਰੋਜ਼ਾ ਮੁਹਿੰਮ ਦੌਰਾਨ ਸਬੰਧਤ ਅਦਾਰਿਆਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਨੌਜਵਾਨਾਂ ਅਤੇ ਸਮਾਜ ਪ੍ਰਤੀ ਉਨ੍ਹਾਂ ਦੀਆਂ ਅਹਿਮ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਵੀ ਯਾਦ ਕਰਵਾਇਆ ਗਿਆ।  ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸ਼ਰਾਬ ਪਰੋਸਣ ਤੋਂ ਪਹਿਲਾਂ ਗਾਹਕਾਂ ਦੀ ਉਮਰ ਦੀ ਤਸਦੀਕ ਸਮੇਤ ਆਬਕਾਰੀ ਪ੍ਰਬੰਧਾਂ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ।

ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਭਾਗ ਵੱਲੋਂ ਬਾਰ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਕਾਨੂੰਨ ਦੁਆਰਾ ਲੋੜੀਂਦੀਆਂ ਕਾਨੂੰਨੀ ਚੇਤਾਵਨੀਆਂ ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨ ਅਤੇ ਉਨ੍ਹਾਂ ਦੀਆਂ ਸੰਚਾਲਨ ਪ੍ਰਕਿਰਿਆਵਾਂ ਦੀ ਸਮੀਖਿਆ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇੰਨਾ ਸ਼ਰਾਬ ਵਿਕਰੇਤਾਵਾਂ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਉਲੰਘਣਾਵਾਂ ਤੋਂ ਬਚਣ ਲਈ ਆਪਣੇ ਸਟਾਫ ਨੂੰ ਲੋੜੀਂਦੀ ਸਿਖਲਾਈ ਦੇਣ ਲਈ ਵੀ ਕਿਹਾ ਗਿਆ ਹੈ।
——–

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

ਪੰਜਾਬ ਨੇ 30-ਲੱਖ ਪਸ਼ੂਧਨ ਦੇ ਮਸਨੂਈ ਗਰਭਧਾਨ ਦਾ ਟੀਚਾ ਮਿੱਥਿਆ: ਗੁਰਮੀਤ ਸਿੰਘ ਖੁੱਡੀਆਂ

* ਨਾਭਾ ਅਤੇ ਰੋਪੜ ਦੇ ਸੀਮਨ ਸਟੇਸ਼ਨਾਂ ’ਤੇ ਮੁਰ੍ਹਾ ਅਤੇ ਹੋਰ ਨਸਲਾਂ ਦੇ ਕੁੱਲ 139 ਸਾਨ੍ਹ ਰੱਖੇ

* ਸੂਬੇ ਨੂੰ ਡੇਅਰੀ ਵਿਕਾਸ ਦਾ ਧੁਰਾ ਬਣਾਉਣ ਲਈ ਤਿੰਨ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ: ਗੁਰਮੀਤ ਸਿੰਘ ਖੁੱਡੀਆਂ

* ਪੰਜਾਬ ਵਿੱਚ ਮੁਰ੍ਹਾ ਅਤੇ ਸਾਹੀਵਾਲ ਦੀ ਪ੍ਰੋਜਨੀ ਟੈਸਟਿੰਗ ਅਤੇ ਨੀਲੀ ਰਾਵੀ ਦੀ ਪੈਡੀਗਿਰੀ ਸਿਲੈਕਸ਼ਨ ਦੇ ਪ੍ਰਾਜੈਕਟਾਂ ਨੂੰ ਕੀਤਾ ਜਾ ਰਿਹੈ ਲਾਗੂ

ਚੰਡੀਗੜ੍ਹ, 1 ਸਤੰਬਰ:

ਸੂਬੇ ਵਿੱਚ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਕਰਕੇ ਦੁੱਧ ਦੇ ਉਤਪਾਦਨ ਅਤੇ ਪਸ਼ੂਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦੇ ਉਦੇਸ਼ ਨਾਲ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਸੂਬੇ ਭਰ ਵਿੱਚ ਸਾਲਾਨਾ 30 ਲੱਖ ਦੁਧਾਰੂ ਪਸ਼ੂਆਂ ਦੇ ਮਸਨੂਈ ਗਰਭਧਾਰਨ ਦਾ ਟੀਚਾ ਮਿੱਥਿਆ ਹੈ।

ਇਹ ਜਾਣਕਾਰੀ ਸਾਂਝੀ ਕਰਦਿਆਂ ਅੱਜ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਵਿੱਚ ਨਾਭਾ ਅਤੇ ਰੋਪੜ ਵਿਖੇ ਦੋ ਸੀਮਨ ਸਟੇਸ਼ਨ ਹਨ। ਉਨ੍ਹਾਂ ਦੱਸਿਆ ਕਿ ਪਸ਼ੂਧਨ ਦੀ ਜੈਨੇਟਿਕ ਗੁਣਾਂ ਨੂੰ ਬਿਹਤਰ ਬਣਾਉਣ ਵਾਸਤੇ ਚੰਗੀ ਗੁਣਵੱਤਾ ਦੇ ਵੀਰਜ ਉਤਪਾਦਨ ਲਈ ਨਾਭਾ ਦੇ ਏ-ਗਰੇਡ ਸੀਮਨ ਸਟੇਸ਼ਨ ’ਤੇ ਕੁੱਲ 93 ਸਾਨ੍ਹ (ਬੁੱਲਜ਼) ਰੱਖੇ ਗਏ ਹਨ। ਇਨ੍ਹਾਂ ਵਿੱਚ 60 ਮੁਰ੍ਹਾ ਨਸਲ ਦੇ ਸਾਨ੍ਹ, 10 ਨੀਲੀ ਰਾਵੀ ਨਸਲ ਦੇ ਸਾਨ੍ਹ, 7 ਹੋਲਸਟਾਈਨ ਫ੍ਰੀਜ਼ੀਅਨ (ਐਚ.ਐਫ.), 4 ਐਚ.ਐਫ. ਕਰਾਸ, 3 ਜਰਸੀ ਅਤੇ 9 ਸਾਹੀਵਾਲ ਨਸਲ ਦੇ ਸਾਨ੍ਹ ਸ਼ਾਮਲ ਹਨ। ਇਸੇ ਤਰ੍ਹਾਂ ਰੋਪੜ ਦੇ ਬੀ-ਗਰੇਡ ਸੀਮਨ ਸਟੇਸ਼ਨ ’ਤੇ ਕੁੱਲ 46 ਸਾਨ੍ਹ ਰੱਖੇ ਗਏ ਹਨ। ਇਨ੍ਹਾਂ ਵਿੱਚ 26 ਮੁਰ੍ਹਾ ਨਸਲ ਦੇ ਅਤੇ 8 ਨੀਲੀ ਰਾਵੀ ਨਸਲ ਦੇ ਸਾਨ੍ਹਾਂ ਤੋਂ ਇਲਾਵਾ 4 ਹੋਲਸਟੀਨ ਫ੍ਰੀਜ਼ੀਅਨ (ਐਚ.ਐਫ.), 1 ਐਚ.ਐਫ. ਕਰਾਸ ਅਤੇ 7 ਸਾਹੀਵਾਲ ਨਸਲ ਦੇ ਬੁੱਲਜ਼ ਹਨ।

ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨੀਲੀ ਰਾਵੀ ਲਈ ਪੈਡੀਗਿਰੀ ਸਿਲੈਕਸ਼ਨ ਅਤੇ ਮੁਰ੍ਹਾ ਤੇ ਸਾਹੀਵਾਲ ਲਈ ਪ੍ਰੋਜਨੀ ਟੈਸਟਿੰਗ (ਪੀ.ਟੀ) ਪ੍ਰਾਜੈਕਟ ਸ਼ੁਰੂ ਕੀਤੇ ਹਨ। ਇਹ ਪ੍ਰਾਜੈਕਟ ਰਾਸ਼ਟਰੀ ਗੋਕੁਲ ਮਿਸ਼ਨ ਤਹਿਤ ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐਨ.ਡੀ.ਡੀ.ਬੀ.) ਰਾਹੀਂ ਮੁਰ੍ਹਾ, ਸਾਹੀਵਾਲ ਅਤੇ ਨੀਲੀ ਰਾਵੀ ਨਸਲਾਂ ਦੇ ਜੈਨੇਟਿਕ ਗੁਣਾਂ ਨੂੰ ਸੁਧਾਰਨ ’ਤੇ ਕੇਂਦਰਿਤ ਹਨ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੀ.ਟੀ.-ਮੁਰ੍ਹਾ ਪ੍ਰਾਜੈਕਟ ਪਟਿਆਲਾ, ਬਰਨਾਲਾ ਅਤੇ ਸੰਗਰੂਰ ਜ਼ਿਲਿ੍ਹਆਂ ਵਿੱਚ ਲਾਗੂ ਕੀਤਾ ਗਿਆ ਹੈ ਜਦੋਂਕਿ ਪੀ.ਟੀ.-ਸਾਹੀਵਾਲ ਪ੍ਰਾਜੈਕਟ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲਿ੍ਹਆਂ ਵਿੱਚ ਲਾਗੂ ਹੈ। ਇਸਦੇ ਨਾਲ ਹੀ ਪੀ.ਐਸ.-ਨੀਲੀ ਰਾਵੀ ਪ੍ਰਾਜੈਕਟ ਪੰਜਾਬ ਦੇ ਅੰਮ੍ਰਿਤਸਰ, ਤਰਨ ਤਾਰਨ ਅਤੇ ਫਿਰੋਜ਼ਪੁਰ ਜ਼ਿਲਿ੍ਹਆਂ ਵਿੱਚ ਲਾਗੂ ਹੈ।

ਉਨ੍ਹਾਂ ਅੱਗੇ ਦੱਸਿਆ ਕਿ 2019-26 ਤੱਕ ਇਨ੍ਹਾਂ ਪ੍ਰਾਜੈਕਟਾਂ ਦਾ ਕੁੱਲ ਵਿੱਤੀ ਖਰਚ ਲਗਭਗ 57 ਕਰੋੜ ਰੁਪਏ ਹੈ, ਜਿਸ ਵਿੱਚੋਂ 28.5 ਕਰੋੜ ਰੁਪਏ ਪੀ.ਟੀ.- ਮੁਰ੍ਹਾ ਲਈ, 20.88 ਕਰੋੜ ਰੁਪਏ ਪੀ.ਟੀ.- ਸਾਹੀਵਾਲ ਲਈ ਅਤੇ 7.55 ਕਰੋੜ ਰੁਪਏ ਪੀ.ਐਸ.-ਨੀਲੀ ਰਾਵੀ ਪ੍ਰਾਜੈਕਟ ਲਈ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਨ੍ਹਾਂ ਪ੍ਰਾਜੈਕਟਾਂ ਤਹਿਤ ਕੁੱਲ 25.8 ਕਰੋੜ ਰੁਪਏ ਦੇ ਫੰਡਾਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ ਸੂਬੇ ਦੇ ਇਨ੍ਹਾਂ ਚੋਣਵੇਂ ਜ਼ਿਲਿ੍ਹਆਂ ਵਿੱਚ ਕਿਸਾਨਾਂ ਦੀ ਭਲਾਈ ਲਈ 16.25 ਕਰੋੜ ਰੁਪਏ ਪੀ.ਟੀ.-ਮੁਰ੍ਹਾ, 6.89 ਕਰੋੜ ਰੁਪਏ ਪੀ.ਟੀ.-ਸਾਹੀਵਾਲ ਅਤੇ 2.66 ਕਰੋੜ ਰੁਪਏ ਪੀ.ਐਸ.-ਨੀਲੀ ਰਾਵੀ ਪ੍ਰਾਜੈਕਟਾਂ ਅਧੀਨ ਵਰਤੇ ਗਏ ਹਨ। ਇਨ੍ਹਾਂ ਪ੍ਰਾਜੈਕਟਾਂ ਅਧੀਨ 2019 ਤੋਂ ਹੁਣ ਤੱਕ ਕੁੱਲ 419 ਮੁਰ੍ਹਾ ਨਸਲ, 194 ਸਾਹੀਵਾਲ ਨਸਲ ਅਤੇ 19 ਨੀਲੀ ਰਾਵੀ ਨਸਲ ਦੇ ਚੰਗੇ ਜੈਨੇਟਿਕ ਗੁਣਾਂ ਵਾਲੇ ਝੋਟੇ/ਵੱਛੇ (ਕਾਲਵਜ਼) ਖਰੀਦੇ ਗਏ ਹਨ।

ਮਜ਼ਬੂਤ ਨਿਗਰਾਨ ਅਤੇ ਰਿਕਾਰਡਿੰਗ ਪ੍ਰਣਾਲੀਆਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਪਸ਼ੂਧਨ ਦੇ ਜੈਨੇਟਿਕ ਗੁਣਾਂ ਵਿੱਚ ਸੁਧਾਰ, ਦੁੱਧ ਉਤਪਾਦਨ ਵਿੱਚ ਵਾਧੇ, ਗੁਣਵੱਤਾ ਵਿੱਚ ਸੁਧਾਰ ਜ਼ਰੀਏ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਦਿਆਂ ਪੰਜਾਬ ਦੇ ਡੇਅਰੀ ਸੈਕਟਰ ਦੀ ਮਜ਼ਬੂਤੀ ਲਈ ਬੇਹੱਦ ਅਹਿਮ ਹਨ।

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨੇ ਕਿਹਾ ਕਿ ਵਿਭਾਗ ਨੇ ਪੰਜਾਬ ਨੂੰ ਕਿਸਾਨਾਂ ਦੀ ਤਰੱਕੀ ਲਈ ਇੱਕ ਮਿਸਾਲੀ ਸੂਬੇ ਵਜੋਂ ਸਥਾਪਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧੇ ਲਈ ਡੇਅਰੀ ਪਸ਼ੂਧਨ ਦੀਆਂ ਪ੍ਰਜਣਨ ਅਤੇ ਦੁੱਧ ਚੁਆਈ ਸਮੇਤ ਵੱਖ-ਵੱਖ ਗਤੀਵਿਧੀਆਂ ਦੀ ਸਹੀ ਨਿਗਰਾਨੀ ਅਤੇ ਰਿਕਾਰਡਿੰਗ ਲਈ ਇੱਕ ਮਜ਼ਬੂਤ ਪ੍ਰਣਾਲੀ ਸਥਾਪਤ ਕੀਤੀ ਹੈ। ਇਹ ਪ੍ਰਾਜੈਕਟ ਸੂਬੇ ਨੂੰ ਡੇਅਰੀ ਵਿਕਾਸ ਦਾ ਧੁਰਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
——–

LEAVE A REPLY

Please enter your comment!
Please enter your name here