ਪਹਿਲੀ ਮਈ ਰਾਤ ਭਰ ਦੇ ਨਾਟਕ ਮੇਲੇ ਦੀਆਂ ਤਿਆਰੀਆਂ ਜ਼ੋਰਾਂ ‘ਤੇ

0
28
ਪਹਿਲੀ ਮਈ ਰਾਤ ਭਰ ਦੇ ਨਾਟਕ ਮੇਲੇ ਦੀਆਂ ਤਿਆਰੀਆਂ ਜ਼ੋਰਾਂ ‘ਤੇ
ਉੱਘੇ ਫ਼ਿਲਮਸਾਜ਼ ਡਾਕਟਰ ਰਾਜੀਵ ਕੁਮਾਰ ਦਾ ਸਨਮਾਨ ਕੀਤਾ ਜਾਵੇਗਾ
ਉੱਘੀ ਚਿੰਤਕ ਡਾ ਨਵਸ਼ਰਨ ਦਰਪੇਸ਼ ਚੁਣੋਤੀਆਂ ਤੇ ਚਰਚਾ ਕਰਨਗੇ
ਲੁਧਿਆਣਾ, 16 ਅਪ੍ਰੈਲ, 2024: ਮਜ਼ਦੂਰਾਂ ਦੇ ਕੌਮਾਂਤਰੀ ਮੁਕਤੀ ਦਿਵਸ 1 ਮਈ ਦੀ ਪੂਰੀ ਰਾਤ ਸ਼ਾਮ 7 ਵਜੇ ਤੋਂ ਅਗਲੀ ਸਵੇਰ ਤਕ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬ ਲੋਕ ਸੱਭਿਆਚਾਰ ਮੰਚ ਵਲੋ ਮਨਾਈ ਜਾਂਦੀ ਕਲਾ ਤੇ ਕਿਰਤ ਦੇ ਇਨਕਲਾਬੀ ਜਸ਼ਨ ਦੀ ਰਾਤ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਨਾਟਕਾਂ, ਗੀਤਾਂ, ਕੋਰੀਓਗਰਾਫੀਆਂ, ਕਵਿਤਾਵਾਂ, ਪੁਸਤਕ ਪ੍ਰਦਰਸ਼ਨੀਆਂ ਨਾਲ ਸਰੋਤਿਆਂ ਨੂੰ ਹਨੇਰਿਆਂ ਖ਼ਿਲਾਫ਼ ਡੱਟਣ ਦਾ ਸੱਦਾ ਦਿੰਦੀ ਮਈ ਦੀ ਰਾਤ ਚੇਤਿਆਂ ‘ਚ ਪੱਕੇ ਤੋਰ ਤੇ ਵਸੀ ਯਾਦਗਾਰੀ ਰਾਤ ਹੈ।
ਲੁਧਿਆਣਾ ਵਿਖੇ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਚੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸਾਮਲ ਹੋਏ। ਜਥੇਬੰਦੀਆਂ ਨੇ ਸਮਾਗਮ ਦੀ ਸਫਲਤਾ ਲਈ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਸਹਾਇਕ ਸਕਤਰ ਹਰਕੇਸ਼ ਚੋਧਰੀ ਨੇ ਦੱਸਿਆ ਕਿ ਨਾਟਕ ਤੇ ਗੀਤ-ਸੰਗੀਤ ਮੇਲੇ ‘ਚ ਨਾਟਕ ਤੇ ਗੀਤ ਸੰਗੀਤ ਟੀਮਾਂ ਫਾਸ਼ੀਵਾਦ, ਸਾਮਰਾਜੀ ਜੰਗਾਂ, ਔਰਤ ਵਰਗ ਦੀ ਹੋਣੀ, ਜਮਹੂਰੀਅਤ ਦਾ ਘਾਣ, ਨੋਜਵਾਨੀ ਦਾ ਦੇਸ਼ਬਦਰ ਹੋਣਾ ਆਦਿ ਵਿਸ਼ਿਆਂ ਤੇ ਪੇਸ਼ਕਾਰੀਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਚ ਲੋਕ ਕਲਾ ਵਿਸੇਸ਼ਕਰ ਫਿਲਮਾਂ ਨੂੰ , ਸਮਾਜ ਦੇ ਹਾਸ਼ੀਆਗ੍ਰਸਤ ਤੇ ਵੰਚਿਤ ਲੋਕਾਂ ਦੇ ਦਰਾਂ ਤੇ ਲੈ ਕੇ ਜਾਣ ਵਾਲੇ ਨਾਬਰ ਤੇ ਚੰਮ ਵਰਗੀਆਂ ਚਰਚਿਤ ਫਿਲਮਾਂ ਦੇ ਨਾਮਵਰ ਫ਼ਿਲਮਸਾਜ਼ ਡਾ ਰਾਜੀਵ ਕੁਮਾਰ ਨੂੰ ਉਨਾਂ ਦੀ ਸ਼ਾਨਦਾਰ ਦੇਣ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ।
ਇਸ ਸਮਾਗਮ ਚ ਨਾਮਵਰ ਨਿਰਦੇਸ਼ਕ ਰਾਜਵਿੰਦਰ ਸਮਰਾਲਾ, ਸੁਰਿੰਦਰ ਸ਼ਰਮਾ, ਜਸਵਿੰਦਰ ਪੱਪੀ, ਡਾ. ਸੋਮਪਾਲ ਹੀਰਾ ਸਤ ਪਾਲ ਬੰਗਾ ਅਪਨੀਆਂ ਸ਼ਾਨਦਾਰ ਨਾਟ ਰਚਨਾਵਾਂ ਦੀ ਪੇਸ਼ਕਾਰੀ ਕਰਨਗੇ। ਰਾਮ ਕੁਮਾਰ ਭਦੋੜ, ਜਗਸੀਰ ਜੀਦਾ, ਧਰਮਿੰਦਰ ਮਸਾਣੀ ਗੀਤ ਸੰਗੀਤ ਰਾਹੀਂ ਲੋਕ ਚੇਤਨਾ ਦਾ ਛੱਟਾ ਦੇਣਗੇ।‌ ਮਰਹੂਮ ਕਲਾਕਾਰਾਂ ਨਾਟਕਕਾਰ ਮਾਸਟਰ ਤਰਲੋਚਨ, ਚਿੰਤਕ  ਬਾਰੂ ਸਤਵਰਗ, ਕਹਾਣੀਕਾਰ ਸੁਖਜੀਤ, ਕਵੀਸ਼ਰ ਅਮਰਜੀਤ ਪਰਦੇਸੀ, ਰੰਗਕਰਮੀ ਵਿਕਰਮ ਦੀ ਲੋਕ ਸਾਹਿਤ ਸੱਭਿਆਚਾਰ ਲਈ ਅਮੁੱਲੀ ਦੇਣ ਨੂੰ ਸਿਜਦਾ ਕੀਤਾ ਜਾਵੇਗਾ। ਉੱਘੀ ਚਿੰਤਕ ਡਾ. ਨਵਸ਼ਰਨ ਅਤੇ ਮੰਚ ਪ੍ਰਧਾਨ ਅਮੋਲਕ ਸਿੰਘ ਮੋਜੂਦਾ ਚੁਣੌਤੀਆਂ ਦੀ ਚਰਚਾ ਕਰਨਗੇ। ਉਨਾਂ ਸਮੂਹ ਅਗਾਂਹਵਧੂ ਲੋਕਾਂ ਨੂੰ ਇਸ ਰਾਤ ਭਰ ਦੇ ਸਮਾਗਮ ‘ਚ ਪੁੱਜਣ ਦੀ ਜ਼ੋਰਦਾਰ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here