ਪਿਤਾ ਦੇ ਨਕਸ਼ੇ ਕਦਮ ’ਤੇ ਚਲਦਿਆਂ ਜਸ਼ਨਦੀਪ ਬਣਿਆ ਨੀਟ ਵਿਚੋਂ ਜਿਲ੍ਹੇ ਦਾ ਟਾਪਰ

0
386

* ਪੂਰੇ ਭਾਰਤ ‘ਚੋਂ 16 ਲੱਖ ਵਿਦਿਆਰਥੀਆਂ ਵਿੱਚੋਂ 2016ਵਾਂ ਰੈਂਕ ਪ੍ਰਾਪਤ ਕਰਕੇ ਕੀਤਾ ਮਾਣ ਹਾਸਲ
ਚੋਹਲਾ ਸਾਹਿਬ/ਤਰਨਤਾਰਨ, (ਰਾਕੇਸ਼ ਨਈਅਰ) -ਆਪਣੀ ਮਿਹਨਤ,ਲਗਨ,ਇਮਾਨਦਾਰੀ ਅਤੇ ਮਜ਼ਬੂਤ ਇਰਾਦਿਆਂ ਨਾਲ ਜਿੰਦਗੀ ਦੇ ਲਮੇਰੇ ਪੈਂਡੇ ਤੈਅ ਕਰਨ ਵਾਲੇ ਸ.ਅਮਰਜੀਤ ਸਿੰਘ ਬੁੱਘਾ ਲਈ ਅੱਜ ਉਹ ਪਲ ਜਿੰਦਗੀ ਦੇ ਸੁਨਿਹਰੇ ਪਲਾਂ ਵਿੱਚ ਬਦਲ ਗਏ ਜਦੋਂ ਉਹਨਾਂ ਦੇ ਬੇਟੇ ਜਸ਼ਨਦੀਪ ਸਿੰਘ ਸੱਪਲ ਨੇ ਨੀਟ 2021 ਦੀ ਪ੍ਰੀਖਿਆ ਵਿੱਚ ਪੂਰੇ ਭਾਰਤ ਵਿੱਚੋਂ ਲਗਭਗ 16 ਲੱਖ ਵਿਦਿਆਰਥੀਆਂ ਵਿੱਚੋ 2016ਵਾਂ ਰੈਂਕ ਪ੍ਰਾਪਤ ਕਰਕੇ ਜਿਲ੍ਹਾ ਤਰਨ ਤਾਰਨ ਵਿੱਚੋਂ ਪਹਿਲੀ ਪੁਜੀਸ਼ਨ ਹਾਸਲ ਕਰਕੇ ਆਪਣੇ ਅਧਿਆਪਕਾਂ ਅਤੇ ਨੈਸ਼ਨਲ ਐਵਾਰਡੀ ਅਧਿਆਪਕ ਪਿਤਾ ਸ.ਅਮਰਜੀਤ ਸਿੰਘ ਅਤੇ ਮਾਤਾ ਮਨਦੀਪ ਕੌਰ ਦਾ ਨਾਮ ਰੌਸ਼ਨ ਕੀਤਾ ਹੈ।ਹੁਣ ਜਸ਼ਨਦੀਪ ਆਲ ਇੰਡੀਆ ਕੋਟੇ ਵਿਚ ਮੈਡੀਕਲ ਦੀ ਪੜਾਈ ਕਰੇਗਾ। ਜਸ਼ਨਦੀਪ ਸਿੰਘ ਨੇ ਆਪਣੀ ਦਸਵੀਂ ਦੀ ਪੜ੍ਹਾਈ ਸੇਂਟ ਫਰਾਂਸਿਸ ਸਕੂਲ ਤਰਨ ਤਾਰਨ ਤੋਂ 96.4 ਅਤੇ ਬਾਰ੍ਹਵੀਂ ਮੈਡੀਕਲ ਦੀ ਪੜ੍ਹਾਈ ਸਿਧਾਣਾ ਇੰਟਰਨੈਸ਼ਨਲ ਸਕੂਲ ਤੋਂ 94.8 ਪ੍ਰਤੀਸ਼ਤ ਅੰਕਾਂ ਨਾਲ ਹਾਸਿਲ ਕੀਤੀ ਸੀ।ਜਸਨਦੀਪ ਦੇ ਪਿਤਾ ਸ.ਅਮਰਜੀਤ ਸਿੰਘ ਨੇ ਦੱਸਿਆ ਕਿ ਜਸ਼ਨਦੀਪ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਅਤੇ ਟਾਪਰ ਰਿਹਾ ਹੈ। ਜਸ਼ਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਉੱਚੇ ਰੈਂਕ ਵਾਲੇ ਕਾਲਜ ਤੋਂ ਕਾਰਡੀਓਲੋਜੀ ਦੀ ਪੜ੍ਹਾਈ ਤੋਂ ਬਾਅਦ ਐਮਡੀ ਦੀ ਪੜਾਈ ਵੀ ਕਰੇਗਾ। ਜਿਕਰਯੋਗ ਹੈ ਕਿ ਜਸ਼ਨਦੀਪ ਸਿੰਘ ਦੇ ਪਿਤਾ ਸ.ਅਮਰਜੀਤ ਸਿੰਘ ਨੈਸ਼ਨਲ ਐਵਾਰਡੀ ਅਧਿਆਪਕ ਵੀ ਆਪਣੇ ਸਮੇਂ ਦੇ 1994-96 ਬੈਚ ਦੇ ਪੰਜਾਬ ਟਾਪਰ ਰਹਿ ਚੁੱਕੇ ਹਨ ਅਤੇ ਇਹ ਮਿਹਨਤ ਦੀ ਗੁੜਤੀ ਉਸਨੂੰ ਆਪਣੇ ਵਿਰਸੇ ਵਿਚੋਂ ਹੀ ਮਿਲੀ ਹੈ। ਜਸ਼ਨਦੀਪ ਸਿੰਘ ਦੇ ਪਿਤਾ ਅਮਰਜੀਤ ਸਿੰਘ ਇਸ ਸਮੇਂ ਸਰਕਾਰੀ ਐਲੀਮੈਂਟਰੀ ਸਕੂਲ ਅਲਾਦੀਨਪੁਰ ਵਿਖੇ ਤਾਇਨਾਤ ਹਨ ਅਤੇ ਆਪਣੀ ਮਿਹਨਤ ਅਤੇ ਲਗਨ ਨਾਲ ਸਕੂਲ ਨੂੰ ਸ਼ਾਨਦਾਰ ਬੁਲੰਦੀਆਂ ਤੱਕ ਪਹੁੰਚਾਇਆ ਹੈ। ਜਸ਼ਨਦੀਪ ਸਿੰਘ ਦੀ ਭੈਣ ਅਵਲਦੀਪ ਕੌਰ ਵੀ ਆਪਣੇ ਸਮੇਂ ਸੇਂਟ ਫਰਾਂਸਿਸ ਸਕੂਲ ਦੀ ਟਾਪਰ ਰਹੀ ਹੈ ਅਤੇ ਇਸ ਸਮੇਂ ਕੈਨੇਡਾ ਵਿੱਚ ਉਚੇਰੀ ਸਿੱਖਿਆ ਹਾਸਲ ਕਰ ਰਹੀ ਹੈ। ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਸ.ਜਸਵਿੰਦਰ ਸਿੰਘ ਸੰਧੂ ਨੇ ਸ.ਅਮਰਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਪਣੀ ਮਿਹਨਤ ਦੇ ਬਲਬੂਤੇ ਇਸ ਮੁਕਾਮ ’ਤੇ ਪਹੁੰਚਣ ਵਾਲੇ ਜਸ਼ਨਦੀਪ ਸਿੰਘ ਨੇ ਜੋ ਮੁਕਾਮ ਹਾਸਿਲ ਕੀਤਾ ਹੈ ਉਹ ਸਿਰਫ਼ ਤੇ ਸਿਰਫ਼ ਮਿਹਨਤ,ਇਮਾਨਦਾਰੀ ਅਤੇ ਲਗਨ ਨਾਲ ਹੀ ਹਾਸਿਲ ਕੀਤਾ ਜਾ ਸਕਦਾ ਹੈ। ਸ.ਜਸਵਿੰਦਰ ਸਿੰਘ ਨੇ ਕਿਹਾ ਕਿ ਉਹ ਬੱਚਿਆਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦੇ ਹਨ। ਇਸ ਸਮੇਂ ਸ. ਅਮਰਜੀਤ ਸਿੰਘ ਨੂੰ ਉਹਨਾਂ ਦੇ ਦੋਸਤਾਂ,ਮਿੱਤਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਲਗਾਤਾਰ ਵਧਾਈ ਸੰਦੇਸ਼ ਦਿੱਤੇ ਜਾ ਰਹੇ ਹਨ ।

LEAVE A REPLY

Please enter your comment!
Please enter your name here