* ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਕੀਤਾ ਪਾਰਟੀ ’ਚ ਸ਼ਾਮਲ
ਦੀਨਾਨਗਰ, (ਸਰਬਜੀਤ ਸਾਗਰ)-ਪੰਜਾਬ ਸਰਕਾਰ ਵੱਲੋਂ ਸੂਬੇ ਦੀ ਜਨਤਾ ਦੇ ਹਿੱਤ ’ਚ ਲਏ ਜਾ ਰਹੇ ਫ਼ੈਸਲਿਆਂ ਅਤੇ ਕੈਬਨਿਟ ਮੰਤਰੀ ਅਰੁਨਾ ਚੌਧਰੀ ਦੇ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਿੰਡੀ ਰੰਗੜਾ ਦੇ 25 ਪਰਿਵਾਰਾਂ ਨੇ ਅੱਜ ਭਾਜਪਾ ਨੂੰ ਅਲਵਿਦਾ ਆਖਦਿਆਂ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਇਨ੍ਹਾਂ ਪਰਿਵਾਰਾਂ ਨੂੰ ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਧਰੀ ਨੇ ਇੱਕ ਸਮਾਗਮ ਦੌਰਾਨ ਹਾਰ ਪਹਿਨਾ ਕੇ ਕਾਂਗਰਸ ਪਾਰਟੀ ’ਚ ਸ਼ਾਮਲ ਕੀਤਾ। ਪਰਿਵਾਰ ਮੁਖੀਆਂ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਚੱਲਦੇ ਆ ਰਹੇ ਸਨ ਪਰ ਇਸ ਪਾਰਟੀ ਤੋਂ ਹੁਣ ਕਿਸੇ ਨੂੰ ਕੋਈ ਆਸ ਨਹੀਂ ਰਹੀ। ਜਿਸ ਕਾਰਨ ਉਨ੍ਹਾਂ ਨੇ ਪੰਜਾਬ ਦੇ ਹਿੱਤਾਂ ਲਈ ਕੰਮ ਕਰਨ ਵਾਲੀ ਕਾਂਗਰਸ ਪਾਰਟੀ ਨਾਲ ਚੱਲਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ’ਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਧੀਆ ਕੰਮ ਕਰ ਕੇ ਸ਼ਲਾਘਾ ਖੱਟ ਰਹੇ ਹਨ ਉੱਥੇ ਦੀਨਾਨਗਰ ਹਲਕੇ ਅੰਦਰ ਕੈਬਨਿਟ ਮੰਤਰੀ ਅਰੁਨਾ ਚੌਧਰੀ ਦੇ ਕੰਮਾਂ ਦੀਆਂ ਸਿਫ਼ਤਾਂ ਹਰ ਕੋਈ ਕਰ ਰਿਹਾ ਹੈ। ਜਿਸਦੀ ਵਜ੍ਹਾ ਕਾਰਨ ਉਹ ਅੱਜ ਕਾਂਗਰਸ ਪਾਰਟੀ ਦੇ ਹੋਏ ਹਨ ਅਤੇ ਅੱਜ ਤੋਂ ਆਪਣੇ ਹਲਕੇ ਅੰਦਰ ਮੈਡਮ ਅਰੁਨਾ ਚੌਧਰੀ ਦਾ ਸਾਥ ਦੇਣਗੇ। ਇਸ ਮੌਕੇ ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਧਰੀ ਨੇ ਭਾਜਪਾ ਪਰਿਵਾਰਾਂ ਦਾ ਕਾਂਗਰਸ ’ਚ ਸਵਾਗਤ ਕਰਦਿਆਂ ਉਨ੍ਹਾਂ ਦੇ ਇਸ ਫ਼ੈਸਲ ਨੂੰ ਸਹੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੀਨਾਨਗਰ ਹਲਕੇ ਅੰਦਰ ਪਿਛਲੇ ਪੌਣੇ ਪੰਜ ਸਾਲਾਂ ਦੌਰਾਨ ਵਿਕਾਸ ਦਾ ਜਿੰਨਾ ਕੰਮ ਅਰੁਨਾ ਚੌਧਰੀ ਨੇ ਕਰਵਾਇਆ ਹੈ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਸਮੂਹ ਪਰਿਵਾਰ ਮੁਖੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਕਾਂਗਰਸ ਪਾਰਟੀ ’ਚ ਪੂਰਾ ਮਾਣ ਸਨਮਾਨ ਹੋਵੇਗਾ ਅਤੇ ਪਿੰਡੀ ਰੰਗੜਾ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ। ਇਸ ਮੌਕੇ ਕਾਂਗਰਸ ’ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ’ਚ ਪ੍ਰਭਾਤ ਸਿੰਘ, ਤਰਸੇਮ ਸਿੰਘ, ਜਗਦੀਸ਼ ਸਿੰਘ, ਸੁਰਜੀਤ ਸਿੰਘ, ਫ਼ੌਜੀ ਓਂਕਾਰ ਸਿੰਘ, ਟਿੰਕੂ, ਮੋਹਿਤ ਮਿਨਹਾਸ, ਅਨਿਕੇਤ, ਗੁਰਜੰਟ ਸਿੰਘ, ਪ੍ਰਨੀਤ ਸਿੰਘ, ਹਨੀ ਸਿੰਘ, ਸੰਦੀਪ ਸਿੰਘ, ਕਾਬਲ ਸਿੰਘ, ਸੰਸਾਰ ਸਿੰਘ, ਸ਼ੀਤੋ ਸ਼ਰਮਾ ਅਤੇ ਸੁਰਜੀਤ ਸ਼ਰਮਾ ਦੇ ਨਾਂ ਪ੍ਰਮੁੱਖ ਹਨ। ਇਸ ਮੌਕੇ ਪਿੰਡ ਦੇ ਸਰਪੰਚ ਸੱਤਪਾਲ, ਜ਼ੋਨ ਇੰਚਾਰਜ ਹਰਪਾਲ ਸਿੰਘ ਜੋਗਰ, ਵਰਿੰਦਰ ਸਿੰਘ ਨੌਸ਼ਹਿਰਾ, ਬਲਾਕ ਸੰਮਤੀ ਮੈਂਬਰ ਪ੍ਰਵੀਨ ਸਿੰਘ, ਨੰਬਰਦਾਰ ਬਚਨ ਸਿੰਘ, ਜਗਦੀਸ਼ ਸਿੰਘ, ਸਰਪੰਚ ਸੁਰੇਸ਼ ਕੁਮਾਰ ਬਾਲਾਪਿੰਡੀ ਅਤੇ ਪੀਐਸਓ ਗੁਲਜ਼ਾਰ ਸਿੰਘ ਵੀ ਹਾਜ਼ਰ ਸਨ।
Boota Singh Basi
President & Chief Editor